China Dor Boycott : ਪੰਜਾਬ 'ਚ ਚਾਈਨਾ ਡੋਰ ਦੀ 'ਖੂਨੀ ਖੇਡ' ਜਾਰੀ, ਹੁਣ ਰਾਏਕੋਟ 'ਚ ਗਲਾ ਵੱਢੇ ਜਾਣ ਕਾਰਨ ਸਰਬਜੀਤ ਕੌਰ ਦੀ ਹੋਈ ਮੌਤ
China Dor Boycott : ਹਲੇ ਕਾਤਿਲ ਚਾਈਨਾ ਡੋਰ ਵੱਲੋਂ ਸਮਰਾਲਾ ਨੇੜਲੇ ਪਿੰਡ ਦੇ 15 ਸਾਲਾ ਲੜਕੇ ਨੂੰ ਮੌਤ ਦੇ ਹਵਾਲੇ ਕਰਨ ਦੀਆਂ ਖ਼ਬਰਾਂ ਦੀ ਸਿਆਹੀ ਸੁੱਕੀ ਨਹੀਂ ਸੀ ਕਿ ਬੀਤੀ ਸ਼ਾਮੀਂ ਤਹਿਸੀਲ ਰਾਏਕੋਟ (Raikot) ਦੇ ਪਿੰਡ ਅਕਾਲਗੜ੍ਹ ਕਲਾਂ ਦੀ ਸਰਬਜੀਤ ਕੌਰ ਜਦੋਂ ਆਪਣੀ ਸਕੂਟੀ ’ਤੇ ਬੈਠ ਕੇ ਰਾਏਕੋਟ ਰੋਡ ਮੁੱਲਾਂਪੁਰ 'ਚ ਵਿਆਹ ਦੀ ਖਰੀਦਦਾਰੀ ਲਈ ਬਾਜ਼ਾਰ ਵੱਲ ਜਾ ਰਹੀ ਸੀ, ਪਰ ਇੱਕ ਅਚਾਨਕ ਪਲ ਨੇ ਸਭ ਕੁਝ ਖਤਮ ਕਰ ਦਿੱਤਾ। ਇਸ ਰੋਡ 'ਤੇ ਗੁਰਦੁਆਰਾ ਸਾਹਿਬ ਨੇੜੇ ਹਵਾ ਵਿੱਚ ਉੱਡ ਰਹੀ ਚਾਈਨਾ ਡੋਰ, ਉਸ ਦੇ ਗਲੇ ਵਿੱਚ ਲਿਪਟ ਗਈ।
ਚਾਈਨਾ ਡੋਰ ਕਾਰਨ ਸਰਬਜੀਤ ਕੌਰ ਦੇ ਗਲੇ ਵਿੱਚ ਬੁਰੀ ਤਰ੍ਹਾਂ ਫਿਰ ਗਈ, ਜਿਸ ਕਾਰਨ ਉਸ ਦਾ ਗਲਾ ਖੂਨ ਨਾਲ ਲੱਥਪੱਥ ਹੋ ਗਿਆ। ਮੌਕੇ 'ਤੇ ਰਾਹਗੀਰਾਂ ਨੇ ਤੁਰੰਤ ਮਦਦ ਕੀਤੀ ਅਤੇ ਦੋ ਵਿਅਕਤੀਆਂ ਨੇ ਆਪਣੀ ਗੱਡੀ ਵਿੱਚ ਬਿਠਾ ਕੇ ਮੁੱਲਾਂਪੁਰ ਦੇ ਹਸਪਤਾਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਪਰ ਰਸਤੇ ਵਿੱਚ ਹੀ ਉਸ ਦੀਆਂ ਸਾਹਾਂ ਰੁਕ ਗਈਆਂ। ਹਸਪਤਾਲ ਪਹੁੰਚਦੇ-ਪਹੁੰਚਦੇ ਡਾਕਟਰਾਂ ਨੇ ਕਿਹਾ – "ਬਹੁਤ ਦੇਰ ਹੋ ਗਈ।"
ਪਤੀ ਮਨਦੀਪ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੀ ਜ਼ਿੰਦਗੀ ਸਰਬਜੀਤ ਨਾਲ ਬਿਤਾਉਣ ਦੇ ਕਈ ਸੁਪਨੇ ਵੇਖੇ ਸਨ, ਪਰ ਅੱਜ ਉਸ ਨੂੰ ਇੱਕਲੇਪਣ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਮੇਰੇ ਬੱਚੇ ਦੇ ਸਿਰ ਤੋਂ ਮਾਂ ਦਾ ਸਾਇਆ ਖੁੱਸ ਗਿਆ ਹੈ। ਪੂਰਾ ਪਰਿਵਾਰ ਰੋ ਰਿਹਾ ਹੈ, ਪਿੰਡ ਅਕਾਲਗੜ੍ਹ ਕਲਾਂ ਵਿੱਚ ਸੋਗ ਦੀ ਲਹਿਰ ਛਾਈ ਹੋਈ ਹੈ।
ਬੀਤੇ ਦਿਨੀ 15 ਸਾਲਾ ਬੱਚੇ ਦੀ ਹੋਈ ਸੀ ਮੌਤ
ਦੱਸ ਦਈਏ ਕਿ ਚਾਈਨਾ ਡੋਰ ਨਾਲ ਪੰਜਾਬ 'ਚ ਇਹ ਪਹਿਲੀ ਮੌਤ ਨਹੀਂ, ਦੋ ਦਿਨ ਪਹਿਲਾਂ ਵੀ ਸਮਰਾਲਾ ਦੇ 15 ਸਾਲਾ ਬੱਚੇ ਤਰਨਜੋਤ ਸਿੰਘ ਦੀ ਮੌਤ ਨੇ ਸਮੁੱਚੇ ਪੰਜਾਬੀਆਂ ਦੀਆਂ ਅੱਖਾਂ ਵਿਚ ਪਾਣੀ ਲਿਆ ਦਿੱਤਾ ਸੀ।
- PTC NEWS