Mon, Apr 29, 2024
Whatsapp

ਸੰਗਰੂਰ ਲੋਕ ਸਭਾ: AAP ਦਾ ਡਿੱਗਦਾ ਗਿਰਾਫ਼, ਦਾਅ 'ਤੇ CM ਦੀ ਇੱਜ਼ਤ, ਜਾਣੋ ਕੀ ਕਹਿੰਦੇ ਹਨ ਅੰਕੜੇ

2022 'ਚ ਭਾਵੇਂ 'ਆਪ' ਵਿਧਾਨ ਸਭਾ ਚੋਣਾਂ ਜਿੱਤ ਗਈ ਪਰ ਭਗਵੰਤ ਮਾਨ ਵੱਲੋਂ ਅਸਤੀਫਾ ਦੇਣ ਪਿੱਛੋਂ ਹੋਈ ਉਪ ਚੋਣ 'ਚ ਲੋਕਾਂ ਦਾ ਆਮ ਆਦਮੀ ਪਾਰਟੀ ਤੋਂ ਮੋਹ ਭੰਗ ਹੁੰਦਾ ਵੀ ਵਿਖਾਈ ਦਿੱਤਾ, ਜਿਸ ਦੇ ਨਤੀਜੇ ਵੱਜੋਂ ਆਮ ਆਦਮੀ ਪਾਰਟੀ ਨੂੰ ਹਾਰ ਦਾ ਮੂੰਹ ਵੇਖਣਾ ਪਿਆ।

Written by  KRISHAN KUMAR SHARMA -- April 15th 2024 03:14 PM
ਸੰਗਰੂਰ ਲੋਕ ਸਭਾ: AAP ਦਾ ਡਿੱਗਦਾ ਗਿਰਾਫ਼, ਦਾਅ 'ਤੇ CM ਦੀ ਇੱਜ਼ਤ, ਜਾਣੋ ਕੀ ਕਹਿੰਦੇ ਹਨ ਅੰਕੜੇ

ਸੰਗਰੂਰ ਲੋਕ ਸਭਾ: AAP ਦਾ ਡਿੱਗਦਾ ਗਿਰਾਫ਼, ਦਾਅ 'ਤੇ CM ਦੀ ਇੱਜ਼ਤ, ਜਾਣੋ ਕੀ ਕਹਿੰਦੇ ਹਨ ਅੰਕੜੇ

Sangrur Lok Sabha Election Polls 2024: ਪੰਜਾਬ ਵਿੱਚ ਲੋਕ ਸਭਾ ਚੋਣਾਂ ਦੀਆਂ ਅੱਧੀਆਂ ਤੋਂ ਵੱਧ ਸੀਟਾਂ 'ਤੇ ਲਗਭਗ ਸਾਰੀਆਂ ਹੀ ਪਾਰਟੀਆਂ ਨੇ ਆਪਣੇ ਉਮੀਦਵਾਰ ਐਲਾਨ ਦਿੱਤੇ ਹਨ ਅਤੇ ਬਾਕੀ ਇੱਕ-ਦੋ ਦਿਨਾਂ ਅੰਦਰ ਸਾਰੇ ਉਮੀਦਵਾਰਾਂ ਦੀ ਤਸਵੀਰ ਸਾਫ ਹੋਣ ਦੀ ਉਮੀਦ ਹੈ। ਪੰਜਾਬ ਦੀ ਹੌਟ ਸੀਟ ਸੰਗਰੂਰ ਦੀ ਗੱਲ ਕੀਤੀ ਜਾਵੇ ਤਾਂ ਭਾਜਪਾ ਨੂੰ ਛੱਡ ਕੇ ਸਾਰੀਆਂ ਹੀ ਮੁੱਖ ਧਿਰਾਂ ਨੇ ਆਪਣੇ ਉਮੀਦਵਾਰ ਐਲਾਨ ਦਿੱਤੇ ਹਨ। ਦੱਸ ਦਈਏ ਕਿ ਇਸ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਸਿੰਘ ਮਾਨ ਮੌਜੂਦਾ ਮੈਂਬਰ ਪਾਰਲੀਮੈਂਟ ਹਨ, ਜਿਨ੍ਹਾਂ ਨੇ 2022 'ਚ ਉਪ ਚੋਣ 'ਚ ਆਮ ਆਦਮੀ ਪਾਰਟੀ ਨੂੰ ਹਰਾ ਕੇ ਸੰਸਦ 'ਚ ਕਦਮ ਰੱਖਿਆ।

ਦਾਅ 'ਤੇ ਮੁੱਖ ਮੰਤਰੀ ਦੀ ਇੱਜ਼ਤ


ਸੰਗਰੂਰ ਲੋਕ ਸਭਾ ਸੀਟ 'ਤੇ ਇਸ ਵਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਇੱਜ਼ਤ ਦਾਅ 'ਤੇ ਲੱਗੀ ਹੋਈ ਹੈ, ਕਿਉਂਕਿ 2022 'ਚ ਭਾਵੇਂ 'ਆਪ' ਵਿਧਾਨ ਸਭਾ ਚੋਣਾਂ ਜਿੱਤ ਗਈ ਪਰ ਭਗਵੰਤ ਮਾਨ ਵੱਲੋਂ ਅਸਤੀਫਾ ਦੇਣ ਪਿੱਛੋਂ ਹੋਈ ਉਪ ਚੋਣ 'ਚ ਲੋਕਾਂ ਦਾ ਆਮ ਆਦਮੀ ਪਾਰਟੀ ਤੋਂ ਮੋਹ ਭੰਗ ਹੁੰਦਾ ਵੀ ਵਿਖਾਈ ਦਿੱਤਾ, ਜਿਸ ਦੇ ਨਤੀਜੇ ਵੱਜੋਂ ਆਮ ਆਦਮੀ ਪਾਰਟੀ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਇਸ ਚੋਣ ਦੇ ਨਾਲ ਹੀ ਤੀਜੀ ਵਾਰ 'ਚ ਮੁੱਖ ਮੰਤਰੀ ਭਗਵੰਤ ਮਾਨ ਦੀ 2014 'ਚ ਲੋਕ ਸਭਾ ਜਿੱਤ ਤੋਂ ਬਾਅਦ ਵੋਟ ਫ਼ੀਸਦੀ 14 ਪ੍ਰਤੀਸ਼ਤ ਤੋਂ ਵੱਧ ਡਿੱਗ ਗਿਆ।

ਇਨ੍ਹਾਂ ਉਮੀਦਵਾਰਾਂ 'ਚ ਹੋਵੇਗੀ ਚੋਣ ਜੰਗ

2024 ਲੋਕ ਸਭਾ ਚੋਣਾਂ ਲਈ ਉਮੀਦਵਾਰਾਂ 'ਚ ਆਮ ਆਦਮੀ ਪਾਰਟੀ ਨੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਉਤਾਰਿਆ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਇਕਬਾਲ ਸਿੰਘ ਝੂੰਦਾਂ 'ਤੇ ਦਾਅ ਖੇਡਿਆ ਹੈ। ਕਾਂਗਰਸ ਵੱਲੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਟਿਕਟ ਦਿੱਤੀ ਗਈ ਹੈ, ਜਦਕਿ ਭਾਜਪਾ ਵੱਲੋਂ ਅਜੇ ਉਮੀਦਵਾਰ ਦਾ ਨਾਂ ਤੈਅ ਨਹੀਂ ਕੀਤਾ ਗਿਆ, ਪਰ ਚਰਚਾ ਹੈ ਕਿ ਉਹ ਅਰਵਿੰਦ ਖੰਨਾ ਨੂੰ ਇਥੋਂ ਚੋਣ ਲੜਾ ਸਕਦੀ ਹੈ। ਇਸਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਮੌਜੂਦਾ ਮੈਂਬਰ ਪਾਰਲੀਮੈਂਟ ਸਿਮਰਨਜੀਤ ਮਾਨ ਵੀ ਦੁਬਾਰਾ ਚੋਣ ਮੈਦਾਨ ਵਿੱਚ ਹਨ।

ਕਾਂਗਰਸ ਤੇ ਅਕਾਲੀ ਦਲ ਦਾ ਸਭ ਤੋਂ ਵੱਧ ਵਾਰ ਰਿਹਾ ਦਬਦਬਾ

ਜੇਕਰ ਸੰਗਰੂਰ ਹਲਕੇ 'ਚ 1952 ਤੋਂ ਲੈ ਕੇ 2019 ਤੱਕ 17 ਲੋਕ ਸਭਾ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਵਿੱਚ ਕਾਂਗਰਸ ਨੇ 6 ਵਾਰ, 5 ਵਾਰ ਅਕਾਲੀ ਦਲ, ਦੋ ਵਾਰ ਅਕਾਲੀ ਦਲ-ਮਾਨ, ਇੱਕ-ਇੱਕ ਵਾਰ ਸੀਪੀਆਈ, ਏਡੀਐਸ ਅਤੇ 2 ਵਾਰ ਆਮ ਆਦਮੀ ਪਾਰਟੀ ਜੇਤੂ ਨੇ ਜਿੱਤ ਹਾਸਲ ਕੀਤੀ ਹੈ।

ਇਤਿਹਾਸ 'ਚ ਸਿਰਫ਼ ਦੋ ਵਾਰ ਲਗਾਤਾਰ ਜਿੱਤਿਆ ਕੋਈ ਉਮੀਦਵਾਰ

ਜੇਕਰ ਇਸ ਸੀਟ ਦੇ ਇਤਿਹਾਸਿਕ ਪਿਛੋਕੜ ਦੀ ਗੱਲ ਕੀਤੀ ਜਾਵੇ ਤਾਂ ਇਤਿਹਾਸ 'ਚ ਸਿਰਫ਼ 2 ਵਾਰ ਅਜਿਹਾ ਹੋਇਆ ਹੈ ਕਿ ਸੰਗਰੂਰ ਤੋਂ ਲਗਾਤਾਰ ਦੋ ਵਾਰ ਇੱਕੋ ਉਮੀਦਵਾਰ ਚੋਣ ਜਿੱਤਿਆ ਹੋਵੇ, ਜੋ ਕਿ 1996 ਅਤੇ 1998 'ਚ ਸੁਰਜੀਤ ਸਿੰਘ ਬਰਨਾਲਾ ਅਤੇ ਦੂਜੀ ਵਾਰ 2014 ਤੇ 2019 'ਚ ਭਗਵੰਤ ਮਾਨ ਨੇ ਇਸ ਸੀਟ ਤੋਂ ਚੋਣ ਲੜ ਕੇ ਲਗਾਤਾਰ ਜਿੱਤ ਹਾਸਲ ਕੀਤੀ ਸੀ।

ਵੈਸੇ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ 1952 ਵਿੱਚ ਇਸ ਸੀਟ 'ਤੇ ਕਾਂਗਰਸ ਪਾਰਟੀ ਨੇ ਜਿੱਤ ਹਾਸਲ ਕੀਤੀ ਸੀ। ਇਸ ਤੋਂ ਇਲਾਵਾ ਇਸ ਸੀਟ 'ਤੇ ਅਕਾਲੀ ਦਲ, ਕਮਿਊਨਿਸਟ ਪਾਰਟੀ ਅਤੇ ਅਜ਼ਾਦ ਉਮੀਦਵਾਰਾਂ ਨੇ ਵੀ ਜਿੱਤ ਹਾਸਿਲ ਕੀਤੀ ਹੈ।

68 ਫ਼ੀਸਦੀ ਪੇਂਡੂ ਆਬਾਦੀ

ਸੰਗਰੂਰ ਲੋਕ ਸਭਾ 'ਚ 2011 ਦੀ 2011 ਦੀ ਮੁਰਦਸ਼ੁਮਾਰੀ ਮੁਤਾਬਕ ਸਾਖਰਤਾ ਦਰ 60.5 ਫੀਸਦ ਹੈ। ਜੇਕਰ ਪੇਂਡੂ ਖੇਤਰ ਦੀ ਆਬਾਦੀ ਨਾਲ ਵੇਖਿਆ ਜਾਵੇ ਤਾਂ 67.7 ਫੀਸਦ ਅਬਾਦੀ ਪਿੰਡਾਂ ਵਿੱਚ ਅਤੇ 32.3 ਫੀਸਦ ਅਬਾਦੀ ਸ਼ਹਿਰੀ ਹੈ। ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਇਸ ਸੀਟ 'ਤੇ 15,21,748 ਵੋਟਰ ਸਨ, ਜਿਨ੍ਹਾਂ ਵਿਚੋਂ 72.1 ਫੀਸਦ ਨੇ ਆਪਣੇ ਹੱਕ ਦੀ ਵਰਤੋਂ ਕੀਤੀ ਸੀ।

2009 ਤੋਂ 2019 ਤੱਕ ਪਾਰਟੀਆਂ ਦਾ ਵੋਟ ਫ਼ੀਸਦੀ, ਮੁੱਖ ਮੰਤਰੀ ਦਾ ਵੋਟ ਡਿੱਗਿਆ ਵੋਟ ਫ਼ੀਸਦੀ

ਜੇਕਰ ਇਸ ਸੀਟ 'ਤੇ ਜੇਤੂ ਉਮੀਦਵਾਰਾਂ ਦਾ ਵੋਟ ਫ਼ੀਸਦੀ ਦੇਖਿਆ ਜਾਵੇ ਤਾਂ 2009 'ਚ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ 38.52 ਫ਼ੀਸਦੀ ਵੋਟਾਂ ਪਈਆਂ ਸਨ, ਜਦਕਿ ਵਿਰੋਧੀ ਸ਼੍ਰੋਮਣੀ ਅਕਾਲੀ ਦਲ ਨੂੰ 34.13 ਫ਼ੀਸਦੀ ਵੋਟਾਂ ਪਈਆਂ। 2014 ਲੋਕ ਸਭਾ ਚੋਣਾਂ 'ਚ ਆਪ ਦੇ ਭਗਵੰਤ ਮਾਨ 48.7 ਫ਼ੀਸਦੀ, ਜਦਕਿ ਵਿਰੋਧੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ 29.23 ਫੀਸਦੀ ਵੋਟਾਂ ਹੀ ਮਿਲੀਆਂ ਸਨ। ਉਪਰੰਤ 2019 ਦੀਆਂ ਲੋਕ ਸਭਾ ਚੋਣਾਂ 'ਚ ਭਾਵੇਂ ਆਪ ਦੇ ਭਗਵੰਤ ਮਾਨ ਹੀ ਜਿੱਤੇ ਸਨ ਅਤੇ ਵਿਰੋਧੀ ਧਿਰ ਕਾਂਗਰਸ ਦੇ ਉਮੀਦਵਾਰ ਨੂੰ ਸਿਰ 27. 43 ਫ਼ੀਸਦੀ ਵੋਟਾਂ ਹੀ ਮਿਲੀਆਂ। ਪਰ ਇਸ ਚੋਣ ਦੌਰਾਨ ਉਨ੍ਹਾਂ ਦਾ ਵੋਟ ਫ਼ੀਸਦੀ 10 ਫ਼ੀਸਦੀ ਦੇ ਲਗਭਗ ਡਿੱਗ ਗਿਆ।

ਦੂਜੇ ਪਾਸੇ 2019 'ਚ ਕਾਂਗਰਸ ਪਾਰਟੀ ਦਾ ਵੋਟ ਫ਼ੀਸਦੀ ਵੀ 27 ਫ਼ੀਸਦੀ ਤੋਂ ਘੱਟ ਕੇ 11 ਫ਼ੀਸਦੀ ਹੀ ਰਹਿ ਗਿਆ।

ਨਤੀਜੇ ਵੱਜੋਂ 2022 'ਚ ਹੋਈ ਉਪ ਚੋਣ 'ਚ ਆਮ ਆਦਮੀ ਪਾਰਟੀ ਦੇ ਵੋਟ ਫ਼ੀਸਦੀ 'ਚ ਹੋਰ ਗਿਰਾਵਟ ਆਈ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੇ 35.61 ਫ਼ੀਸਦੀ ਵੋਟਾਂ ਹਾਸਲ ਕੀਤੀਆਂ ਅਤੇ ਆਮ ਆਦਮੀ ਪਾਰਟੀ ਦੇ ਗੁਰਮੇਲ ਸਿੰਘ ਨੂੰ 34.79 ਫ਼ੀਸਦੀ ਵੋਟਾਂ ਪਈਆਂ ਸਨ।

3 ਹਲਕੇ ਅਨੁਸੂਚਿਤ ਜਾਤੀ ਨਾਲ ਸਬੰਧਤ

ਸੰਗਰੂਰ ਲੋਕ ਸਭਾ ਹਲਕੇ ਦੇ 9 ਵਿਧਾਨ ਸਭਾ ਹਲਕਿਆਂ ਵਿਚੋਂ 3 ਹਲਕੇ ਅਨੁਸੂਚਿਤ ਜਾਤੀ ਦੇ ਲੋਕਾਂ ਲਈ ਰਾਖਵੇਂ ਹਨ। ਇਨ੍ਹਾਂ 'ਚ ਭਦੌੜ, ਦਿੜ੍ਹਬਾ ਤੇ ਮਹਿਲ ਕਲਾਂ ਸ਼ਾਮਲ ਹਨ, ਜਦਕਿ ਬਾਕੀ 6 ਹਲਕਿਆਂ 'ਚ ਮਲੇਰਕੋਟਲਾ, ਲਹਿਰਾਗਾਗਾ, ਸੰਗਰੂਰ, ਧੂਰੀ, ਸੁਨਾਮ, ਬਰਨਾਲਾ ਸ਼ਾਮਲ ਹਨ।

- PTC NEWS

Top News view more...

Latest News view more...