Fatehgarh Sahib News : ਪਿੰਡ ਜਖਵਾਲੀ ਵਿਖੇ ਸਿੱਖ ਪਰਿਵਾਰ ਨੇ ਮੁਸਲਿਮ ਭਾਈਚਾਰੇ ਨੂੰ ਮਸਜਿਦ ਬਣਾਉਣ ਲਈ ਦਾਨ ਦਿੱਤੀ ਕਰੋੜਾਂ ਰੁਪਏ ਦੀ ਜ਼ਮੀਨ
Fatehgarh Sahib News : ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਗੁਰਦੁਆਰਾ ਮੰਜੀ ਸਾਹਿਬ ਨੌਵੀਂ ਪਾਤਸ਼ਾਹੀ ਧੰਨ -ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਪਿੰਡ ਜਖਵਾਲੀ ਵਿਖੇ ਮਾਤਾ ਰਾਜਿੰਦਰ ਕੌਰ ਪਤਨੀ ਮਰਹੂਮ ਜਰਨੈਲ ਸਿੰਘ ਦੇ ਪਰਿਵਾਰ ਨੇ ਪਿੰਡ ਦੇ ਮੁਸਲਮਾਨ ਭਾਈਚਾਰੇ ਨੂੰ ਨਮਾਜ਼ ਅਦਾ ਕਰਨ ਲਈ ਆ ਰਹੀ ਤੰਗੀ ਨੂੰ ਵੇਖਦੇ ਹੋਏ ਆਪਣੀ 5 ਮਰਲੇ ਜ਼ਮੀਨ ਮਸਜਿਦ ਬਣਾਉਣ ਲਈ ਦਾਨ ਵਿੱਚ ਦਿੱਤੀ। ਇਸ ਮੌਕੇ 'ਤੇ ਵਿਸ਼ੇਸ਼ ਤੌਰ 'ਤੇ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਮਸਜਿਦ ਦਾ ਨੀਹ ਪੱਥਰ ਰੱਖਣ ਪੁੱਜੇ ।
ਸ਼ਾਹੀ ਇਮਾਮ ਨੇ ਇਸ ਮੌਕੇ 'ਤੇ ਕਿਹਾ ਕਿ ਪੰਜਾਬ ਦੀ ਧਰਤੀ ਤੋਂ ਅੱਜ ਵੀ ਵਿਸ਼ਵ ਨੂੰ ਆਪਸੀ ਭਾਈਚਾਰਕ ਸਾਂਝ ਦਾ ਸੁਨੇਹਾ ਭੇਜਿਆ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਸਰਬ ਧਰਮਾਂ ਦੇ ਲੋਕ ਆਪਣੇ ਆਪਣੇ ਧਰਮ ਵਿੱਚ ਪਰਪੱਖ ਹੋ ਕੇ ਇੱਕ ਦੂਜੇ ਦਾ ਸਤਿਕਾਰ ਕਰਨਾ ਚੰਗੀ ਤਰ੍ਹਾਂ ਜਾਣਦੇ ਹਨ। ਉਹਨਾਂ ਨੇ ਕਿਹਾ ਕਿ ਪੰਜਾਬ ਨੇ ਹਮੇਸ਼ਾ ਨਫਰਤ ਦੇ ਮੁਕਾਬਲੇ ਮੁਹੱਬਤ ਦੀ ਅਲਖ ਜਗਾ ਕੇ ਰੱਖੀ ਹੈ।
ਇਸ ਮੌਕੇ 'ਤੇ ਮਾਤਾ ਰਾਜਿੰਦਰ ਕੌਰ ਦੇ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਪਿੰਡ ਵਿੱਚ ਵਸਦੇ ਮੁਸਲਮਾਨ ਭਾਈਚਾਰੇ ਨੂੰ ਨਮਾਜ਼ ਅਦਾ ਕਰਨ ਲਈ ਆ ਰਹੀ ਤੰਗੀ ਨੂੰ ਵੇਖਦੇ ਹੋਏ ਆਪਣੀ ਮਿਹਨਤ ਮੁਸ਼ੱਕਤ ਨਾਲ ਖਰੀਦੀ ਹੋਈ 5 ਮਰਲੇ ਜ਼ਮੀਨ ਮਸਜਿਦ ਬਣਾਉਣ ਲਈ ਦਾਨ ਵਿੱਚ ਦਿੱਤੀ, ਕਿਉਂਕਿ ਉਹ ਪਿੰਡ ਦੇ ਮੁਸਲਿਮ ਭਾਈਚਾਰੇ ਨਾਲ ਕਾਫੀ ਲਗਾਓ ਰੱਖਦੇ ਹਨ।
ਇਸ ਮੌਕੇ 'ਤੇ ਪਿੰਡ ਦੇ ਸਾਬਕਾ ਸਰਪੰਚ ਅਜੈਬ ਸਿੰਘ ਜਗਵਾਲੀ ਨੇ ਕਿਹਾ ਕਿ ਪਿੰਡ ਦਾ ਮੁਸਲਿਮ ਭਾਈਚਾਰਾ ਹਿੰਦੂ ਅਤੇ ਸਿੱਖ ਪਰਿਵਾਰਾਂ ਵੱਲੋਂ ਮਨਾਈ ਜਾਂਦੇ ਹਰੇਕ ਤਿਉਹਾਰਾਂ ਵਿੱਚ ਹਮੇਸ਼ਾ ਵੱਧ ਚੜ ਕੇ ਜਿਥੇ ਸ਼ਮੂਲੀਅਤ ਕਰਦਾ ਹੈ, ਉੱਥੇ ਹਰ ਪ੍ਰਕਾਰ ਦੀ ਸੰਭਵ ਮਦਦ ਵੀ ਕਰਦਾ ਹੈ। ਇਸ ਲਈ ਉਹਨਾਂ ਦੇ ਪਿੰਡ ਵਿੱਚ ਸਾਰੇ ਧਰਮਾਂ ਦੇ ਲੋਕ ਆਪਸ ਵਿੱਚ ਇੱਕ ਪਰਿਵਾਰ ਵਾਂਗ ਰਲ ਕੇ ਰਹਿੰਦੇ ਹਨ ਤੇ ਹੁਣ ਮਾਤਾ ਰਜਿੰਦਰ ਕੌਰ ਤੇ ਉਨਾਂ ਦੇ ਪਰਿਵਾਰ ਵੱਲੋਂ ਜੋ ਜ਼ਮੀਨ ਮੁਸਲਿਮ ਭਾਈਚਾਰੇ ਨੂੰ ਮਸਜਿਦ ਬਣਾਉਣ ਲਈ ਦਿੱਤੀ ਗਈ ਹੈ, ਉਸ ਨਾਲ ਹੋਰ ਮੁਸਲਿਮ ਅਤੇ ਸਿੱਖ ਭਾਈਚਾਰੇ ਵਿੱਚ ਆਪਸੀ ਸਾਂਝ ਵਿੱਚ ਵਾਧਾ ਹੋਇਆ ਹੈ।
- PTC NEWS