Zirakpur News : ਢਕੋਲੀ ’ਚ ਸੁਨਿਆਰੇ ਦੀ ਦੁਕਾਨ ’ਚੋਂ ਕਰੋੜਾਂ ਦੇ ਗਹਿਣੇ ਲੁੱਟ ਕੇ ਫਰਾਰ ਹੋਏ ਲੁਟੇਰੇ, ਪੁਲੀਸ ਵੱਲੋਂ ਜਾਂਚ ਸ਼ੁਰੂ
Zirakpur News : ਇਥੋਂ ਦੀ ਢਕੋਲੀ ਮੁੱਖ ਸੜਕ ’ਤੇ ਸਥਿਤ ਗੋਵਿੰਦ ਜਵੈਲਰਜ਼ ਤੋਂ 2 ਮੋਟਰਸਾਈਕਲ ਲੁਟੇਰੇ ਦਿਨ-ਦਿਹਾੜੇ ਕਰੋੜਾਂ ਰੁਪਏ ਦੇ ਗਹਿਣੇ ਲੁੱਟ ਕੇ ਫ਼ਰਾਰ ਹੋ ਗਏ। ਗੋਵਿੰਦ ਜਵੈਲਰਜ਼ ਦੇ ਮਾਲਕ ਸੁਰਿੰਦਰ ਕਵਾਤੜਾ ਨੇ ਦੱਸਿਆ ਕਿ ਸੋਨੇ ਦੀ ਚੇਨ ਦੇਖਣ ਆਏ ਦੋ ਨੌਜਵਾਨ ਦੋ ਕਿਲੋ ਸੋਨਾ ਅਤੇ ਵੀਹ ਕਿਲੋ ਚਾਂਦੀ ਦੇ ਗਹਿਣੇ ਲੁੱਟ ਕੇ ਲੈ ਗਏ। ਪੁਲੀਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਐਸ.ਪੀ. ਜ਼ੀਰਕਪੁਰ ਜਸਪਿੰਦਰ ਸਿੰਘ ਗਿੱਲ ਅਤੇ ਭਾਰੀ ਪੁਲੀਸ ਫੋਰਸ ਨੇ ਸੂਚਨਾ ਮਿਲਣ ਮਗਰੋਂ ਮੌਕੇ ਦਾ ਦੌਰਾ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ਹਿਰ ਵਿੱਚ ਦਿਨ ਦਿਹਾੜੇ ਹੋਈ ਲੁੱਟ ਦੀ ਵਾਰਦਾਤ ਨਾਲ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਢਕੋਲੀ ਖੇਤਰ ਵਿੱਚ ਹਰਮੀਟੇਜ਼ ਪਾਰਕ ਸੁਸਾਇਟੀ ਦੇ ਨੇੜੇ ਸਥਿਤ ਗੋਵਿੰਦ ਜਵੈਲਰਜ਼ ਦੇ ਮਾਲਕ ਸੁਰਿੰਦਰ ਕਵਾਤਰਾ ਨੇ ਦੱਸਿਆ ਕਿ ਅੱਜ ਉਹ ਆਪਣੇ ਸ਼ੋਅਰੂਮ ’ਤੇ ਬੈਠੇ ਸੀ। ਇਸ ਦੌਰਾਨ ਸਵੇਰ ਸਵਾ ਗਿਆਰਾਂ ਵਜੇ ਮੋਟਰਸਾਈਕਲ ’ਤੇ 2 ਨੌਜਵਾਨ ਆਏ। ਜਿਨ੍ਹਾਂ ਵਿੱਚ ਇਕ ਸਰਦਾਰ ਅਤੇ ਇਕ ਮੋਨਾ ਨੌਜਵਾਨ ਸੀ ,ਜਿਨ੍ਹਾਂ ਨੇ 70 ਹਜ਼ਾਰ ਰੁਪਏ ਦੀ ਇਕ ਸੋਨੇ ਦੀ ਚੇਨ ਦਿਖਾਉਣ ਲਈ ਕਿਹਾ। ਉਨ੍ਹਾਂ ਨੇ ਡਿਜ਼ਾਈਨ ਪਸੰਦ ਨਾ ਆਉਣ ਦਾ ਬਹਾਨਾ ਲਾ ਕੇ ਗਰਾਊਂਡ ਫਲੌਰ ’ਤੇ ਦੁਕਾਨ ਅਤੇ ਪਹਿਲੀ ਮੰਜਿਲ 'ਤੇ ਸਥਿਤ ਵਰਕਸ਼ਾਪ ਦੀ ਪੂਰੀ ਰੇਕੀ ਕੀਤੀ ਅਤੇ ਥੋੜੀ ਦੇਰ ਬਾਅਦ ਆਉਣ ਦਾ ਕਹਿ ਕੇ ਚਲੇ ਗਏ।
ਇਸ ਤੋਂ ਇਕ ਘੰਟੇ ਮਗਰੋਂ ਕਰੀਬ ਸਵਾ ਬਾਰ੍ਹਾਂ ਵਜੇ ਉਹ ਮੁੜ ਆਏ ,ਜਿਨ੍ਹਾਂ ਨੇ ਆਉਂਦੇ ਹੀ ਚੇਨ ਦਿਖਾਉਣ ਦਾ ਬਹਾਨਾ ਲਾ ਕੇ ਪਹਿਲੀ ਮੰਜਿਲ ’ਤੇ ਉੱਪਰ ਲੈ ਗਏ। ਜਿਥੇ ਉਨ੍ਹਾਂ ਨੇ ਉਸ ਨੂੰ ਬੰਧਕ ਬਣਾ ਲਿਆ ਅਤੇ ਦੁਕਾਨ ਵਿੱਚ ਪਿਆ ਦੋ ਕਿੱਲੋ ਸੋਨਾ ਅਤੇ ਵੀਹ ਕਿੱਲੋ ਚਾਂਦੀ ਦੇ ਗਹਿਣੇ ਲੁੱਟ ਕੇ ਲੈ ਗਏ। ਉਨ੍ਹਾਂ ਨੇ ਦੱਸਿਆ ਕਿ ਇਸਦੀ ਕੀਮਤ ਸਵਾ ਦੋ ਕਰੋੜ ਰੁਪਏ ਦੇ ਕਰੀਬ ਹੈ। ਸੁਰਿੰਦਰ ਕਵਾਤਰਾ ਨੇ ਦੱਸਿਆ ਕਿ ਲੁੱਟੇਰਿਆਂ ਨੇ ਜੇਬ ਵਿੱਚ ਬੰਦੂਕ ਪਾਈ ਹੋਈ ਸੀ ਅਤੇ ਰੌਲਾ ਪਾਉਣ ’ਤੇ ਗੋਲੀ ਮਾਰਨ ਦੀ ਧਮਕੀ ਦਿੱਤੀ।
ਉਨ੍ਹਾਂ ਨੇ ਦੱਸਿਆ ਕਿ ਲੁੱਟੇਰੇ ਜਾਂਦੇ ਹੋਏ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੀ ਡੀਵੀਆਰ ਵੀ ਨਾਲ ਲੈ ਗਏ। ਉਹ ਸ਼ੋਅਰੂਮ ਵਿੱਚ ਪੰਦਰਾਂ ਤੋਂ ਵੀਹ ਮਿੰਟ ਦੇ ਕਰੀਬ ਰੁਕੇ ਅਤੇ ਅਰਾਮ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਫ਼ਰਾਰ ਹੋ ਗਏ। ਸੁਰਿੰਦਰ ਕਵਾਤਰਾ ਦੇ ਲੜਕੇ ਗੋਵਿੰਦਰ ਕਵਾਤਰਾ ਨੇ ਦੱਸਿਆ ਕਿ ਲੁੱਟੇਰਿਆਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਉਸਦੇ ਪਿਤਾ ਬੜੀ ਮੁਸ਼ਕਲ ਨਾਲ ਪਹਿਲੀ ਮੰਜਿਲ ਤੋਂ ਹੇਠਾਂ ਆਏ ਅਤੇ ਉਸ ਨੂੰ ਇਸਦੀ ਜਾਣਕਾਰੀ ਦਿੱਤੀ, ਜਿਸਨੇ ਪੁਲੀਸ ਨੂੰ ਸੂਚਨਾ ਦਿੱਤੀ।
ਐਸ.ਪੀ. ਜਸਪਿੰਦਰ ਸਿੰਘ ਗਿੱਲ ਨੇ ਕਿਹਾ ਕਿ ਸੂਚਨਾ ਮਿਲਣ ਮਗਰੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਕਿਹਾ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਲੁੱਟੇ ਹੋਏ ਸਮਾਨ ਬਾਰੇ ਜਾਂਚ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।
- PTC NEWS