Sohan Singh Thandal ਦੀ ਸ਼੍ਰੋਮਣੀ ਅਕਾਲੀ ਦਲ 'ਚ ਹੋਈ ਘਰ ਵਾਪਸੀ ,ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੀਤਾ ਸਵਾਗਤ
Sohan Singh Thandal : ਸਾਬਕਾ ਕੈਬਨਿਟ ਮੰਤਰੀ ਸੋਹਣ ਸਿੰਘ ਠੰਡਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਅੱਜ ਮੁੜ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਦਾ ਪਾਰਟੀ ਦੇ ਵਿੱਚ ਸਵਾਗਤ ਕਰਦੇ ਹੋਏ ਕਿਹਾ ਕਿ ਅਸੀਂ ਕੁਝ ਮਹੀਨਿਆਂ ਦੇ ਲਈ ਡੈਪੂਟੇਸ਼ਨ 'ਤੇ ਇਹਨਾਂ ਨੂੰ ਦੂਜੀ ਪਾਰਟੀ ਦੇ ਵਿੱਚ ਭੇਜਿਆ ਸੀ ਅਤੇ ਹੁਣ ਮੁੜ ਤੋਂ ਇਹ ਘਰ ਆ ਗਏ ਹਨ। ਉਹਨਾਂ ਕਿਹਾ ਕਿ ਸਿਰਫ ਸੋਹਨ ਸਿੰਘ ਠੰਡਲ ਹੀ ਨਹੀਂ ਸਗੋਂ ਕਈ ਅਜਿਹੇ ਹੋਰ ਲੀਡਰ ਵੀ ਲਗਾਤਾਰ ਸਾਡੇ ਤੱਕ ਅਪਰੋਚ ਕਰ ਰਹੇ ਹਨ।
ਹੁਣ ਅਕਾਲੀ ਦਲ ਹੀ ਇੱਕੋ ਇੱਕ ਅਜਿਹੀ ਪਾਰਟੀ ਹੈ ,ਜੋ ਪੰਜਾਬੀਆਂ ਦਾ ਸਾਥ ਦੇ ਸਕਦੀ ਹੈ। ਇਸ ਦੌਰਾਨ ਸੋਹਨ ਸਿੰਘ ਠੰਡਲ ਨੇ ਵੀ ਪਾਰਟੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਮੁੜ ਆ ਗਏ ਹਨ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਜੋ ਦਿੱਲੀ ਦੇ ਆਗੂਆਂ ਨੂੰ ਲੈ ਕੇ ਇੱਥੇ ਪੋਲਸੀਆਂ ਬਣਾ ਰਹੀ ਹੈ ,ਉਹਨਾਂ ਦਾ ਉਹ ਡੱਟ ਕੇ ਵਿਰੋਧ ਕਰਨਗੇ।
ਇਸ ਦੌਰਾਨ ਸੁਖਬੀਰ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕੈਬਨਿਟ ਵਿੱਚ ਜੋ ਫੈਸਲੇ ਸਰਕਾਰ ਪੰਜਾਬ ਦੀ ਲੁੱਟ ਖਸੁੱਟ ਕਰਨ ਦੇ ਲਈ ਪਾਸ ਕਰ ਰਹੀ ਹੈ। ਉਹਨਾਂ ਨੂੰ ਸਾਡੀ ਸਰਕਾਰ ਆਉਣ ਤੋਂ ਤੁਰੰਤ ਬਾਅਦ ਰੱਦ ਕਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਲੋਕਾਂ ਦੀ ਲੁੱਟ ਖਸੁੱਟ ਨਹੀਂ ਹੋਣ ਦਿੱਤੀ ਜਾਵੇਗੀ, ਨਾ ਹੀ ਕਿਸਾਨਾਂ ਦੀਆਂ ਜ਼ਮੀਨਾਂ 'ਤੇ ਕਿਸੇ ਨੂੰ ਇੱਕ ਇੰਚ ਕਬਜ਼ਾ ਕਰਨ ਦਿੱਤਾ ਜਾਵੇਗਾ।
ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੂੰ ਜਦੋਂ ਜਥੇਦਾਰ ਸੰਬੰਧੀ ਸਵਾਲ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਇਹ ਸ਼੍ਰੋਮਣੀ ਕਮੇਟੀ ਦਾ ਹੀ ਮਾਮਲਾ ਹੈ, ਉਹ ਹੀ ਇਸ 'ਤੇ ਬੋਲਣਗੇ। ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਆਗੂ ਦੇ ਭਾਜਪਾ ਵਿੱਚ ਜਾਣ ਸਬੰਧੀ ਵੀ ਉਹਨਾਂ ਕਿਹਾ ਕਿ ਇਹ ਉਹਨਾਂ ਦੀ ਹੋਬੀ ਸੀ। ਸੁਖਬੀਰ ਬਾਦਲ ਨੇ ਕਿਹਾ ਕਿ ਜੇਕਰ ਸਾਨੂੰ ਕਾਨੂੰਨੀ ਲੜਾਈ ਲੜਨ ਦੀ ਲੋੜ ਪਈ ਤਾਂ ਅਸੀਂ ਲੈਂਡ ਪੁਲਿੰਗ ਦੇ ਖਿਲਾਫ ਕੋਰਟ ਵੀ ਜਾਵਾਂਗੇ।
- PTC NEWS