ਮੀਰੀ ਪੀਰੀ ਦਿਵਸ ’ਤੇ ਵਿਸ਼ੇਸ਼
ਮੀਰੀ ਪੀਰੀ
ਜਗਤ ਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਸੰਸਾਰ ਅਤੇ ਨਿਰੰਕਾਰ, ਭਗਤੀ ਅਤੇ ਸ਼ਕਤੀ, ਤਿਆਗ ਅਤੇ ਨਿਰਾਕਾਰ ਦਾ ਸਮਤੋਲ ਹੈ ।ਇਸੇ ਲਈ ਗੁਰੂ ਸਾਹਿਬ ਨੇ ਸਿੱਖੀ ਸਿਧਾਂਤਾਂ ਵਿੱਚ ਇਹਨਾਂ ਨੂੰ ਤੋੜਨ ਦੀ ਥਾਂ ਤੇ ਇਹਨਾਂ ਨੂੰ ਜੋੜਿਆ ਅਤੇ ਆਪਣੇ ਸਿਧਾਂਤਾਂ ਦੇ ਮੰਨਣਹਾਰਿਆਂ ਵਿੱਚ ਮੀਰੀ ਅਤੇ ਪੀਰੀ ਦੋਹਾਂ ਦੇ ਸਿਧਾਂਤਾਂ ਨੂੰ ਭਰਿਆ । ਪੁਰਾਣੀਆਂ ਵਿਚਾਰਧਾਰਾਵਾਂ ਇਹਨਾਂ ਦੇ ਸੁਮੇਲ ਦੇ ਵਿਰੁੱਧ ਸਨ ਪਰ ਗੁਰੂ ਨਾਨਕ ਵਿਚਾਰਧਾਰਾ ਇਹਨਾਂ ਦੇ ਸੁਮੇਲ ਦੇ ਹੱਕ ਵਿੱਚ ਹੈ । ਗੁਰੂ ਸਾਹਿਬ ਚਾਹੁੰਦੇ ਸਨ ਕਿ ਹਰ ਗੁਰਸਿੱਖ ਨਾ ਤਾਂ ਨਿਰਾ ਧਰਮੀ ਬਣ ਕੇ ਫੋਕਟ ਕਰਮਕਾਂਡਾਂ ਵਿੱਚ ਲੱਗਾ ਰਹੇ ਅਤੇ ਨਾ ਹੀ ਨਿਰਾ ਰਾਜਨੀਤਿਕ ਬਣ ਕੇ ਜਾਲਮ, ਨਿਰਦਈ ਤੇ ਤਾਨਾਸ਼ਾਹ ਬਣ ਜਾਵੇ । ਇਸ ਲਈ ਗੁਰੂ ਸਾਹਿਬ ਦੇ ਇਸ ਸੁਮੇਲ ਦੇ ਸਿਧਾਂਤ ਨੂੰ ਜਦੋਂ ਛੇਵੇਂ ਪਾਤਸ਼ਾਹ ਨੇ ਸੰਸਾਰ ਵਿੱਚ ਪ੍ਰਗਟ ਕੀਤਾ ਤਾਂ ਢਾਡੀਆਂ ਨੇ ਇਹ ਵੀ ਗਾਇਆ
"ਦੋ ਤਲਵਾਰਾਂ ਬੱਧੀਆਂ ਇਕ ਮੀਰੀ ਦੀ ਇੱਕ ਪੀਰੀ ਦੀ
ਇੱਕ ਅਜ਼ਮਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰ ਦੀ"
ਸਿੱਖ ਧਰਮ ਵਿੱਚ ਮੀਰੀ ਅਤੇ ਪੀਰੀ ਦਾ ਸਿਧਾਂਤ ਦੁਨਿਆਵੀ ਅਤੇ ਧਾਰਮਿਕ ਦੋਵੇਂ ਪੱਖਾਂ ਤੋਂ ਜ਼ਿੰਦਗੀ ਵਿੱਚ ਬਰਾਬਰ ਮਹੱਤਤਾ ਰੱਖਦਾ ਹੈ। ਆਮ ਤੌਰ ਤੇ ਇਹਨਾਂ ਦੋਹਾਂ ਨੂੰ ਇੱਕ ਦੂਜੇ ਦੇ ਵਿਰੋਧੀ ਮੰਨ ਲਿਆ ਜਾਂਦਾ ਹੈ। ਜਦੋਂ ਕਿ ਇਹ ਇੱਕ ਦੂਜੇ ਦੇ ਪੂਰਕ ਹਨ । ਇਹਨਾਂ ਦਾ ਸੰਤੁਲਨ ਰਹਿਣਾ ਅਤ ਜਰੂਰੀ ਹੈ । ਸਿੱਖ ਦਾ ਜੀਵਨ ਮਨੋਰਥ ਮੀਰੀ ਪੀਰੀ ਦਾ ਸੁਮੇਲ ਹੈ । ਸਿੱਖੀ ਦਾ ਇਹ ਪ੍ਰਮੁੱਖ ਸਿਧਾਂਤ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੋਂਦ ਵਿੱਚ ਆ ਚੁੱਕਾ ਸੀ। ਪਰ ਸੰਸਥਾਤਮਕ ਤੌਰ ਤੇ ਇਹਨਾਂ ਦਾ ਸਬੰਧ ਛੇਵੇਂ ਗੁਰੂ ਸ੍ਰੀ ਗੁਰੂ ਹਰਿਰਗੋਬਿੰਦ ਸਾਹਿਬ ਦੇ ਸਮੇਂ ਤੋਂ ਵੇਖਣ ਨੂੰ ਮਿਲਦਾ ਹੈ । ਜਿਨਾਂ ਨੇ ਗੁਰਗੱਦੀ ਤੇ ਬੈਠਣ ਸਮੇਂ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਕਰਕੇ ਸਿੱਖਾਂ ਦੇ ਮਨਾਂ ਵਿੱਚ ਰਾਜਸੀ ਸਰੋਕਾਰਾਂ ਪ੍ਰਤੀ ਚੇਤਨਾ ਪੈਦਾ ਕੀਤੀ । ਜਿਸ ਕਰਕੇ ਗੁਰੂ ਸਾਹਿਬ ਨੂੰ ਸੱਚਾ ਪਾਤਸ਼ਾਹ ਅਤੇ ਮੀਰੀ ਪੀਰੀ ਦਾ ਮਾਲਕ ਕਿਹਾ ਜਾਣ ਲੱਗਿਆ। ਗੁਰੂ ਹਰਿਗੋਬਿੰਦ ਸਾਹਿਬ ਜਦੋਂ ਗੁਰਤਾ ਗੱਦੀ ਦੇ ਬਿਰਾਜਮਾਨ ਹੋਏ ਤਾਂ ਗੁਰੂ ਘਰ ਦੇ ਅਨਿਨ ਸੇਵਕ ਬਾਬਾ ਬੁੱਢਾ ਜੀ, ਜਿਨਾਂ ਨੇ ਦੋ ਤਲਵਾਰਾਂ ਆਪ ਜੀ ਨੂੰ ਪਹਿਨਾਈਆਂ । ਇੱਕ ਮੀਰੀ ਦੀ ਇੱਕ ਪੀਰੀ ਦੀ, ਇੱਕ ਅਧਿਆਤਮਕ ਮੰਡਲਾਂ ਵਿੱਚ ਅਗਵਾਈ ਦੀ ਨਿਸ਼ਾਨੀ ਅਤੇ ਦੂਜੀ ਸੰਸਾਰਕ ਮਸਲਿਆਂ ਸਬੰਧੀ ਅਗਵਾਈ ਦੀ । ਇਹ ਦੋਵੇਂ ਤਲਵਾਰਾਂ ਮੀਰੀ ਅਤੇ ਪੀਰੀ ਇਸ ਗੱਲ ਦੀਆਂ ਸੂਚਕ ਸਨ ਕਿ ਸੰਸਾਰਕ ਅਤੇ ਅਧਿਆਤਮਕ ਹਰ ਤਰਾਂ ਦੀ ਸਿੱਖ ਦੀ ਮੁਸ਼ਕਿਲ ਤਖਤ ਸਾਹਿਬ ਦੇ ਉੱਪਰ ਬਿਰਾਜਮਾਨ ਗੁਰੂ ਸਾਹਿਬ ਦੀ ਰਹਿਨੁਮਾਈ ਵਿੱਚ ਹੱਲ ਹੋਵੇਗੀ। ਮੀਰੀ ਪੀਰੀ ਦੇ ਇਸ ਸਿਧਾਂਤ ਸਦਕਾ ਸਿੱਖੀ ਨੂੰ ਧਾਰਮਿਕ ਅਤੇ ਅਖਲਾਕੀ ਮਜਬ ਤੋਂ ਤਾਕਤਵਰ ਜਥੇਬੰਦੀ ਵੀ ਬਣਾਇਆ । ਜਿਸ ਨੇ ਹਿੰਦੁਸਤਾਨ ਦੇ ਇਤਿਹਾਸ ਵਿੱਚ ਭਾਰੀ ਇਨਕਲਾਬ ਪੈਦਾ ਕਰ ਦਿੱਤਾ। ਗੁਰੂ ਸਾਹਿਬ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਸੱਚੇ ਪਾਤਸ਼ਾਹ ਦੇ ਰੂਪ ਵਿੱਚ ਬਿਰਾਜਮਾਨ ਹੋ ਕੇ ਸੰਗਤਾਂ ਨੂੰ ਉਪਦੇਸ਼ ਦੇਣ ਲੱਗੇ । ਇਸੇ ਸਦਕਾ ਸਿੱਖ ਪੰਥ ਨੇ ਨਵੇਕਲੀ ਪਹਿਚਾਣ ਪੈਦਾ ਕੀਤੀ। ਗੁਰੂ ਸਾਹਿਬ ਜੀ ਨੇ ਤਖਤ ਤੇ ਬਿਰਾਜਮਾਨ ਹੋ ਕੇ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕਰਕੇ ਉਹਨਾਂ ਆਦਰਸ਼ਾਂ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ, ਜਿਹੜੇ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਵੰਗਾਰ ਦੇ ਰੂਪ ਵਿੱਚ ਸਨ। ਗੁਰੂ ਸਾਹਿਬ ਨੇ ਸੰਤ ਸਰੂਪ ਸਿੱਖਾਂ ਨੂੰ ਸੰਤ ਸਿਪਾਹੀ ਬਣਾ ਕੇ ਤਲਵਾਰ ਫੜਨ ਦਾ ਹੌਸਲਾ ਦਿੱਤਾ । ਗੁਰੂ ਸਾਹਿਬ ਹਰ ਕਦਮ ਉੱਤੇ ਮੀਰੀ ਅਤੇ ਪੀਰੀ, ਭਗਤੀ ਅਤੇ ਸ਼ਕਤੀ ਨੂੰ ਇਕੱਠਾ ਕਰਕੇ ਵੇਖਦੇ। ਇੱਥੇ ਇਹ ਵੀ ਧਿਆਨ ਦੇਣ ਯੋਗ ਹੈ ਕਿ ਆਪਣੇ ਧਰਮ ਅਤੇ ਸੱਭਿਆਚਾਰ ਦੀ ਰਾਖੀ ਲਈ ਤਲਵਾਰ ਚੁੱਕਣਾ ਇੱਕ ਫਰਜ਼ ਹੈ। ਆਓ ਅਸੀਂ ਵੀ ਮੀਰੀ ਪੀਰੀ ਦੇ ਇਸ ਸਿਧਾਂਤ ਨੂੰ ਆਪਣੇ ਹਿਰਦੇ ਦਾ ਸ਼ਿੰਗਾਰ ਬਣਾਈਏ ਅਤੇ ਸਮੁੱਚੇ ਸਿੱਖ ਨੌਜਵਾਨਾਂ ਨੂੰ ਇਸ ਸਿਧਾਂਤ ਤੋਂ ਜਾਣੂ ਕਰਵਾਈਏ। ਪੀਰੀ ਦੇ ਪ੍ਰਤੀਕ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਾਹਮਣੇ ਮੀਰੀ ਦੇ ਪ੍ਰਤੀਕ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਕਰਕੇ ਗੁਰੂ ਸਾਹਿਬ ਨੇ ਸਿੱਖੀ ਦੇ ਇਸ ਸਿਧਾਂਤਕ ਸੁਮੇਲ ਨੂੰ ਸਮੂਰਤ ਸੰਸਥਾਈ ਰੂਪ ਦੇ ਵਿੱਚ ਰੂਪਮਾਨ ਵੀ ਕਰ ਦਿੱਤਾ ਤਾਂ ਜੋ ਕਿਸੇ ਨੂੰ ਵੀ ਕੋਈ ਵੀ ਸ਼ੰਕਾ ਬਾਕੀ ਨਾ ਰਹੇ । ਦਸਮ ਪਾਤਸ਼ਾਹ ਜੀ ਨੇ ਖਾਲਸੇ ਦੀ ਸਾਜਨਾ ਕਰਕੇ ਸੰਤ ਸਿਪਾਹੀ ਦੇ ਰੂਪ ਵਿੱਚ ਇਸ ਸਿਧਾਂਤਕ ਸੁਮੇਲ ਦਾ ਇੱਕ ਨਵਾਂ ਵਿਵਹਾਰਕ ਕਿਰਦਾਰਤਮਕ ਢਾਂਚੇ ਦੀ ਸਥਾਪਨਾ ਕੀਤੀ । ਇਸੇ ਤਰ੍ਹਾਂ ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਸੁਮੇਲ ਵਿੱਚੋਂ ਗੁਰੂ ਗ੍ਰੰਥ ਸਿੱਖਾਂ ਦੀ ਅਧਿਆਤਮਕ ਸ਼ਕਤੀ ਤੇ ਖਾਲਸਾ ਪੰਥ ਦੁਨਿਆਵੀ ਸੋਚਾਂ ਦਾ ਪ੍ਰਤੀਕ ਹੈ।
ਇਹ ਵੀ ਪੜ੍ਹੋ: ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ 'ਤੇ ਵਿਸ਼ੇਸ਼
- PTC NEWS