Muktsar News : ਸੜਕ ਹਾਦਸੇ 'ਚ ਸੀਨੀਅਰ ਪੱਤਰਕਾਰ ਸੁਖਪਾਲ ਸਿੰਘ ਢਿੱਲੋਂ ਦੀ ਮੌਤ, ਪਤਨੀ ਗੰਭੀਰ
Muktsar News : ਸੀਨੀਅਰ ਪੱਤਰਕਾਰ ਸੁਖਪਾਲ ਸਿੰਘ ਢਿੱਲੋਂ (Sukhpal Singh Dhillon) ਦੀ ਸੜਕ ਹਾਦਸੇ 'ਚ ਮੌਤ ਹੋ ਗਈ। ਉਹ ਪੱਤਰਕਾਰਤਾ ਤੋਂ ਇਲਾਵਾ ਲੰਮੇ ਸਮੇਂ ਤੋਂ ਸੱਭਿਆਚਾਰਕ ਅਤੇ ਸਮਾਜ ਸੇਵੀ ਗਤੀਵਿਧੀਆਂ ਨਾਲ ਜੁੜੇ ਹੋਏ ਸਨ। ਉਹ ਬੀਤੇ 35 ਸਾਲ ਤੋਂ ਪੱਤਰਕਾਰੀ ਖੇਤਰ ਨਾਲ ਜੁੜੇ ਹੋਏ ਸਨ। ਸੁਖਪਾਲ ਸਿੰਘ ਢਿੱਲੋਂ ਆਪਣੀ ਪਤਨੀ ਅਮਨਪ੍ਰੀਤ ਕੌਰ ਨਾਲ ਸ੍ਰੀ ਮੁਕਤਸਰ ਸਾਹਿਬ ਤੋਂ ਪਿੰਡ ਭਾਗਸਰ ਜਾ ਰਹੇ ਸਨ ਕਿ ਸਾਹਮਣੇ ਪਿੰਡ ਭਾਗਸਰ ਵਾਲੇ ਪਾਸੇ ਤੋਂ ਆ ਰਹੇ ਇਕ ਬਿਨਾਂ ਨੰਬਰੀ ਤੇਜ ਰਫਤਾਰ ਪਲੈਟੀਨਾ ਮੋਟਰਸਾਈਕਲ ਨੇ ਉਹਨਾਂ ਨੂੰ ਸਾਹਮਣੇ ਤੋਂ ਭਿਆਨਕ ਟੱਕਰ ਮਾਰੀ। ਇਸ ਦੌਰਾਨ ਸੁਖਪਾਲ ਸਿੰਘ ਢਿੱਲੋਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਉਹਨਾਂ ਦੀ ਪਤਨੀ ਅਮਨਪ੍ਰੀਤ ਕੌਰ ਵੀ ਗੰਭੀਰ ਜਖਮੀ ਹੋ ਗਏ। ਅਮਨਪ੍ਰੀਤ ਕੌਰ ਦਾ ਨਿੱਜੀ ਹਸਪਤਾਲ 'ਚ ਇਲਾਜ ਚਲ ਰਿਹਾ ਹੈ।
ਉਧਰ, ਇਸ ਦੌਰਾਨ ਮੋਟਰਸਾਈਕਲ ਸਵਾਰ ਵਿਨੋਦ ਕੁਮਾਰ ਪਿੰਡ ਗੰਧੜ ਨੂੰ ਵੀ ਇਲਾਜ ਲਈ ਸਰਕਾਰੀ ਹਸਪਤਾਲ ਵਿਖੇ ਲਿਜਾਇਆ ਗਿਆ ਜਿਥੇ ਉਹਨਾਂ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਸੁਖਪਾਲ ਸਿੰਘ ਢਿੱਲੋਂ ਦੀ ਮੌਤ ਉਪਰੰਤ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ। ਵੱਡੀ ਗਿਣਤੀ 'ਚ ਪੱਤਰਕਾਰ ਖੇਤਰ ਨਾਲ ਜੁੜੇ ਲੋਕ, ਰਾਜਸੀ, ਧਾਰਮਿਕ ਅਤੇ ਸਮਾਜਿਕ ਸਖਸ਼ੀਅਤਾਂ ਹਸਪਤਾਲ ਵਿਖੇ ਪਹੁੰਚੀਆਂ।
- PTC NEWS