Amritsar News : ਪਾਕਿਸਤਾਨ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾ ਕੇ ਸਿੱਖ ਸ਼ਰਧਾਲੂਆਂ ਦਾ ਜਥਾ ਵਤਨ ਪਰਤਿਆ
Amritsar News : ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਮਨਾਉਣ ਉਪਰੰਤ ਸਿੱਖ ਸ਼ਰਧਾਲੂਆਂ ਦਾ ਜਥਾ ਕੌਮਾਂਤਰੀ ਅਟਾਰੀ-ਵਾਹਗਾ ਸਰਹੱਦ ਦੇ ਰਸਤੇ ਵਾਪਸ ਪਰਤ ਆਇਆ ਹੈ। ਇਸ ਦੌਰਾਨ ਸਿੱਖ ਸ਼ਰਧਾਲੂਆਂ ਦੇ ਲਈ ਸ਼੍ਰੋਮਣੀ ਕਮੇਟੀ ਵਲੋਂ ਗੁਰੂ ਕਾ ਲੰਗਰ ਅਤੇ ਗੁਰੂ ਕੇ ਬਾਗ ਵਾਲਿਆਂ ਵਲੋਂ ਚਾਹ ਪਕੌੜਿਆਂ ਦਾ ਲੰਗਰ ਆਈ.ਸੀ.ਪੀ. ਅਟਾਰੀ ਸਰਹੱਦ 'ਤੇ ਲਗਾਇਆ ਗਿਆ ਸੀ।
ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਪ੍ਰਕਾਸ਼ ਪੁਰਬ ਮਨਾ ਕੇ ਆਏ ਸ਼ਰਧਾਲੂਆਂ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਵਿਦੇਸ਼ਾਂ ਵਿਚੋਂ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਲਈ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਹੁੰਚੇ ਹੋਏ ਸਨ। 10 ਦਿਨ ਦੇ ਵੀਜੇ ’ਤੇ ਪਾਕਿਸਤਾਨ ਗਏ ਸਿੱਖ ਸ਼ਰਧਾਲੂਆ ਨੇ ਦੱਸਿਆ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਪੁਰਬ ਮਨਾ ਕੇ ਅਤੇ ਹੋਰ ਵੱਖ-ਵੱਖ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਕੇ ਵਤਨ ਪਰਤ ਆਏ ਹਨ।
ਇਸ ਮੌਕੇ ਜਥੇ ਨਾਲ ਗਏ ਸ਼ਰਧਾਲੂਆਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਭਾਰਤ ਤੋਂ ਗਏ ਸਿੱਖ ਸ਼ਰਧਾਲੂਆਂ ਸਮੇਤ ਪਾਕਿ ਦੀ ਸੰਗਤ ਨੇ ਵੀ ਬੜੀ ਸ਼ਰਧਾ ਭਾਵਨਾ ਨਾਲ ਪ੍ਰਕਾਸ਼ ਪੁਰਬ ਮਨਾਇਆ ਹੈ। ਅਟਾਰੀ ਸਰੱਹਦ ’ਤੇ ਸਥਿਤ ਆਈ.ਸੀ.ਪੀ. ਵਿਖੇ ਐਲ.ਪੀ.ਆਈ. ਅਥਾਰਟੀ ਇੰਡੀਆ, ਬੀ.ਐਸ.ਐਫ਼., ਕਸਟਮ ਤੇ ਇਮੀਗ੍ਰੇਸ਼ਨ ਦੇ ਅਧਿਕਾਰੀਆਂ ਵਲੋਂ ਸਿੱਖ ਸ਼ਰਧਾਲੂਆਂ ਦੀ ਸਹੂਲਤ ਲਈ ਢੁਕਵੇਂ ਤੇ ਵਧੀਆ ਪ੍ਰਬੰਧ ਕੀਤੇ ਗਏ ਹਨ।
ਦੱਸ ਦੇਈਏ ਕਿ 1796 ਸਿੱਖ ਸ਼ਰਧਾਲੂਆਂ ਦਾ ਜਥਾ 4 ਨਵੰਬਰ ਨੂੰ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੁਰਬ ਮਨਾਉਣ ਲਈ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਗਏ ਸਨ। ਇਸ ਦੌਰਾਨ ਦੱਸ ਦਿਨ ਦੀ ਯਾਤਰਾ 'ਤੇ ਭਾਰਤੀ ਸਿੱਖ ਸ਼ਰਧਾਲੂਆਂ ਨੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੋਂ ਇਲਾਵਾ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਹਸਨ ਅਬਦਾਲ ਰਾਵਲਪਿੰਡੀ, ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਨਾਰੋਵਾਲ, ਗੁਰਦੁਆਰਾ ਸੱਚਾ ਸੌਦਾ ਚੂੜਕਾਣਾ,ਗੁਰਦੁਆਰਾ ਰੋੜੀ ਸਾਹਿਬ ਐਮਨਾਬਾਦ ਤੇ ਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਜੀ ਜਨਮ ਸਥਾਨ ਚੂਨਾ ਮੰਡੀ ਲਾਹੌਰ, ਗੁਰਦੁਆਰਾ ਸ਼ਹੀਦੀ ਅਸਥਾਨ ਗੁਰੂ ਅਰਜਨ ਦੇਵ ਜੀ ਲਾਹੌਰ, ਗੁਰਦੁਆਰਾ ਸ਼ਹੀਦ ਸਿੰਘਣੀ ਲਾਹੌਰ ਸਮੇਤ ਹੋਰ ਵੱਖ ਵੱਖ ਗੁਰਧਾਮਾਂ ਦੇ ਦਰਸ਼ਨ ਕਰਕੇ ਭਾਰਤੀ ਸ਼ਰਧਾਲੂ ਅਟਾਰੀ ਸਰਹੱਦ ਰਸਤੇ ਆਪਣੇ ਵਤਨ ਪਰਤੇ ਹਨ।
- PTC NEWS