Shambhu ਤੇ Khanauri ਬਾਰਡਰ ਤੋਂ ਚੋਰੀ ਹੋਈਆਂ ਟਰਾਲੀਆਂ ਦਾ ਸਮਾਨ ਨਾਭਾ ਤੋਂ ਬਰਾਮਦ, ਨਗਰ ਕੌਂਸਲ ਦਫ਼ਤਰ ਦੇ ਬਾਹਰ ਕਿਸਾਨਾਂ ਨੇ ਲਗਾਇਆ ਸੀ ਪੱਕਾ ਮੋਰਚਾ
Nabha News : ਸ਼ੰਬੂ ਤੇ ਖਨੌਰੀ ਬਾਰਡਰ ਤੋਂ ਕਿਸਾਨੀ ਸੰਘਰਸ਼ ਤੋਂ ਬਾਅਦ ਕਿਸਾਨਾਂ ਦੀਆਂ ਟਰਾਲੀਆਂ ਚੋਰੀ ਹੋ ਗਈਆਂ ਸਨ, ਜੋ ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚੋਂ ਬਰਾਮਦ ਹੋ ਰਹੀਆਂ ਹਨ। ਪਹਿਲਾਂ ਘਨੌਰ ਹਲਕੇ ਤੋਂ ਤੇ ਫਿਰ ਨਾਭਾ ਹਲਕੇ ਤੋਂ ਚੋਰੀ ਹੋਈ ਟਰਾਲੀਆਂ ਦਾ ਸਮਾਨ ਬਰਾਮਦ ਹੋਣ ਤੋਂ ਬਾਅਦ ਨਾਭਾ ਕਤਵਾਲੀ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਆਗੂ ਪੰਕਜ ਪੱਪੂ ਦੇ ਉੱਪਰ ਇੱਕ ਮਾਮਲਾ ਦਰਜ ਕੀਤਾ ਸੀ, ਜਿਸ ਨੂੰ ਬਾਅਦ ਵਿੱਚ ਕਿਸਾਨੀ ਸੰਘਰਸ਼ ਤੋਂ ਬਾਅਦ ਸੀਆਈ ਸਟਾਫ ਪਟਿਆਲਾ ਟ੍ਰਾਂਸਫਰ ਕਰ ਦਿੱਤਾ। ਇਸ ਮਾਮਲੇ ਵਿੱਚ ਪੰਕਜ ਪੱਪੂ ਦੀ ਜਮਾਨਤ ਹੋ ਚੁੱਕੀ ਹੈ।
ਹੁਣ ਦੁਬਾਰਾ ਕਿਸਾਨਾਂ ਨੇ ਚੋਰੀ ਹੋਈ ਟਰਾਲੀਆਂ ਦਾ ਸਮਾਨ ਬਰਾਮਦ ਕਰਨ ਲਈ ਦਾਅਵਾ ਕੀਤਾ ਸੀ ਕਿ ਨਗਰ ਕੌਂਸਲ ਨਾਭਾ ਦੇ ਦਫਤਰ ਦੇ ਸਾਹਮਣੇ ਈਓ ਗੁਰਚਰਨ ਸਿੰਘ ਗਿੱਲ ਦੀ ਸਰਕਾਰੀ ਰਿਹਾਇਸ਼ ਦੀ ਜ਼ਮੀਨ ਅਤੇ ਕੋਠੀ ਵਿੱਚ ਸਮਾਨ ਹੈ, ਜਿਸ ਨੂੰ ਸੀਆਈਏ ਸਟਾਫ ਪਟਿਆਲਾ ਪ੍ਰਸ਼ਾਸਨ ਦੀ ਮੌਜੂਦਗੀ ਦੇ ਵਿੱਚ ਬਰਾਮਦ ਕਰਿਆ ਗਿਆ। ਇਸ ਮੰਗ ਨੂੰ ਲੈ ਕੇ ਕਿਸਾਨਾਂ ਵੱਲੋਂ ਨਗਰ ਕੌਂਸਲ ਨਾਭਾ ਦੇ ਦਫਤਰ ਦੇ ਸਾਹਮਣੇ ਪੱਕਾ ਮੋਰਚਾ ਲਗਾਇਆ ਸੀ ਤੇ ਕਿਸਾਨਾਂ ਦੇ ਰੋਸ ਨੂੰ ਵੇਖਦੇ ਹੋਏ ਮਜਬੂਰ ਹੋ ਕੇ ਅੱਜ ਸੀਆਈਏ ਸਟਾਫ ਪਟਿਆਲਾ ਨੇ ਨਾਇਬ ਤਹਿਸੀਲਦਾਰ ਦੀ ਮੌਜੂਦਗੀ ਦੇ ਵਿੱਚ ਟਰਾਲੀਆਂ ਦਾ ਸਮਾਨ ਬਰਾਮਦ ਕੀਤਾ।
ਕਿਸਾਨਾਂ ਦੀ ਮੰਗ 'ਤੇ ਪ੍ਰਸ਼ਾਸਨ ਨੇ ਨਗਰ ਕੌਂਸਲ ਦੀ ਜੇਸੀਬੀ ਮਸ਼ੀਨ ਨਾਲ ਹੀ ਜਿਵੇਂ ਹੀ ਮਿੱਟੀ ਨੂੰ ਪੁੱਟਣਾ ਸ਼ੁਰੂ ਕੀਤਾ ਤਾਂ ਟਰਾਲੀ ਦੇ ਉੱਪਰ ਪਾਉਣ ਵਾਲੀ ਛੱਤ ਦੇ ਲੋਹੇ ਦਾ ਸਮਾਨ ਜ਼ਮੀਨ ਥੱਲੋਂ ਨਿਕਲਣਾ ਸ਼ੁਰੂ ਹੋ ਗਿਆ। ਸੀਆਈ ਸਟਾਫ ਨੇ ਕਿਸਾਨਾਂ ਦੀ ਸ਼ਿਕਾਇਤ 'ਤੇ ਟਰਾਲੀ ਦਾ ਸਮਾਨ ਸਰਕਾਰੀ ਰਿਹਾਇਸ਼ ਤੋਂ ਬਰਾਮਦ ਕਰ ਲਿਆ ਹੈ। ਹੁਣ ਅਗਲੀ ਤਫਤੀਸ਼ ਜਾਰੀ ਹੈ।
ਜ਼ਿਕਰਯੋਗ ਹੈ ਕਿ ਭਾਵੇਂ ਕਿ ਇਹ ਸਰਕਾਰੀ ਕੋਠੀ ਕਾਰਜ ਸਾਧਕ ਅਫਸਰ ਨਾਭਾ ਗੁਰਚਰਨ ਸਿੰਘ ਗਿੱਲ ਦੀ ਹੈ ਪਰ ਉਹ ਆਪਣੇ ਨੇੜਲੇ ਪਿੰਡ ਬਿਰੜਵਾਲ ਰੋਜ਼ਾਨਾ ਜਾਂਦੇ ਸਨ ਤੇ ਇਸ ਥਾਂ ਤੋਂ ਹੀ ਆਮ ਆਦਮੀ ਪਾਰਟੀ ਦਾ ਆਗੂ ਪੰਕਜ ਪੱਪੂ ਸਫਾਈ ਕਰਮਚਾਰੀਆਂ ਨੂੰ ਆਪਰੇਟ ਕਰਦਾ ਸੀ। ਇਸ ਗੱਲ ਦੀ ਪੁਸ਼ਟੀ ਕਾਰਜ ਸਾਧਕ ਅਫਸਰ ਨੇ ਵੀ ਕੀਤੀ ਹੈ। ਹੁਣ ਉਮੀਦ ਕੀਤੀ ਜਾ ਸਕਦੀ ਹੈ ਕਿ ਨਗਰ ਕੌਂਸਲ ਦੀ ਸਰਕਾਰੀ ਥਾਂ ਤੋਂ ਟਰਾਲੀ ਦਾ ਸਮਾਨ ਬਰਾਮਦ ਹੋਣ ਤੋਂ ਬਾਅਦ ਸੀਆਈ ਸਟਾਫ ਪਟਿਆਲਾ ਇੱਕ ਹੋਰ ਮਾਮਲਾ ਦਰਜ ਕਰੇਗੀ ਅਤੇ ਮਾਮਲੇ ਨੂੰ ਗੰਭੀਰਤਾ ਨਾਲ ਦੇਖੇਗੀ ਕਿਉਂਕਿ ਕਿਸਾਨਾਂ ਦੇ ਦੋਸ਼ਾਂ 'ਤੇ ਹੁਣ ਸਬੂਤ ਮਿਲ ਗਏ ਹਨ।
ਇਸ ਮਾਮਲੇ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਆਜ਼ਾਦ ਦੇ ਨਾਭਾ ਪ੍ਰਧਾਨ ਗਮਦੂਰ ਸਿੰਘ ਅਤੇ ਹੋਰ ਕਿਸਾਨਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਸ਼ਹਿ 'ਤੇ ਸ਼ੰਭੂ ਤੇ ਖਨੌਰੀ ਬਾਰਡਰ ਤੋਂ ਕਿਸਾਨਾਂ ਦੀਆਂ ਚੋਰੀ ਹੋਈਆਂ ਟਰਾਲੀਆਂ ਹੁਣ ਸਰਕਾਰੀ ਥਾਂ ਤੋਂ ਬਰਾਮਦ ਹੋ ਰਹੀਆਂ ਹਨ। ਉਹਨਾਂ ਦੱਸਿਆ ਕਿ ਉਹਨਾਂ ਨੂੰ ਪੁਖਤਾ ਜਾਣਕਾਰੀ ਸੀ ਕਿ ਨਗਰ ਕੌਂਸਲ ਦੀ ਇਸ ਥਾਂ 'ਤੇ ਉਹਨਾਂ ਦੀਆਂ ਟਰਾਲੀਆਂ ਦਾ ਸਮਾਨ ਖੁਰਦ ਬੁਰਦ ਕਰਨ ਦੇ ਇਰਾਦੇ ਨਾਲ ਦੱਬਿਆ ਗਿਆ ਹੈ ,ਜਿਸ ਨੂੰ ਲੱਭਣ ਵਾਸਤੇ ਉਹ ਕੱਲ ਤੋਂ ਪੱਕਾ ਮੋਰਚਾ ਲਗਾ ਕੇ ਨਗਰ ਕੌਂਸਲ ਦੇ ਬਾਹਰ ਬੈਠੇ ਸਨ ਤੇ ਅੱਜ ਪ੍ਰਸ਼ਾਸਨ ਨੇ ਮਜ਼ਬੂਰ ਹੋ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਪਟਿਆਲਾ ਦੀ ਸੀਆਈ ਸਟਾਫ ਪੁਲਿਸ ਨੇ ਉਹਨਾਂ ਦੀਆਂ ਟਰਾਲੀਆਂ ਦਾ ਸਮਾਨ ਬਰਾਮਦ ਕਰ ਲਿਆ। ਹੁਣ ਪੁਲਿਸ ਇਸ ਮਾਮਲੇ ਨੂੰ ਗੰਭੀਰਤਾ ਨਾਲ ਜਾਂਚ ਕਰਕੇ ਅਸਲ ਦੋਸ਼ੀਆਂ ਨੂੰ ਸਲਾਖਾਂ ਦੇ ਵਿੱਚ ਸੁੱਟੇ।
ਇਸ ਮਾਮਲੇ 'ਤੇ ਜਦੋਂ ਮੌਕੇ 'ਤੇ ਮੌਜੂਦ ਨਗਰ ਕੌਂਸਲ ਨਾਭਾ ਦੇ ਕਾਰਜ ਸਾਧਕ ਅਫਸਰ ਗੁਰਚਰਨ ਸਿੰਘ ਗਿੱਲ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਇਹ ਸਰਕਾਰੀ ਰਿਹਾਇਸ਼ ਭਾਵੇਂ ਕਿ ਉਹਨਾਂ ਦੇ ਨਾਂ 'ਤੇ ਅਲਾਟ ਹੈ ਪਰ ਉਹ ਹਾਲੇ ਤੱਕ ਇੱਥੇ ਨਹੀਂ ਰਹੇ ਬਲਕਿ ਆਪਣੇ ਨਜ਼ਦੀਕੀ ਪਿੰਡ ਆਪਣੇ ਘਰ ਹੀ ਜਾਂਦੇ ਸਨ। ਉਹਨਾਂ ਦੱਸਿਆ ਕਿ ਇੱਥੇ ਆਪ ਆਗੂ ਪੰਕਜ ਪੱਪੂ ਆਪਣਾ ਦਫਤਰ ਬਣਾ ਕੇ ਰਹਿੰਦੇ ਸਨ, ਜਿਨ੍ਹਾਂ ਨੂੰ ਨਗਰ ਕੌਂਸਲ ਦੇ ਕੌਂਸਲਰਾਂ ਵੱਲੋਂ ਮਤਾ ਪਾਸ ਕਰਕੇ ਸਰਕਾਰੀ ਕਰਮਚਾਰੀਆਂ ਨੂੰ ਆਪਰੇਟ ਕਰਨ ਲਈ ਸੁਪਰਵਾਈਜ਼ਰ ਬਣਾਇਆ ਗਿਆ ਸੀ। ਉਹਨਾਂ ਕਿਹਾ ਕੀ ਉਹ ਪਟਿਆਲਾ ਦੀ ਸੀਆਈ ਸਟਾਫ ਪੁਲਿਸ ਨੂੰ ਹਰ ਤਰ੍ਹਾਂ ਦੀ ਸਹਿਯੋਗ ਕਰਨ ਲਈ ਤਿਆਰ ਹਨ।
ਇਸ ਮਾਮਲੇ 'ਤੇ ਸੀਆਈ ਸਟਾਫ ਪਟਿਆਲਾ ਦੀ ਟੀਮ ਦੀ ਅਗਵਾਈ ਕਰ ਰਹੇ ਥਾਣੇਦਾਰ ਦਵਿੰਦਰ ਸਿੰਘ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਨਗਰ ਕੌਂਸਲ ਦੀ ਸਰਕਾਰੀ ਰਿਹਾਇਸ਼ ਵਿੱਚੋਂ ਅੱਜ ਟਰਾਲੀਆਂ ਦਾ ਸਮਾਨ ਜ਼ਮੀਨ ਦੇ ਥੱਲੋਂ ਬਰਾਮਦ ਹੋਇਆ ਹੈ। ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਹੋਵੇਗੀ
- PTC NEWS