Amritsar News : ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਸਿੱਖ ਨੌਜਵਾਨ ਨੇ ਕਰੋੜਾਂ ਰੁਪਏ ਖਰਚ ਕੇ ਵਿਦੇਸ਼ੀ ਫ਼ਲ ਫਰੂਟਾਂ ਦਾ ਲਗਾਇਆ ਲੰਗਰ
Amritsar News : ਧੰਨ- ਧੰਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਦੁਨੀਆਂ ਭਰ ਵਿੱਚ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਸੰਗਤਾਂ ਵੱਲੋਂ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਪਹੂਵਿੰਡ ਸਾਹਿਬ ਵਿਖੇ ਸੇਵਾ ਤੇ ਸ਼ਰਧਾ ਦੀ ਇੱਕ ਤਸਵੀਰ ਸਾਹਮਣੇ ਆਈ ਹੈ। ਜਿੱਥੇ ਅੰਮ੍ਰਿਤਸਰ ਦੇ ਇੱਕ ਸਿੱਖ ਨੌਜਵਾਨ ਵੱਲੋਂ ਕਰੋੜਾਂ ਰੁਪਏ ਖਰਚ ਕੇ ਵਿਦੇਸ਼ੀ ਫਲ ਫਰੂਟਾਂ ਦਾ ਵਿਸ਼ਾਲ ਲੰਗਰ ਲਗਾਇਆ ਗਿਆ ਹੈ।
ਜਾਣਕਾਰੀ ਅਨੁਸਾਰ 24 ਜਨਵਰੀ ਤੋਂ 27 ਜਨਵਰੀ ਤੱਕ ਚਾਰ ਦਿਨ ਲਈ ਵੱਖ -ਵੱਖ ਤਰ੍ਹਾਂ ਦੇ ਵਿਦੇਸ਼ੀ 36 ਟਨ ਫਰੂਟ ਮੰਗਵਾਏ ਗਏ ਹਨ। ਯੂਪੀ ਤੋਂ 150 ਮਾਹਰ ਕਾਰੀਗਰ ਉਚੇਚੇ ਤੌਰ 'ਤੇ ਲਿਆਂਦੇ ਗਏ ਹਨ ,ਜੋ 150 ਕਾਰੀਗਰ 24 ਘੰਟੇ ਫਰੂਟ ਕੱਟਣ ਦੀ ਸੇਵਾ ਨਿਭਾ ਰਹੇ ਹਨ। ਇਸ ਦੌਰਾਨ ਸਫਾਈ ਅਤੇ ਮਰਿਆਦਾ ਦਾ ਵਿਸ਼ੇਸ਼ ਤੌਰ 'ਤੇ ਧਿਆਨ ਰੱਖਿਆ ਜਾ ਰਿਹਾ ਹੈ।
ਲੰਗਰ ਵਰਤਾਉਣ ਦੀ ਸੇਵਾ ਕਰਨ ਵਾਲੇ ਸ਼ਰਧਾਲੂਆਂ ਤੋਂ ਇਲਾਵਾ 300 ਦੇ ਕਰੀਬ ਬਾਊਂਸਰ ਤੈਨਾਤ ਕੀਤੇ ਗਏ ਹਨ ਤਾਂ ਜੋ ਅਨੁਸ਼ਾਸਨ 'ਚ ਰਹਿ ਕੇ ਲੰਗਰ ਦੀ ਸੇਵਾ ਚਲਾਈ ਜਾ ਸਕੇ। 10 ਸਾਲ ਤੋਂ ਫਲ ਫਰੂਟ, ਡੋਸੇ ,ਪਕੌੜੇ, ਨਿਊਟਰੀ ਚਾਪ , ਪਾਪਕੋਰਨ ਆਦਿ ਤਰ੍ਹਾਂ ਤਰ੍ਹਾਂ ਦੇ ਵਿਸ਼ਾਲ ਲੰਗਰਾਂ ਦੀ ਸੇਵਾ ਕਰਨ ਵਾਲੇ ਸਿੱਖ ਨੌਜਵਾਨ ਵੱਲੋਂ ਆਪਣਾ ਨਾਮ ਅਤੇ ਤਸਵੀਰ ਸਾਂਝੀ ਨਹੀਂ ਕੀਤੀ ਜਾਂਦੀ।
- PTC NEWS