Smriti Irani Miss India : ਕਦੇ ਰੈਂਪ 'ਤੇ ਵੀ ਵਾਕ ਕਰਦੀ ਸੀ ਸਮ੍ਰਿਤੀ ਇਰਾਨੀ, ਦੇਖੋ 26 ਸਾਲ ਪੁਰਾਣੀ ਵਾਇਰਲ ਵੀਡੀਓ
Smriti Irani Miss India : ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਆਗੂ ਸਮ੍ਰਿਤੀ ਇਰਾਨੀ ਕਦੇ ਟੀਵੀ ਦਾ ਸਭ ਤੋਂ ਵੱਧ ਪਸੰਦ ਕੀਤਾ ਜਾਣ ਵਾਲਾ ਚਿਹਰਾ ਸੀ। ਹੁਣ ਇਹ ਸਿਆਸਤਦਾਨ, ਜੋ ਕਿ ਰਾਜਨੀਤੀ 'ਚ ਚੰਗੀ ਤਰ੍ਹਾਂ ਜਾਣੂ ਹੈ, ਇੱਕ ਸਮੇਂ 'ਚ ਇੱਕ ਤਜਰਬੇਕਾਰ ਟੀਵੀ ਅਦਾਕਾਰਾ ਵੀ ਸੀ। ਸਿਰਫ ਐਕਟਿੰਗ ਹੀ ਨਹੀਂ, ਸਮ੍ਰਿਤੀ ਨੇ ਮਾਡਲਿੰਗ ਵੀ ਕੀਤੀ ਹੈ ਅਤੇ ਮਿਸ ਇੰਡੀਆ ਮੁਕਾਬਲੇ ਦਾ ਹਿੱਸਾ ਵੀ ਰਹਿ ਚੁੱਕੀ ਹੈ। ਸਮ੍ਰਿਤੀ ਨੂੰ ਆਪਣੀ ਅਸਲੀ ਪਛਾਣ ਏਕਤਾ ਕਪੂਰ ਦੇ ਸ਼ੋਅ 'ਕਿਉਂਕੀ ਸਾਸ ਭੀ ਕਭੀ ਬਹੂ ਥੀ' ਤੋਂ ਮਿਲੀ ਸੀ, ਜਦੋਂ ਉਹ ਹਰ ਘਰ 'ਚ ਮਸ਼ਹੂਰ ਹੋ ਗਈ। ਮੀਡੀਆ ਰਿਪੋਰਟਾਂ ਮੁਤਾਬਕ ਸਮ੍ਰਿਤੀ ਦੀ ਮਾਡਲਿੰਗ ਦੇ ਦਿਨਾਂ ਦਾ ਇੱਕ ਵੀਡੀਓ ਇਨ੍ਹੀਂ ਦਿਨੀਂ ਵਾਇਰਲ ਹੋ ਰਿਹਾ ਹੈ, ਜਿਸ 'ਚ ਤੁਸੀਂ ਉਸ ਨੂੰ ਦੇਖ ਕੇ ਹੈਰਾਨ ਰਹਿ ਜਾਓਗੇ।
1998 'ਚ ਮਿਸ ਇੰਡੀਆ ਮੁਕਾਬਲੇ 'ਚ ਫਾਈਨਲਿਸਟ ਬਣੀ ਸੀ ਸਮ੍ਰਿਤੀ
ਦੱਸਿਆ ਜਾ ਰਿਹਾ ਹੈ ਕਿ ਸਮ੍ਰਿਤੀ ਸਾਲ 1998 'ਚ ਮਿਸ ਇੰਡੀਆ ਮੁਕਾਬਲੇ ਦੀ ਫਾਈਨਲਿਸਟ ਬਣੀ ਸੀ। ਉਸ ਦੌਰਾਨ ਸਮ੍ਰਿਤੀ ਦੀ ਇੱਕ ਵੀਡੀਓ ਸ਼ੂਟ ਕੀਤੀ ਗਈ ਸੀ, ਜਿਸ ਨੂੰ ਏਕਤਾ ਕਪੂਰ ਨੇ ਕੁੱਝ ਸਾਲ ਪਹਿਲਾਂ ਸਮ੍ਰਿਤੀ ਦੇ ਜਨਮਦਿਨ 'ਤੇ ਸ਼ੇਅਰ ਕੀਤਾ ਸੀ। ਇਹ ਵੀਡੀਓ ਇੱਕ ਵਾਰ ਫਿਰ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਸਮ੍ਰਿਤੀ ਆਪਣੀ ਜਾਣ-ਪਛਾਣ ਦਿੰਦੇ ਹੋਏ ਸੰਤਰੀ ਰੰਗ ਦਾ ਟਾਪ ਅਤੇ ਸਕਰਟ ਪਾਈ ਨਜ਼ਰ ਆ ਰਹੀ ਹੈ।
ਸਮ੍ਰਿਤੀ ਇਰਾਨੀ ਇਸ ਆਊਟਫਿਟ 'ਚ ਬਹੁਤ ਜੱਚ ਰਹੀ ਸੀ ਅਤੇ ਕੈਮਰੇ ਦੇ ਸਾਹਮਣੇ ਬਹੁਤ ਹੀ ਸੋਹਣੇ ਪੋਜ਼ ਦਿੰਦੀ ਨਜ਼ਰ ਆ ਰਹੀ ਸੀ। ਮੀਡੀਆ ਰਿਪੋਰਟਾਂ ਮੁਤਾਬਕ ਉਦੋਂ ਵੀ ਸਮ੍ਰਿਤੀ ਨੇ ਆਪਣੀ ਗੱਲਬਾਤ 'ਚ ਦੱਸਿਆ ਸੀ ਕਿ ਉਸ ਨੂੰ ਰਾਜਨੀਤੀ 'ਚ ਬਹੁਤ ਦਿਲਚਸਪੀ ਹੈ। ਵੀਡੀਓ 'ਚ ਵੇਖਿਆ ਜਾ ਸਕਦਾ ਹੈ ਕਿ ਸਮ੍ਰਿਤੀ ਨੇ ਟੋਪੀ ਪਾ ਕੇ ਰੈਂਪ 'ਤੇ ਵਾਕ ਕੀਤਾ ਸੀ। ਫਿਰ ਸਮ੍ਰਿਤੀ 2003 'ਚ ਟੀਵੀ 'ਤੇ ਆਪਣੀ ਮਜ਼ਬੂਤ ਪਛਾਣ ਬਣਾਉਣ ਤੋਂ ਬਾਅਦ ਭਾਜਪਾ 'ਚ ਸ਼ਾਮਲ ਹੋਈ ਸੀ।
- PTC NEWS