Delhi ਤੋਂ ਚੱਲਦੀ ਹੈ ਸਰਕਾਰ; ਤਾਂਹੀ ਮੰਤਰੀਆਂ ਨੂੰ ਨਹੀਂ ਪਤਾ ਜਿਹੜਾ ਮਹਿਕਮਾ ਮਿਲਿਆ ਉਹ ਹੋਂਦ ’ਚ ਨਹੀਂ- ਬਿਕਰਮ ਸਿੰਘ ਮਜੀਠੀਆ
Bikram Singh Majithia News : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਪਿਛਲੇ 20 ਮਹੀਨਿਆਂ ਤੋਂ ਇਹ ਪਤਾ ਨਹੀਂ ਲੱਗਾ ਕਿ ਉਹਨਾਂ ਨੂੰ ਮਿਲਿਆ ਪ੍ਰਸ਼ਾਸਕੀ ਸੁਧਾਰ ਵਿਭਾਗ ਤਾਂ ਹੋਂਦ ਵਿਚ ਹੀ ਨਹੀਂ ਹੈ ਜਿਸ ਤੋਂ ਪਤਾ ਚਲਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਵਿਚ ਹਾਲ ਕੀ ਹੈ।
ਇੱਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਬਿਕਰਮ ਸਿੰਘ ਮਜੀਠੀਆ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਇਹ ਉਣਤਾਈ ਉਦੋਂ ਸਾਹਮਣੇ ਆਈ ਜਦੋਂ ਰਾਜਪਾਲ ਨੇ ਇਹ ਵਿਭਾਗ ਬਹਾਲ ਕੀਤਾ। ਉਹਨਾਂ ਕਿਹਾ ਕਿ ਮੰਤਰੀ ਸ੍ਰੀ ਕੁਲਦੀਪ ਸਿੰਘ ਧਾਲੀਵਾਲ ਹੁਣ ਪੰਜਾਬੀਆਂ ਨੂੰ ਇਹ ਜਵਾਬ ਦੇਣ ਕਿ ਉਹਨਾਂ ਨੇ 20 ਮਹੀਨੇ ਪਹਿਲਾਂ ਜਦੋਂ ਉਹਨਾਂ ਨੂੰ ਮਹਿਕਮਾ ਵੰਡਿਆ ਗਿਆ ਸੀ, ਉਦੋਂ ਤੋਂ ਲੈ ਕੇ ਹੁਣ ਤੱਕ ਉਹਨਾਂ ਨੂੰ ਇਸ ਗੱਲ ਦਾ ਪਤਾ ਕਿਉਂ ਨਹੀਂ ਲੱਗਾ।
ਉਹਨਾਂ ਕਿਹਾ ਕਿ ਇਸ ਤੋਂ ਸਾਬਤ ਹੁੰਦਾ ਹੈ ਕਿ ਉਹਨਾਂ ਨੇ 20 ਮਹੀਨਿਆਂ ਵਿਚ ਵਿਭਾਗ ਦੀ ਇਕ ਵੀ ਮੀਟਿੰਗ ਨਹੀਂ ਲਈ ਤੇ ਨਾ ਹੀ ਸੂਬੇ ਵਿਚ ਕੋਈ ਪ੍ਰਸ਼ਾਸਕੀ ਸੁਧਾਰ ਕੀਤਾ।
ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਸ ਤੋਂ ਪਤਾ ਚਲਦਾ ਹੈ ਕਿ ਆਮ ਆਦਮੀ ਪਾਰਟੀ (ਆਪ) ਦੇ ਰਾਜ ਵਿਚ ਸਰਕਾਰ ਕਿਵੇਂ ਚਲ ਰਹੀ ਹੈ ਉਹਨਾਂ ਕਿਹਾ ਕਿ ਇਸ ਤੋਂ ਇਹ ਵੀ ਪਤਾ ਚਲਦਾ ਹੈ ਕਿ ਪੰਜਾਬ ਵਿਚ ਆਪ ਦੇ ਮੰਤਰੀ ਆਪਣੇ ਵਿਭਾਗ ਚਲਾਉਣ ਵਿਚ ਨਹੀਂ ਲੱਗੇ ਬਲਕਿ ਇਹ ਵਿਭਾਗ ਦਿੱਲੀ ਤੋਂ ਚਲਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਅਜਿਹਾ ਇਸ ਕਰ ਕੇ ਹੈ ਕਿਉਂਕਿ ਪੰਜਾਬ ਦੀ ਸਾਰੀ ਅਥਾਰਟੀ ਦਿੱਲੀ ਦਰਬਾਰ ਨੂੰ ਸਰੰਡਰ ਕਰ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਇਸੇ ਕਾਰਣ ਹੀ ਸੂਬੇ ਸਿਰ ਕਰਜ਼ਾ ਵੱਧ ਕੇ 3.76 ਕਰੋੜ ਰੁਪਏ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਕੀ ਸੁਧਾਰ ਜੋ ਲਾਲ ਫੀਤਾਸ਼ਾਹੀ ਖ਼ਤਮ ਕਰਨ ਲਈ ਬੇਹੱਦ ਜ਼ਰੂਰੀ ਹਨ ਅਤੇ ਜਿਨ੍ਹਾਂ ਦੀ ਬਦੌਲਤ ਨਾਗਰਿਕਾਂ ਨੂੰ ਤੈਅ ਸਮੇਂ ਵਿਚ ਸਾਰੀਆਂ ਸੇਵਾਵਾਂ ਮਿਲਣੀਆਂ ਹਨ, ਵੀ ਨਹੀਂ ਕੀਤੇ ਜਾ ਰਹੇ।
- PTC NEWS