Doctor Murder : ਬਟਾਲਾ 'ਚ ਆਰਐਮਪੀ ਡਾਕਟਰ ਦਾ ਕਤਲ, ਸਟੋਰ ਤੋਂ ਘਰ ਜਾਂਦੇ ਸਮੇਂ ਅਣਪਛਾਤਿਆਂ ਨੇ ਮਾਰੀਆਂ ਗੋਲੀਆਂ
Doctor Murder in Batala : ਬਟਾਲਾ ਦੇ ਨਜ਼ਦੀਕ ਪਿੰਡ ਕੈਲੇ ਕਲਾਂ 'ਚ ਆਰਐਮਪੀ ਡਾਕਟਰ ਵਜੋਂ ਮੈਡੀਕਲ ਸਟੋਰ ਚਲਾ ਰਹੇ ਰਘਬੀਰ ਸਿੰਘ ਮੇਜਰ ਦਾ ਬੀਤੀ ਰਾਤ ਉਸ ਵੇਲੇ ਗੋਲੀ ਮਾਰ ਕਤਲ (RMP Doctor Murder) ਕਰ ਦਿੱਤਾ ਗਿਆ, ਜਦ ਉਹ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੇ ਕਲੀਨਿਕ ਤੋਂ ਵਾਪਸ ਬਟਾਲਾ ਵੱਲ ਘਰ ਆ ਰਿਹਾ ਸੀ, ਉੱਥੇ ਹੀ ਇਹ ਵਾਰਦਾਤ ਅੰਮ੍ਰਿਤਸਰ-ਪਠਾਨਕੋਟ ਨੈਸ਼ਨਲ ਹਾਈਵੇ 'ਤੇ ਵਾਪਰੀ ਅਤੇ ਦੇਰ ਰਾਤ ਪੁਲਿਸ (Batala Police) ਵੱਲੋਂ ਇਸ ਮਾਮਲੇ 'ਚ ਮ੍ਰਿਤਕ ਦੇ ਬੇਟੇ ਦੇ ਬਿਆਨਾਂ ਤਹਿਤ 6 ਲੋਕਾਂ ਖਿਲਾਫ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਮ੍ਰਿਤਕ ਰਘਬੀਰ ਸਿੰਘ ਉਰਫ ਮੇਜਰ (55 ਸਾਲ) ਵਾਸੀ ਹਰਨਾਮ ਨਗਰ ਬਟਾਲਾ ਦਾ ਪੋਸਟਮਾਰਟਮ ਬਟਾਲਾ ਦੇ ਸਿਵਿਲ ਹਸਪਤਾਲ 'ਚ ਹੋ ਰਿਹਾ ਹੈ ਅਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਪਿਛਲੇ 30 ਸਾਲ ਤੋਂ ਪਿੰਡ ਕੈਲੇ ਕਲਾਂ 'ਚ ਮੈਡੀਕਲ ਸਟੋਰ ਤੇ ਕਲੀਨਿਕ ਚਲਾਉਂਦਾ ਆ ਰਿਹਾ ਸੀ ਅਤੇ ਬੀਤੀ ਰਾਤ ਵੇਲੇ ਜਦ ਉਹ ਆਪਣੇ ਬੁਲਟ ਮੋਟਰਸਾਈਕਲ ਤੇ ਸਵਾਰ ਹੋ ਕੇ ਕੈਲੇ ਕਲਾਂ ਤੋਂ ਵਾਪਸ ਬਟਾਲਾ ਨੂੰ ਆ ਰਿਹਾ ਸੀ, ਤਾਂ ਸਤਕੋਹਾ ਮੋੜ ਨੇੜੇ ਪੁੱਜਾ ਤਾਂ ਪਿੱਛੋਂ ਅਣਪਛਾਤਿਆਂ ਨੇ ਗੋਲੀ ਮਾਰ ਦਿੱਤੀ, ਜਿਸ ਨਾਲ ਉਹ ਸੜਕ 'ਤੇ ਡਿੱਗ ਪਿਆ ਅਤੇ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਉਹਨਾਂ ਨੂੰ ਰੰਜਿਸ਼ ਦੇ ਚਲਦਿਆਂ ਮੇਜਰ ਸਿੰਘ ਦਾ ਕਤਲ ਕੀਤੇ ਜਾਣ ਦਾ ਖਦਸ਼ਾ ਹੈ।
ਉਧਰ, ਬਟਾਲਾ ਪੁਲਿਸ ਦੇ ਡੀਐਸਪੀ ਪਰਮਵੀਰ ਸਿੰਘ ਨੇ ਦਸਿਆ ਕਿ ਪੁਲਿਸ ਵੱਲੋਂ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਮ੍ਰਿਤਕ ਦੇ ਬੇਟੇ ਦੇ ਬਿਆਨਾਂ ਤੇ ਕੇਸ ਦਰਜ ਕਰ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਗੰਭੀਰਤਾ ਨਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
- PTC NEWS