Ronaldo ਵੱਲੋਂ ਆਪਣੀ ਪ੍ਰੇਮਿਕਾ ਜਾਰਜੀਨਾ ਨੂੰ ਪਹਿਨਾਈ ਅੰਗੂਠੀ ਦੀ ਕੀਮਤ ਨੇ ਉਡਾਏ ਹੋਸ਼, 'MS ਧੋਨੀ ਦੀ IPL 2025 ਸੈਲਰੀ ਤੋਂ 10 ਗੁਣਾ ਜ਼ਿਆਦਾ'
Ronaldo Diamond Engagement Ring : ਦੁਨੀਆ ਦੇ ਪ੍ਰਸਿੱਧ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਨੇ ਆਪਣੀ ਲੰਬੇ ਸਮੇਂ ਦੀ ਪ੍ਰੇਮਿਕਾ ਜਾਰਜੀਨਾ ਰੋਡਰਿਗਜ਼ ਨਾਲ ਮੰਗਣੀ ਕਰਵਾ ਲਈ ਹੈ। ਜਾਰਜੀਨਾ ਨੇ ਇੰਸਟਾਗ੍ਰਾਮ 'ਤੇ ਮੰਗਣੀ ਦੀ ਅੰਗੂਠੀ ਦੀ ਇੱਕ ਫੋਟੋ ਸਾਂਝੀ ਕੀਤੀ ਹੈ। ਜਾਰਜੀਨਾ ਨੇ ਆਪਣੇ ਹੱਥ ਅਤੇ ਰੋਨਾਲਡੋ ਦੇ ਹੱਥ ਦੀ ਇੱਕ ਫੋਟੋ ਪੋਸਟ ਕੀਤੀ ਹੈ ਅਤੇ ਕੈਪਸ਼ਨ ਵਿੱਚ ਲਿਖਿਆ ਹੈ, 'ਹਾਂ ਮੈਂ ਤੁਹਾਨੂੰ ਪਿਆਰ ਕਰਦੀ ਹਾਂ। ਇਸ ਜ਼ਿੰਦਗੀ ਵਿੱਚ ਅਤੇ ਆਉਣ ਵਾਲੀ ਹਰ ਜ਼ਿੰਦਗੀ ਵਿੱਚ।' ਹਾਲਾਂਕਿ, ਰੋਨਾਲਡੋ ਨੇ ਅਜੇ ਤੱਕ ਇਸ ਬਾਰੇ ਕੁਝ ਵੀ ਪੋਸਟ ਨਹੀਂ ਕੀਤਾ ਹੈ। ਰੋਨਾਲਡੋ ਨੇ ਆਪਣੀ ਪ੍ਰੇਮਿਕਾ ਨੂੰ ਜੋ ਅੰਗੂਠੀ ਦਿੱਤੀ ਹੈ, ਉਹ ਬਹੁਤ ਚਰਚਾ ਵਿੱਚ ਹੈ।
ਅੰਗੂਠੀ ਦੀ ਕੀਮਤ ਨੇ ਉਡਾਏ ਹੋਸ਼
ਜਾਰਜੀਨਾ ਨੇ ਜੋ ਅੰਗੂਠੀ ਪਹਿਨੀ ਹੈ ,ਉਹ 5 ਸੈਂਟੀਮੀਟਰ ਤੋਂ ਵੱਧ ਲੰਬੀ ਜਾਪਦੀ ਹੈ, ਜਿਸ ਦੇ ਵਿਚਕਾਰ ਇੱਕ ਅੰਡਾਕਾਰ ਆਕਾਰ ਦਾ ਹੀਰਾ ਹੈ। ਖੈਰ, ਅੰਗੂਠੀ ਦੀ ਅਧਿਕਾਰਤ ਕੀਮਤ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਹੀਰੇ ਦੀ ਅੰਗੂਠੀ ਦੀ ਕੀਮਤ 20 ਲੱਖ ਡਾਲਰ ਤੋਂ 50 ਲੱਖ ਡਾਲਰ ਦੇ ਵਿਚਕਾਰ ਹੋਣ ਦੀ ਉਮੀਦ ਹੈ। ਜੋ ਕਿ ਭਾਰਤੀ ਰੁਪਏ ਵਿੱਚ ਲਗਭਗ 16.5 ਕਰੋੜ ਤੋਂ 41 ਕਰੋੜ ਹੋ ਸਕਦੀ ਹੈ।
ਇਸ ਹੀਰੇ ਦੀ ਅੰਗੂਠੀ ਨੇ ਪ੍ਰਸ਼ੰਸਕਾਂ ਵਿੱਚ ਕਾਫ਼ੀ ਉਤਸੁਕਤਾ ਪੈਦਾ ਕਰ ਦਿੱਤੀ ਹੈ, ਬਹੁਤ ਸਾਰੇ ਇਸਦੀ ਕੀਮਤ ਦੀ ਤੁਲਨਾ ਐਮਐਸ ਧੋਨੀ ਦੀ ਆਈਪੀਐਲ ਸੈਲਰੀ ਨਾਲ ਕਰ ਰਹੇ ਹਨ। ਗਹਿਣਿਆਂ ਦੇ ਕੁੱਝ ਮਾਹਰਾਂ ਦਾ ਕਹਿਣਾ ਹੈ ਕਿ ਇਹ ਅੰਗੂਠੀ ਐਮਐਸ ਧੋਨੀ ਦੀ 2025 ਦੇ ਆਈਪੀਐਲ ਸੀਜ਼ਨ ਦੀ ਕਮਾਈ ਨਾਲੋਂ ਲਗਭਗ ਦਸ ਗੁਣਾ ਜ਼ਿਆਦਾ ਮਹਿੰਗੀ ਹੈ। ਇਸ ਰਕਮ ਨਾਲ ਭਾਰਤ ਦੀ ਰਾਜਧਾਨੀ ਦਿੱਲੀ ਵਿੱਚ 35 ਲਗਜ਼ਰੀ ਫਲੈਟ ਖਰੀਦੇ ਜਾ ਸਕਦੇ ਹਨ।
ਐਮਐਸ ਧੋਨੀ ਦੀ ਆਈਪੀਐਲ 2025 ਸੈਲਰੀ
ਚੇਨਈ ਸੁਪਰ ਕਿੰਗਜ਼ ਲਈ ਇੱਕ ਅਨਕੈਪਡ ਖਿਡਾਰੀ ਵਜੋਂ ਖੇਡਦੇ ਹੋਏ ਧੋਨੀ ਨੇ ਆਈਪੀਐਲ 2025 ਵਿੱਚ ₹4 ਕਰੋੜ ਕਮਾਏ। ਬੀਸੀਸੀਆਈ ਦੇ ਨਿਯਮਾਂ ਅਨੁਸਾਰ ਜੋ ਚਾਰ ਸਾਲ ਤੋਂ ਵੱਧ ਸਮੇਂ ਤੱਕ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਐਕਟਿਵ ਨਹੀਂ ਰਹਿਣ ਵਾਲੇ ਖਿਡਾਰੀਆਂ ਲਈ ਹੈ। ਜੇਕਰ ਇਸ ਅੰਗੂਠੀ ਦੀ ਕੀਮਤ ਸੱਚਮੁੱਚ 50 ਲੱਖ ਡਾਲਰ (₹43.8 ਕਰੋੜ) ਹੈ ਤਾਂ ਇਹ ਧੋਨੀ ਦੀ ਆਈਪੀਐਲ 2025 ਦੀ ਸੈਲਰੀ ਤੋਂ ਲਗਭਗ ਦਸ ਗੁਣਾ ਹੈ, ਜਿਸ ਨਾਲ ਇਹ ਦੁਨੀਆ ਦੀ ਸਭ ਤੋਂ ਮਹਿੰਗੀ ਸੇਲਿਬ੍ਰਿਟੀ ਮੰਗਣੀ ਦੀ ਅੰਗੂਠੀਆਂ ਵਿੱਚੋਂ ਇੱਕ ਬਣ ਗਈ ਹੈ।
5 ਬੱਚਿਆਂ ਦਾ ਪਿਓ ਹੈ ਰੋਨਾਲਡੋ
ਜਾਰਜੀਨਾ ਇੱਕ ਸਪੈਨਿਸ਼ ਮਾਡਲ ਅਤੇ ਸੋਸ਼ਲ ਮੀਡੀਆ ਪ੍ਰਭਾਵਕ ਹੈ। ਉਨ੍ਹਾਂ ਦੋਵਾਂ ਦੇ ਚਾਰ ਬੱਚੇ ਹਨ। ਅਵਾ ਮਾਰੀਆ ਅਤੇ ਮਾਟੇਓ ਦਾ ਜਨਮ 2017 ਵਿੱਚ ਸਰੋਗੇਸੀ ਰਾਹੀਂ ਹੋਇਆ ਸੀ। ਇਸ ਦੇ ਨਾਲ ਹੀ 2017 ਵਿੱਚ ਹੀ ਜਾਰਜੀਨਾ ਨੇ ਧੀ ਅਲਾਨਾ ਮਾਰਟੀਨਾ ਅਤੇ 2022 ਵਿੱਚ ਬੇਲਾ ਐਸਮੇਰਾਲਡਾ ਨੂੰ ਜਨਮ ਦਿੱਤਾ। ਇਸ ਤੋਂ ਇਲਾਵਾ ਰੋਨਾਲਡੋ ਦਾ ਇੱਕ ਪੁੱਤਰ ਵੀ ਹੈ। ਕ੍ਰਿਸਟੀਆਨੋ ਰੋਨਾਲਡੋ ਜੂਨੀਅਰ, ਜਿਸਦਾ ਜਨਮ 2010 ਵਿੱਚ ਹੋਇਆ ਸੀ। ਹਾਲ ਹੀ ਵਿੱਚ ਰੋਨਾਲਡੋ ਦੇ ਨਵਜੰਮੇ ਪੁੱਤਰ ਦੀ ਮੌਤ ਹੋ ਗਈ ਸੀ। ਰੋਨਾਲਡੋ ਅਤੇ ਜਾਰਜੀਨਾ ਨੇ ਅਕਤੂਬਰ ਵਿੱਚ ਕਿਹਾ ਸੀ ਕਿ ਉਹ ਜੁੜਵਾਂ ਬੱਚਿਆਂ ਦੇ ਮਾਪੇ ਬਣਨ ਜਾ ਰਹੇ ਹਨ। ਦੋਵਾਂ ਨੇ ਫੋਟੋ ਸਾਂਝੀ ਕੀਤੀ ਅਤੇ ਇਹ ਜਾਣਕਾਰੀ ਦਿੱਤੀ ਸੀ। ਇਨ੍ਹਾਂ ਬੱਚਿਆਂ ਵਿੱਚੋਂ ਇੱਕ ਦਾ ਦੇਹਾਂਤ ਹੋ ਗਿਆ ਸੀ ਅਤੇ ਨਾਲ ਹੀ ਬੇਟੀ ਸੁਰੱਖਿਅਤ ਹੈ।
- PTC NEWS