Tue, Dec 23, 2025
Whatsapp

ਬੇਕਸੂਰ ਨੌਜੁਆਨਾਂ ਦੀ ਗ੍ਰਿਫ਼ਤਾਰੀ ਵਿਰੁੱਧ ਸ਼੍ਰੋਮਣੀ ਕਮੇਟੀ ਨੇ ਕੱਢਿਆ ਰੋਸ ਮਾਰਚ

ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਂ ’ਤੇ ਲਿਖਿਆ ਇਕ ਮੈਮੋਰੰਡਮ ਵੀ ਸ੍ਰੀ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਦਿੱਤਾ ਗਿਆ। ਰੋਸ ਮਾਰਚ ਦੀ ਅਗਵਾਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੀਤੀ, ਜਦਕਿ ਇਸ ਮੌਕੇ ਵੱਡੀ ਗਿਣਤੀ ਵਿਚ ਸ਼੍ਰੋਮਣੀ ਕਮੇਟੀ ਅਹੁਦੇਦਾਰ, ਮੈਂਬਰ, ਅਧਿਕਾਰੀ, ਕਰਮਚਾਰੀ, ਰਾਗੀ, ਢਾਡੀ, ਕਵੀਸ਼ਰ ਜਥੇ ਅਤੇ ਪ੍ਰਚਾਰਕ ਸ਼ਾਮਲ ਹੋਏ।

Reported by:  PTC News Desk  Edited by:  Jasmeet Singh -- March 31st 2023 04:55 PM
ਬੇਕਸੂਰ ਨੌਜੁਆਨਾਂ ਦੀ ਗ੍ਰਿਫ਼ਤਾਰੀ ਵਿਰੁੱਧ ਸ਼੍ਰੋਮਣੀ ਕਮੇਟੀ ਨੇ ਕੱਢਿਆ ਰੋਸ ਮਾਰਚ

ਬੇਕਸੂਰ ਨੌਜੁਆਨਾਂ ਦੀ ਗ੍ਰਿਫ਼ਤਾਰੀ ਵਿਰੁੱਧ ਸ਼੍ਰੋਮਣੀ ਕਮੇਟੀ ਨੇ ਕੱਢਿਆ ਰੋਸ ਮਾਰਚ

ਅੰਮ੍ਰਿਤਸਰ: ਪੰਜਾਬ ਅੰਦਰ ਅੰਮ੍ਰਿਤਪਾਲ ਸਿੰਘ ਦੇ ਮਾਮਲੇ ’ਚ ਬੇਕਸੂਰ ਨੌਜੁਆਨਾਂ ਦੀ ਗ੍ਰਿਫ਼ਤਾਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ-ਮਰਯਾਦਾ ਅਤੇ ਆਭਾ ਨੂੰ ਠੇਸ ਪਹੁੰਚਾਉਣ ਵਾਲੀਆਂ ਕੀਤੀਆਂ ਟਿੱਪਣੀਆਂ ਵਿਰੁੱਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਡਿਪਟੀ ਕਮਿਸ਼ਨਰ ਦਫ਼ਤਰ ਤੱਕ ਵਿਸ਼ਾਲ ਰੋਸ ਮਾਰਚ ਆਯੋਜਤ ਕੀਤਾ ਗਿਆ। 

ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਂ ’ਤੇ ਲਿਖਿਆ ਇਕ ਮੈਮੋਰੰਡਮ ਵੀ ਸ੍ਰੀ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਦਿੱਤਾ ਗਿਆ। ਰੋਸ ਮਾਰਚ ਦੀ ਅਗਵਾਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੀਤੀ, ਜਦਕਿ ਇਸ ਮੌਕੇ ਵੱਡੀ ਗਿਣਤੀ ਵਿਚ ਸ਼੍ਰੋਮਣੀ ਕਮੇਟੀ ਅਹੁਦੇਦਾਰ, ਮੈਂਬਰ, ਅਧਿਕਾਰੀ, ਕਰਮਚਾਰੀ, ਰਾਗੀ, ਢਾਡੀ, ਕਵੀਸ਼ਰ ਜਥੇ ਅਤੇ ਪ੍ਰਚਾਰਕ ਸ਼ਾਮਲ ਹੋਏ। 


ਸ੍ਰੀ ਦਰਬਾਰ ਸਾਹਿਬ ਦੇ ਬਾਹਰ ਪਲਾਜ਼ਾ ਤੋਂ ਆਰੰਭ ਹੋਏ ਰੋਸ ਮਾਰਚ ਦੌਰਾਨ ਹਾਜ਼ਰ ਸ਼੍ਰੋਮਣੀ ਕਮੇਟੀ ਮੈਂਬਰਾਂ ਅਤੇ ਮੁਲਾਜ਼ਮਾਂ ਨੇ ਸਤਿਨਾਮ ਵਾਹਿਗੁਰੂ ਜਾਪ ਕਰਦਿਆਂ ਸਥਾਨਕ ਕਚਹਿਰੀ ਚੌਂਕ ਵਿਖੇ ਪੁੱਜ ਕੇ ਸੰਕੇਤਕ ਰੂਪ ਵਿਚ ਧਰਨਾ ਦਿੱਤਾ। ਇਥੋਂ ਸ਼੍ਰੋਮਣੀ ਕਮੇਟੀ ਦੇ ਪੰਜ ਮੈਂਬਰ ਡਿਪਟੀ ਕਮਿਸ਼ਨਰ ਦਫ਼ਤਰ ਪੁੱਜੇ, ਜਿਥੇ ਉਨ੍ਹਾਂ ਨੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਰਿੰਦਰ ਸਿੰਘ ਨੂੰ ਮੈਮੋਰੰਡਮ ਸੌਂਪਿਆ।

ਪੰਜਾਬ ਦੇ ਮੁੱਖ ਮੰਤਰੀ ਦੇ ਨਾਂ ’ਤੇ ਭੇਜੇ ਗਏ ਮੈਮੋਰੰਡਮ ਵਿਚ ਬੀਤੇ ਦਿਨਾਂ ਅੰਦਰ ਗ੍ਰਿਫ਼ਤਰ ਕੀਤੇ ਗਏ ਸਾਰੇ ਬੇਕਸੂਰ ਨੌਜੁਆਨਾਂ ਨੂੰ ਤੁਰੰਤ ਰਿਹਾਅ ਕਰਨ ਅਤੇ ਨੌਜੁਆਨਾਂ ’ਤੇ ਲਗਾਇਆ ਗਿਆ ਐਨਐਸਏ ਹਟਾਉਣ ਦੀ ਮੰਗ ਕੀਤੀ ਗਈ। ਇਸ ਦੇ ਨਾਲ ਹੀ ਮੈਮੋਰੰਡਮ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਿਰੁੱਧ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀਆਂ ਗਈਆਂ ਗੈਰ-ਸਿਧਾਂਤਕ ਟਿੱਪਣੀਆਂ ਦੀ ਵੀ ਆਲੋਚਨਾ ਕੀਤੀ ਗਈ ਹੈ। ਸਾਫ਼ ਤੌਰ ’ਤੇ ਕਿਹਾ ਗਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੱਖ ਕੌਮ ਦੀ ਪ੍ਰਤੀਨਿਧਤਾ ਕਰਦੇ ਹਨ ਅਤੇ ਉਨ੍ਹਾਂ ਨੇ ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਆਪਣਾ ਫ਼ਰਜ਼ ਬਾਖੂਬੀ ਨਿਭਾਇਆ ਹੈ। 

ਪੱਤਰ ’ਚ ਪੰਜਾਬ ਦੇ ਮੁੱਖ ਮੰਤਰੀ ਨੂੰ ਸਲਾਹ ਦਿੱਤੀ ਗਈ ਕਿ ਉਹ ਮੌਜੂਦਾ ਹਾਲਾਤਾਂ ’ਤੇ ਗਹਿਰ-ਗੰਭੀਰ ਅਧਿਐਨ ਕਰਨ ਅਤੇ ਪੰਜਾਬ ਦੇ ਸਰੋਕਾਰਾਂ ਵਿਰੁੱਧ ਭੁਗਤਣ ਤੋਂ ਬਚਣ। ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਨ ਦੀ ਆੜ ਵਿਚ ਵੱਡੀ ਗਿਣਤੀ ਬੇਕਸੂਰ ਨੌਜੁਆਨਾਂ ਨੂੰ ਗ੍ਰਿਫ਼ਤਾਰ ਕਰਨਾ ਠੀਕ ਨਹੀਂ ਹੈ। ਇਸ ਵਰਤਾਰੇ ਨਾਲ ਦੇਸ਼ ਅੰਦਰ ਸਿੱਖਾਂ ਵਿਰੁੱਧ ਇਕ ਸਾਜ਼ਿਸ਼ ਤਹਿਤ ਬਿਰਤਾਂਤ ਸਿਰਜਿਆ ਜਾ ਰਿਹਾ ਹੈ, ਜੋ ਸਿੱਖ ਕੌਮ ਦੇ ਨਾਲ-ਨਾਲ ਪੰਜਾਬ ਲਈ ਵੀ ਚੰਗਾ ਨਹੀਂ ਹੈ। 

ਇਸ ਪੱਤਰ ਰਾਹੀਂ ਯਾਦ ਕਰਵਾਇਆ ਗਿਆ ਕਿ ਪੰਜਾਬ ਨੇ ਹਮੇਸ਼ਾ ਹੀ ਭਾਰਤ ਦੇਸ਼ ਦੇ ਸੱਭਿਆਚਾਰ ਨੂੰ ਬਚਾਉਣ ਅਤੇ ਹੱਦਾਂ ਸਰਹੱਦਾਂ ਦੀ ਰਾਖੀ ਕਰਨ ਲਈ ਮੋਹਰੀ ਭੂਮਿਕਾ ਨਿਭਾਈ ਹੈ। ਪੰਜਾਬ ਦੇ ਸਰੋਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਹੱਕ ਸੱਚ ਤੇ ਮਨੁੱਖਤਾ ਦੀ ਭਲਾਈ ਵਾਲੀ ਸੋਚ ’ਤੇ ਅਧਾਰਿਤ ਹਨ। ਸਿੱਖ ਹਮੇਸ਼ਾ ਦੇਸ਼ ਲਈ ਕੁਰਬਾਨੀਆਂ ਦਿੰਦੇ ਰਹੇ ਹਨ ਅਤੇ ਅਜ਼ਾਦੀ ਦੀ ਘੋਲ ਦੌਰਾਨ ਇਹ ਕੁਰਬਾਨੀਆਂ 80 ਫੀਸਦੀ ਤੋਂ ਵੱਧ ਸਨ। 

ਪਰ ਦੇਸ਼ ਦੀ ਅਜ਼ਾਦੀ ਮਗਰੋਂ ਸਿੱਖਾਂ ਦੇ ਮਸਲਿਆਂ ਪ੍ਰਤੀ ਸਰਕਾਰਾਂ ਨੇ ਹਮੇਸ਼ਾ ਹੀ ਉਦਾਸੀਨਤਾ ਵਾਲੀ ਨੀਤੀ ਅਪਣਾਈ ਰੱਖੀ, ਜਿਸ ਕਰਕੇ ਸਿੱਖ ਕੌਮ ਅੰਦਰ ਰੋਸ ਰਹਿੰਦਾ ਹੈ। ਸਿੱਖਾਂ ਦੇ ਇਨ੍ਹਾਂ ਸਰੋਕਾਰਾਂ ਨੂੰ ਸਮਝੇ ਬਿਨਾਂ ਪੰਜਾਬ ਦੇ ਮੁੱਖ ਮੰਤਰੀ ਵਜੋਂ ਅਗਵਾਈ ਕਰਨੀ ਸੰਭਵ ਨਹੀਂ।

- PTC NEWS

Top News view more...

Latest News view more...

PTC NETWORK
PTC NETWORK