ਰਾਜੋਆਣਾ ਦੀ ਚਿੱਠੀ 'ਤੇ ਸ਼੍ਰੋਮਣੀ ਕਮੇਟੀ ਦਾ ਵੱਡਾ ਫੈਸਲਾ, ਮਰਹੂਮ ਸਾਬਕਾ PM ਮਨਮੋਹਨ ਸਿੰਘ ਦੀ ਤਸਵੀਰ 'ਤੇ ਕੀਤਾ ਜਾਵੇਗਾ ਪੁਨਰ-ਵਿਚਾਰ
SGPC News : ਬੰਦੀ ਸਿੱਖ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਚਿੱਠੀ ਤੋਂ ਬਾਅਦ ਮਰਹੂਮ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਸਿੰਘ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ 'ਚ ਲਗਾਉਣ ਦਾ ਮਾਮਲਾ ਭਖ ਗਿਆ ਹੈ। ਇਸ ਮਸਲੇ 'ਤੇ ਹੁਣ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਹੈ ਕਿ ਚਿੱਠੀ 'ਤੇ ਸ਼੍ਰੋਮਣੀ ਕਮੇਟੀ ਇਸ ਮਸਲੇ 'ਤੇ ਪੁਨਰ ਵਿਚਾਰ ਕਰੇਗੀ।
ਇਸਤੋਂ ਪਹਿਲਾਂ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਦੇਸ਼ ਸਾਕੇ ਦੀ ਯਾਦ ਵਿੱਚ ਅਤੇ ਸਾਕੇ ਵਿੱਚ ਸ਼ਹੀਦ ਹੋਏ ਸਿੱਖਾਂ ਦੀ ਯਾਦ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਮੌਕੇ ਅਖੰਡ ਪਾਠ ਸਾਹਿਬ ਦੇ ਭੋਗ ਮਗਰੋਂ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਵੱਲੋਂ ਕੀਰਤਨ ਵੀ ਕੀਤਾ ਗਿਆ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਅਜਿਹਾ ਦੁਖਦ ਸਾਕਾ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਵਿਖੇ ਵਾਪਰਿਆ, ਜਿਸ ਵਿੱਚ ਮਿਸ਼ਲ ਸ਼ਹੀਦ ਤਰਨਾ ਦਲ ਦੇ 11 ਸਿੰਘ ਵੀ ਸ਼ਹੀਦ ਹੋਏ ਸਨ ਅਤੇ ਮਿਸ਼ਲ ਸ਼ਹੀਦ ਤਰਨਾ ਦਲ ਦੇ ਮੁਖੀ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਵੱਲੋਂ ਪੰਥਕ ਸੇਵਾਵਾਂ ਦੀ ਸ਼ਲਾਘਾ ਕੀਤੀ।
ਸਾਬਕਾ ਪੀਐਮ ਮਨਮੋਹਨ ਸਿੰਘ ਦੀ ਤਸਵੀਰ ਮਾਮਲੇ 'ਚ ਹੋਵੇਗਾ ਪੁਨਰ-ਵਿਚਾਰ
ਉਹਨਾਂ ਦੱਸਿਆ ਕਿ ਗੁਰਦੁਆਰਾ ਸ਼੍ਰੀ ਪਾਉਂਟਾ ਸਾਹਿਬ ਨੂੰ ਮਹੰਤਾ ਦੇ ਕਬਜ਼ੇ ਤੋਂ ਆਜ਼ਾਦ ਕਰਵਾਉਣ ਸਮੇਂ ਵਾਪਰ ਰਹੇ ਸਾਕੇ ਵਿੱਚ ਬਾਬਾ ਨਿਹਾਲ ਸਿੰਘ ਵੀ ਗੰਭੀਰ ਜਖਮੀ ਹੋਏ ਸਨ, ਜਿਨਾਂ ਨੂੰ ਪੰਥ ਨੇ ਜਿੰਦਾ ਸ਼ਹੀਦਾਂ ਖਿਤਾਬ ਦਿੱਤਾ ਹੈ। ਇਸ ਦੇ ਨਾਲ ਹੀ ਪੱਤਰਕਾਰਾਂ ਵੱਲੋਂ ਜਦੋਂ ਸਵਾਲ ਪੁੱਛਿਆ ਗਿਆ ਕਿ ਬੰਦੀ ਸਿੰਘ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਕੇਂਦਰੀ ਅਜਾਇਬ ਘਰ 'ਚ ਲਗਵਾਉਣ 'ਤੇ ਵਿਰੋਧ ਦਰਜ ਕੀਤਾ ਹੈ, ਬਾਰੇ ਐਸਜੀਪੀਸੀ ਪ੍ਰਧਾਨ ਨੇ ਕਿਹਾ ਕਿ ਐਸਜੀਪੀਸੀ ਇਸ ਸਬੰਧੀ ਮੁੜ ਤੋਂ ਵਿਚਾਰ ਕਰੇਗੀ ਅਤੇ ਫਿਰ ਹੀ ਇਸ ਸਬੰਧੀ ਕੋਈ ਫੈਸਲਾ ਜ਼ਰੂਰੀ ਲਿਆ ਜਾਵੇਗਾ।
ਨਾਲ ਹੀ ਉਹਨਾਂ ਨੇ ਕਿਹਾ ਕਿ ਤਖਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਪੰਜ ਪਿਆਰਿਆਂ ਵੱਲੋਂ ਅਕਾਲ ਤਖਤ ਸਾਹਿਬ ਤੇ ਕਾਰਜਕਾਰੀ ਜਥੇਦਾਰ ਨੂੰ ਤਨਖਾਹੀਆ ਕਰਾਰ ਕਰਨਾ ਇਹ ਤਖਤਾਂ ਦੀ ਲੜਾਈ ਨਹੀਂ, ਇਹ ਮਨੁੱਖਾਂ ਦੀ ਲੜਾਈ ਹੈ ਜੋ ਨਹੀਂ ਹੋਣੀ ਚਾਹੀਦੀ ਅਤੇ ਇਸ ਨੂੰ ਜਲਦ ਹੀ ਹੱਲ ਕਰ ਲਿੱਤਾ ਜਾਵੇਗਾ।
- PTC NEWS