UttaraKhand News : ਰਿਸ਼ੀਕੇਸ਼ ’ਚ ਸਿੱਖ ਵਪਾਰੀ ਦੀ ਕੁੱਟਮਾਰ ਦਾ ਸ਼੍ਰੋਮਣੀ ਕਮੇਟੀ ਨੇ ਲਿਆ ਸਖ਼ਤ ਨੋਟਿਸ, ਮੁੱਖ ਮੰਤਰੀ ਧਾਮੀ ਨੂੰ ਲਿਖਿਆ ਪੱਤਰ
UttaraKhand News : ਉੱਤਰਾਖੰਡ ਦੇ ਰਿਸ਼ੀਕੇਸ਼ ਵਿਖੇ ਸਿੱਖ ਵਪਾਰੀ ਨਾਲ ਭੀੜ ਵੱਲੋਂ ਕੀਤੀ ਗਈ ਕੁੱਟਮਾਰ ਅਤੇ ਉਸਦੇ ਸ਼ੋਅਰੂਮ ਨੂੰ ਪਹੁੰਚਾਏ ਗਏ ਨੁਕਸਾਨ ਦਾ ਸਖ਼ਤ ਨੋਟਿਸ ਲੈਂਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਘਟਨਾ ਦੀ ਕਰੜੀ ਨਿੰਦਾ ਕੀਤੀ ਹੈ ਅਤੇ ਦੋਸ਼ੀ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਇਸ ਘਟਨਾ ਨੂੰ ਲੈ ਕੇ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਧਾਮੀ ਅਤੇ ਉੱਤਰਾਖੰਡ ਪੁਲਿਸ ਨੂੰ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਈ-ਮੇਲ ਪੱਤਰ ਵੀ ਲਿਖਿਆ ਹੈ। ਉਨ੍ਹਾਂ ਕਿਹਾ ਕਿ ਬੀਤੇ ਕੱਲ੍ਹ ਵਾਪਰੀ ਇਸ ਘਟਨਾ ਦੀ ਵਾਇਰਲ ਵੀਡੀਓ ਤੋਂ ਸਪੱਸ਼ਟ ਹੋ ਰਿਹਾ ਹੈ ਕਿ ਭੀੜ ਵੱਲੋਂ ਸਿੱਖ ਵਪਾਰੀਆਂ ਨਾਲ ਕੁੱਟਮਾਰ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਸ਼ੋਅਰੂਮ ਉੱਤੇ ਵੀ ਪੱਥਰਬਾਜ਼ੀ ਕਰਕੇ ਬਹੁਤ ਨੁਕਸਾਨ ਪਹੁੰਚਾਇਆ ਹੈ।
ਉਨ੍ਹਾਂ ਕਿਹਾ ਕਿ ਕਿਉਂਕਿ ਭੀੜ ਵੱਲੋਂ ਸਿੱਖ ਵਪਾਰੀ ਦੀ ਦਸਤਾਰ ਉਤਾਰੀ ਗਈ ਅਤੇ ਉਸ ਦੇ ਕੇਸਾਂ ਦੀ ਬੇਅਦਬੀ ਕੀਤੀ ਗਈ, ਇਸ ਲਈ ਪੁਲਿਸ ਦੋਸ਼ੀਆਂ ਖ਼ਿਲਾਫ਼ ਦਰਜ ਕੀਤੇ ਗਏ ਪਰਚੇ ਵਿੱਚ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਦੀਆਂ ਧਾਰਾਵਾਂ ਵੀ ਸ਼ਾਮਲ ਕਰੇ।
ਕੁਲਵੰਤ ਸਿੰਘ ਮੰਨਣ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਪੀੜਤ ਸਿੱਖ ਨਾਲ ਗੱਲਬਾਤ ਕੀਤੀ ਗਈ ਹੈ ਅਤੇ ਸਿੱਖ ਸੰਸਥਾ ਉਸ ਦੇ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਸਿੱਖ ਵਪਾਰੀ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਸ ਘਟਨਾ ਪਿੱਛੇ ਸਥਾਨਕ ਕਾਂਗਰਸ ਕੌਂਸਲਰ ਦਾ ਹੱਥ ਹੈ ਜੋ ਪਿਛਲੇ ਸਮੇਂ ਤੋਂ ਇਨ੍ਹਾਂ ਸਿੱਖ ਵਪਾਰੀਆਂ ਨੂੰ ਤੰਗ-ਪਰੇਸ਼ਾਨ ਵੀ ਕਰਦਾ ਆ ਰਿਹਾ ਹੈ।
ਆਪਣੇ ਪੱਤਰ ਵਿੱਚ ਸ਼੍ਰੋਮਣੀ ਕਮੇਟੀ ਮੁੱਖ ਸਕੱਤਰ ਨੇ ਉੱਤਰਾਖੰਡ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਉਹ ਸੂਬੇ ਦੀ ਪੁਲਿਸ ਨੂੰ ਆਦੇਸ਼ ਕਰਨ ਕਿ ਇਸ ਘਟਨਾ ਦੀ ਨਿਰਪੱਖ ਜਾਂਚ ਹੋਵੇ ਅਤੇ ਦੋਸ਼ੀ ਵਿਅਕਤੀਆਂ ਦੀ ਪਛਾਣ ਕਰਕੇ ਤੁਰੰਤ ਗ੍ਰਿਫ਼ਤਾਰ ਕੀਤੇ ਜਾਣ। ਉਨ੍ਹਾਂ ਸਰਕਾਰਾਂ ਨੂੰ ਸਮੁੱਚੇ ਦੇਸ਼ ਅੰਦਰ ਘੱਟਗਿਣਤੀ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਵੀ ਆਖਿਆ।
ਇਹ ਵੀ ਪੜ੍ਹੋ : Diljit Dosanjh Show News : ਮੁੜ ਸੁਰਖੀਆਂ ’ਚ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦਾ ਸ਼ੋਅ; ਧੋਖਾਧੜੀ ਦਾ ਮਾਮਲਾ ਦਰਜ
- PTC NEWS