Mon, Apr 21, 2025
Whatsapp

ਸ਼੍ਰੋਮਣੀ ਕਮੇਟੀ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਰਾਸ਼ਟਰਪਤੀ ਭਵਨ ਤੱਕ ਜਾਣ ਵਾਲਾ ਰੋਸ ਮਾਰਚ ਕੀਤਾ ਮੁਲਤਵੀ

Reported by:  PTC News Desk  Edited by:  Jasmeet Singh -- December 16th 2023 06:08 PM
ਸ਼੍ਰੋਮਣੀ ਕਮੇਟੀ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਰਾਸ਼ਟਰਪਤੀ ਭਵਨ ਤੱਕ ਜਾਣ ਵਾਲਾ ਰੋਸ ਮਾਰਚ ਕੀਤਾ ਮੁਲਤਵੀ

ਸ਼੍ਰੋਮਣੀ ਕਮੇਟੀ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਰਾਸ਼ਟਰਪਤੀ ਭਵਨ ਤੱਕ ਜਾਣ ਵਾਲਾ ਰੋਸ ਮਾਰਚ ਕੀਤਾ ਮੁਲਤਵੀ

PTC News Desk : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ 20 ਦਸੰਬਰ ਨੂੰ ਦਿੱਲੀ ਵਿਖੇ ਕੀਤਾ ਜਾਣ ਵਾਲਾ ਪੰਥਕ ਪ੍ਰਦਰਸ਼ਨ ਹਾਲ ਦੀ ਘੜੀ ਮੁਲਤਵੀ ਕਰ ਦਿੱਤਾ ਗਿਆ ਹੈ। ਸ਼੍ਰੋਮਣੀ ਕਮੇਟੀ ਨੇ ਇਹ ਫੈਸਲਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਜੋ ਬੰਦੀ ਸਿੰਘਾਂ ਸਬੰਧੀ ਪੰਜ ਮੈਂਬਰੀ ਉੱਚ ਪੱਧਰੀ ਕਮੇਟੀ ਦੇ ਮੈਂਬਰ ਵੀ ਹਨ, ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਭੇਜੇ ਗਏ ਇਕ ਪੱਤਰ ’ਤੇ ਵਿਚਾਰ ਉਪਰੰਤ ਲਿਆ ਹੈ। 

ਅੱਜ ਇਥੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੱਦੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਭਾਵੇਂ 20 ਦਸੰਬਰ ਦਾ ਦਿੱਲੀ ਪ੍ਰਦਰਸ਼ਨ ਅੰਤ੍ਰਿੰਗ ਕਮੇਟੀ ਦੇ ਪਹਿਲਾਂ ਲਏ ਫੈਸਲੇ ’ਤੇ ਅਧਾਰਿਤ ਸੀ, ਪਰ ਪੰਥ ਦੇ ਵਡੇਰੇ ਹਿੱਤਾਂ ਨੂੰ ਵੇਖਦਿਆਂ ਇਸ ਨੂੰ ਫਿਲਹਾਲ ਮੁਲਤਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਨਹੀਂ ਚਾਹੁੰਦੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪੰਜ ਮੈਂਬਰੀ ਕਮੇਟੀ ਵਿਚ ਕੋਈ ਆਪਸੀ ਮਤਭੇਦ ਪੈਦਾ ਹੋਵੇ।


ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਬੀਤੇ ਵਿਚ ਸੰਗਤੀ ਮੁਹਿੰਮ ਤਹਿਤ ਬੰਦੀ ਸਿੰਘਾਂ ਦੀ ਰਿਹਾਈ ਲਈ 26 ਲੱਖ ਪ੍ਰੋਫਾਰਮੇ ਭਰਵਾਏ ਸਨ, ਜੋ 20 ਦਸੰਬਰ ਨੂੰ ਦੇਸ਼ ਦੇ ਰਾਸ਼ਟਰਪਤੀ ਨੂੰ ਸੌਂਪਣ ਦਾ ਪ੍ਰੋਗਰਾਮ ਰੱਖਿਆ ਗਿਆ ਸੀ। ਇਹ ਪ੍ਰੋਗਰਾਮ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 6 ਦਸੰਬਰ ਨੂੰ ਗਠਤ ਕੀਤੀ ਗਈ ਪੰਜ ਮੈਂਬਰੀ ਕਮੇਟੀ ਤੋਂ ਪਹਿਲਾਂ 3 ਦਸੰਬਰ ਨੂੰ ਸੱਦੀ ਗਈ ਅੰਤ੍ਰਿੰਗ ਕਮੇਟੀ ਫੈਸਲੇ ਅਨੁਸਾਰ ਸੀ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਭੁੱਖ ਹੜਤਾਲ ਦੇ ਐਲਾਨ ਨੂੰ ਵੇਖਦਿਆਂ 28 ਨਵੰਬਰ ਨੂੰ ਉਨ੍ਹਾਂ ਨਾਲ ਪਟਿਆਲਾ ਦੀ ਜੇਲ੍ਹ ਵਿਖੇ ਸ਼੍ਰੋਮਣੀ ਕਮੇਟੀ ਵਫ਼ਦ ਨੇ ਮੁਲਾਕਾਤ ਕੀਤੀ ਸੀ। ਇਸ ਦੌਰਾਨ ਭਾਈ ਰਾਜੋਆਣਾ ਵੱਲੋਂ ਦਿੱਤੇ ਗਏ ਪੱਤਰ ’ਤੇ ਵਿਚਾਰ ਕਰਨ ਲਈ 30 ਨਵੰਬਰ ਅਤੇ ਫਿਰ 3 ਦਸੰਬਰ ਨੂੰ ਅੰਤ੍ਰਿੰਗ ਕਮੇਟੀ ਦੀ ਉਚੇਚੀ ਮੀਟਿੰਗ ਬੁਲਾਈ ਗਈ, ਜਿਸ ਦੌਰਾਨ 20 ਦਸੰਬਰ ਨੂੰ ਦਿੱਲੀ ਵਿਖੇ ਪੰਥਕ ਪ੍ਰਦਰਸ਼ਨ ਦਾ ਫੈਸਲਾ ਹੋਇਆ। ਇਸ ਦੀਆਂ ਤਿਆਰੀਆਂ ਵੀ ਪਹਿਲਾਂ ਤੋਂ ਜਾਰੀ ਸਨ। 

ਵੱਡੀ ਗਿਣਤੀ ਵਿਚ ਪੰਥਕ ਜਥੇਬੰਦੀਆਂ, ਸ਼੍ਰੋਮਣੀ ਅਕਾਲੀ ਦਲ, ਕਾਰਸੇਵਾ ਸੰਪ੍ਰਦਾਵਾਂ, ਨਿਰਮਲੇ, ਉਦਾਸੀ, ਨਿਹੰਗ ਸਿੰਘ, ਦਮਦਮੀ ਟਕਸਾਲ, ਫੈਡਰੇਸ਼ਨਾਂ ਅਤੇ ਕਿਸਾਨ ਜਥੇਬੰਦੀਆਂ ਸਮੇਤ ਪੰਥ ਹਿਤੈਸ਼ੀਆਂ ਵੱਲੋਂ ਇਸ ਦਾ ਭਰਪੂਰ ਸਮਰਥਨ ਕਰਦਿਆਂ ਸ਼ਾਮਲ ਹੋਣ ਦੀ ਵਚਨਬੱਧਤਾ ਪ੍ਰਗਟਾਈ ਸੀ। 

ਉਨ੍ਹਾਂ ਕਿਹਾ ਕਿ ਬੇਸ਼ੱਕ ਇਹ ਸ਼੍ਰੋਮਣੀ ਕਮੇਟੀ ਵੱਲੋਂ ਵੱਖਰੇ ਤੌਰ ’ਤੇ ਐਲਾਨ ਕੀਤਾ ਗਿਆ ਪ੍ਰੋਗਰਾਮ ਸੀ, ਪਰ ਬੰਦੀ ਸਿੰਘਾਂ ਦੇ ਮਾਮਲੇ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਪੰਜ ਮੈਂਬਰੀ ਕਮੇਟੀ ਦੇ ਹਰ ਮੈਂਬਰ ਦਾ ਸਤਿਕਾਰ ਹੈ। ਐਡਵੋਕੇਟ ਧਾਮੀ ਨੇ ਪੰਥਕ ਪ੍ਰਦਰਸ਼ਨ ਲਈ ਸ਼੍ਰੋਮਣੀ ਕਮੇਟੀ ਦਾ ਸਹਿਯੋਗ ਦੇਣ ਦਾ ਐਲਾਨ ਕਰਨ ਵਾਲੀਆਂ ਸਾਰੀਆਂ ਧਿਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਵਿੱਖ ਅੰਦਰ ਵੀ ਉਹ ਪੰਥਕ ਕਾਰਜਾਂ ਲਈ ਅਜਿਹੇ ਸਮਰਥਨ ਦੀ ਆਸ ਕਰਦੇ ਹਨ।

'ਸ਼ਹੀਦੀ ਪੰਦਰਵਾੜੇ ਦੌਰਾਨ 16 ਤੋਂ 31 ਦਸੰਬਰ ਤੱਕ ਗੁਰੂ ਘਰਾਂ ਵਿਚ ਬਣਨਗੇ ਸਾਦੇ ਲੰਗਰ'
ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਸ਼ੁਰੂ ਹੋਏ ਸ਼ਹੀਦੀ ਪੰਦਰਵਾੜੇ ਦੌਰਾਨ 16 ਦਸੰਬਰ ਤੋਂ 31 ਦਸੰਬਰ 2023 ਤੱਕ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਾਲੇ ਗੁਰਦੁਆਰਾ ਸਾਹਿਬਾਨ ਅੰਦਰ ਜਿਥੇ ਕਿਸੇ ਵਿਅਕਤੀ ਵਿਸ਼ੇਸ਼ ਨੂੰ ਸਿਰੋਪਾਓ ਅਤੇ ਵਿਸ਼ੇਸ਼ ਸਨਮਾਨ ਨਹੀਂ ਦਿੱਤੇ ਜਾਣਗੇ, ਉਥੇ ਹੀ ਲੰਗਰਾਂ ਵਿਚ ਵੀ ਮਿੱਠੇ ਪਕਵਾਨ ਵੀ ਨਹੀਂ ਬਣਨਗੇ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਨੇ ਕਿਹਾ ਕਿ ਸਾਹਿਬਜ਼ਾਦਿਆਂ ਦੀਆਂ ਸ਼ਹਾਹਦਤਾਂ ਨੂੰ ਸਮਰਪਤ ਸ਼ਹੀਦੀ ਪੰਦਰਵਾੜਾ ਸਿੱਖ ਕੌਮ ਲਈ ਬੇਹੱਦ ਭਾਵੁਕ ਸਮਾਂ ਹੈ। 

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਫੈਸਲੇ ਅਨੁਸਾਰ ਸ਼ਹੀਦੀ ਪੰਦਰਵਾੜੇ ਦੌਰਾਨ ਗੁਰੂ ਕੇ ਲੰਗਰਾਂ ਵਿਚ ਸਾਦੇ ਪਕਵਾਨ ਵਰਤਾਏ ਜਾਣਗੇ ਅਤੇ ਕਿਸੇ ਵੀ ਵਿਸ਼ੇਸ਼ ਵਿਅਕਤੀ ਸਿਰੋਪਾਓ ਨਹੀਂ ਦਿੱਤੇ ਜਾਣਗੇ। ਉਨ੍ਹਾਂ ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਸ਼ਹੀਦੀ ਪੰਦਰਵਾੜੇ ਦੀ ਭਾਵੁਕਤਾ ਨੂੰ ਵੇਖਦਿਆਂ ਆਪੋ ਆਪਣੇ ਪ੍ਰਬੰਧਾਂ ਵਾਲੇ ਸਥਾਨਾਂ ’ਤੇ ਇਸ ਫੈਸਲੇ ਨੂੰ ਲਾਗੂ ਕਰਨ। ਐਡਵੋਕੇਟ ਧਾਮੀ ਨੇ ਸੰਗਤਾਂ ਨੂੰ ਸਾਹਿਬਜ਼ਾਦਿਆਂ ਦੀ ਯਾਦ ਵਿਚ ਵੱਧ ਤੋਂ ਵੱਧ ਗੁਰਬਾਣੀ ਦਾ ਜਾਪ ਕਰਨ ਦੀ ਅਪੀਲ ਵੀ ਕੀਤੀ।

- PTC NEWS

Top News view more...

Latest News view more...

PTC NETWORK