Shubhkaran Singh First Death Anniversary : ਅੱਜ ਮਨਾਈ ਜਾ ਰਹੀ ਸ਼ੁਭਕਰਨ ਸਿੰਘ ਦੀ ਪਹਿਲੀ ਬਰਸੀ; ਪਿੰਡ ਬੱਲੋ ’ਚ ਕੀਤਾ ਗਿਆ ਬੁੱਤ ਸਥਾਪਿਤ
Shubhkaran Singh First Death Anniversary : ਕਿਸਾਨੀ ਸੰਘਰਸ਼ ਦੌਰਾਨ ਮਾਰੇ ਗਏ ਜ਼ਿਲ੍ਹਾ ਬਠਿੰਡਾ ਦੇ ਪਿੰਡ ਬੱਲੋ ਦੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਮਾਨ ਦੀ ਅੱਜ ਬਰਸੀ ਉਨ੍ਹਾਂ ਦੇ ਪਿੰਡ ਬੱਲੋ ਵਿਖੇ ਮਨਾਈ ਜਾ ਰਹੀ ਹੈ। ਬਰਸੀ ਸਮਾਗਮ ਤੋਂ ਪਹਿਲਾਂ ਪਰਿਵਾਰ ਵੱਲੋਂ ਪਿੰਡ ਵਿੱਚ ਨੌਜਵਾਨ ਦੀ ਯਾਦ ਵਿੱਚ ਬੁੱਤ ਸਥਾਪਿਤ ਕੀਤਾ ਗਿਆ ਹੈ ਜਿਸ ਤੋਂ ਕਿਸਾਨ ਆਗੂਆਂ ਨੇ ਪਰਦਾ ਚੁੱਕਿਆ ਅਤੇ ਪਰਿਵਾਰਿਕ ਮੈਂਬਰਾਂ ਨੇ ਨੌਜਵਾਨ ਕਿਸਾਨ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਘਟਨਾ ਵਾਪਰਨ ਸਮੇਂ ਖਨੋਰੀ ਬਾਰਡਰ ’ਤੇ ਮੌਜੂਦ ਕਿਸਾਨ ਆਗੂ ਲਖਵਿੰਦਰ ਸਿੰਘ ਔਲਖ ਨੇ ਵਾਪਰੀ ਘਟਨਾ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਕਿਸਾਨੀ ਸੰਘਰਸ਼ ਵਿੱਚ ਉਹਨਾਂ ਨਾਲ ਗਿਆ ਸੀ ਪਰ ਜਦੋਂ ਹਰਿਆਣਾ ਪੁਲਿਸ ਵੱਲੋਂ ਅਥਰੂ ਗੈਸ ਦੇ ਗੋਲੇ ਅਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਤਾਂ ਕਿਸਾਨ ਉਥੋਂ ਵਾਪਸ ਹੋਣ ਲੱਗੇ ਤਾਂ ਸ਼ੁਭਕਰਨ ਵੀ ਵਾਪਸ ਹੋ ਰਿਹਾ ਸੀ ਤੇ ਇਹਦੇ ਪਿੱਛੋਂ ਨਿਸ਼ਾਨਾ ਬਣਾ ਕੇ ਗੋਲੀ ਮਾਰ ਦਿੱਤੀ ਗਈ।
ਕਿਸਾਨ ਆਗੂ ਨੇ ਕਿਹਾ ਕਿ ਨਾ ਹੀ ਤਾਂ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਦੇ ਰਹੀ ਹੈ ਤੇ ਨਾ ਹੀ ਪੰਜਾਬ ਦੀ ਮੌਜੂਦਾ ਸਰਕਾਰ ਵੀ ਕੇਂਦਰ ਸਰਕਾਰ ਦੇ ਦਬਾਅ ਹੇਠ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸ਼ੁਭਕਰਨ ਸਿੰਘ ਦੀ ਅੰਤਿਮ ਅਰਦਾਸ ਮੌਕੇ ਬਹੁਤ ਸਾਰੇ ਵਾਅਦੇ ਕੀਤੇ ਸਨ। ਪਰ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ। ਇੱਥੋਂ ਤੱਕ ਕਿ ਪਿੰਡ ਵਿੱਚ ਯਾਦਗਾਰ ਸਥਾਪਿਤ ਪਰਿਵਾਰ ਵੱਲੋਂ ਖ਼ੁਦ ਕੀਤੀ ਗਈ ਹੈ ਅਤੇ ਅੱਜ ਵੀ ਸਰਕਾਰ ਦਾ ਕੋਈ ਵੀ ਨੁਮਾਇੰਦਾ ਪਰਿਵਾਰ ਨਾਲ ਬਰਸੀ ਮੌਕੇ ਦੁੱਖ ਸਾਂਝਾ ਕਰਨ ਨਹੀਂ ਪਹੁੰਚਿਆ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਨੌਜਵਾਨ ਕਿਸਾਨ ਆਗੂ ਸ਼ੁਭਕਰਨ ਸਿੰਘ ਦੀ ਯਾਦ ਵਿੱਚ ਸਟੇਡੀਅਮ ਬਣਾਉਣ ਅਤੇ ਸੜਕ ਬਣਾਉਣ ਦਾ ਵਾਅਦਾ ਕੀਤਾ ਸੀ ਪਰ ਇੱਕ ਸਾਲ ਪੂਰਾ ਹੋਣ ਦੇ ਬਾਵਜੂਦ ਕੋਈ ਵਾਅਦੇ ਪੂਰੇ ਨਹੀਂ ਕੀਤੇ ਅਤੇ ਨਾ ਹੀ ਸ਼ੁਭਕਰਨ ਸਿੰਘ ਨੂੰ ਗੋਲੀ ਮਾਰ ਕੇ ਮਾਰੇ ਜਾਣ ਦੇ ਮਾਮਲੇ ਵਿੱਚ ਕੋਈ ਕਾਰਵਾਈ ਕੀਤੀ ਗਈ ਅਤੇ ਨਾ ਹੀ ਅਜੇ ਤੱਕ ਪਰਿਵਾਰ ਨੂੰ ਇਨਸਾਫ ਮਿਲਿਆ।
ਇਹ ਵੀ ਪੜ੍ਹੋ: MP Amritpal Singh : ਰੱਦ ਹੋ ਜਾਵੇਗੀ ਅੰਮ੍ਰਿਤਪਾਲ ਸਿੰਘ ਦੀ ਖਡੂਰ ਸਾਹਿਬ ਤੋਂ ਸਾਂਸਦੀ ? ਸਿਰਫ਼ 6 ਦਿਨ ਬਾਕੀ, ਜਾਣੋ ਕੀ ਹੈ ਕਾਰਨ
- PTC NEWS