ਵਰੁਣ ਕਾਂਸਲ ਦਾ ਵੱਡਾ ਧਮਾਕਾ ! ਜਥੇਦਾਰ ਸਾਹਿਬ ਨੂੰ ਲਿਖੀ ਖੁੱਲ੍ਹੀ ਚਿੱਠੀ, ਅਕਾਲੀ ਦਲ ਪੁਨਰ ਸੁਰਜੀਤ ਤੇ ਗਿਆਨੀ ਹਰਪ੍ਰੀਤ ਸਿੰਘ 'ਤੇ ਚੁੱਕੇ ਸਵਾਲ
Shiromani Akali Dal Punar Surjit : ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸਾਬਕਾ ਬੁਲਾਰੇ ਵਰੁਣ ਕਾਂਸਲ ਨੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ (jathedar Kuldeep Singh Gargajj) ਨੂੰ ਸੰਗਤ ਦੀ ਖੁੱਲ੍ਹੀ ਚਿੱਠੀ ਲਿਖੀ ਹੈ, ਜਿਸ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਦਸੰਬਰ 2024 ਵਿੱਚ ਹੁਕਮਨਾਮੇ ਦੀ ਮੁੜ ਸਮੀਖਿਆ ਕਰਨ ਦੀ ਅਪੀਲ ਕੀਤੀ ਗਈ ਹੈ। ਇਸ ਚਿੱਠੀ ਰਾਹੀਂ ਵਰੁਣ ਕਾਂਸਲ ਨੇ ਅਕਾਲੀ ਦਲ ਪੁਨਰ ਸੁਰਜੀਤ ਦੀ ਕਾਰਜਪ੍ਰਣਾਲੀ ਅਤੇ ਗਿਆਨੀ ਹਰਪ੍ਰੀਤ ਸਿੰਘ (Giani Harpreet Singh) ਸਮੇਤ ਹੋਰ ਉਚ ਆਗੂਆਂ 'ਤੇ ਸਵਾਲ ਖੜੇ ਕੀਤੇ ਹਨ।
ਚਿੱਠੀ ਵਿੱਚ ਕਿਹਾ ਗਿਆ ਹੈ ਕਿ ਦੋ ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਜਾਰੀ ਹੋਇਆ ਹੁਕਮਨਾਮਾ ਸਿੱਖ ਪੰਥ, ਸਿੱਖ ਕੌਮ ਅਤੇ ਪੰਜਾਬ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਅਕਾਲੀ ਦਲ ਲਈ ਦੂਰਗਾਮੀ ਪ੍ਰਭਾਵਾਂ ਵਾਲਾ ਸੀ, ਜਿਸ ਪ੍ਰਤੀ ਸਮੁੱਚੀ ਕੌਮ ਨੇ ਪੂਰਨ ਸਤਿਕਾਰ ਪ੍ਰਗਟ ਕੀਤਾ। ਪਰੰਤੂ ਇਸ ਤੋਂ ਬਾਅਦ ਪੰਥਕ ਮੰਚਾਂ ਅਤੇ ਜਨਤਕ ਬਿਆਨਾਂ ਰਾਹੀਂ ਸਾਹਮਣੇ ਆਈਆਂ ਗੱਲਾਂ ਨੇ ਉਸ ਹੁਕਮਨਾਮੇ ਦੀ ਵਿਆਖਿਆ ਅਤੇ ਲਾਗੂ ਕਰਨ ਦੀ ਪ੍ਰਕਿਰਿਆ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਵਰੁਣ ਕਾਂਸਲ ਨੇ, ਸੰਗਤ ਵੱਲੋਂ ਚਿੱਠੀ ਵਿੱਚ ਦਰਸਾਇਆ ਗਿਆ ਹੈ ਕਿ 20 ਅਗਸਤ ਨੂੰ ਲੌਂਗੋਵਾਲ ਵਿਖੇ ਹੋਈ ਕਾਨਫਰੰਸ ਦੌਰਾਨ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਕੀਤੇ ਗਏ ਬਿਆਨਾਂ ਨਾਲ ਇਹ ਮਾਮਲਾ ਹੋਰ ਉਭਰ ਕੇ ਸਾਹਮਣੇ ਆਇਆ। ਇਸ ਤੋਂ ਬਾਅਦ 23 ਅਗਸਤ ਨੂੰ ਚੰਡੀਗੜ੍ਹ ਵਿੱਚ ਹੋਈ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਬਿਆਨਾਂ ਤੋਂ ਪਾਸਾ ਵੱਟਿਆ ਜਾਣਾ ਅਸਪਸ਼ਟਤਾ ਨੂੰ ਹੋਰ ਵਧਾਉਂਦਾ ਹੈ।
ਚਿੱਠੀ ਅਨੁਸਾਰ, 27 ਦਸੰਬਰ 2025 ਨੂੰ ਲੁਬਾਣਾ ਭਵਨ ਵਿੱਚ ਹੋਈ ਮੀਟਿੰਗ ਸਬੰਧੀ ਬੀਬੀ ਜਗੀਰ ਕੌਰ ਵੱਲੋਂ ਦਿੱਤਾ ਗਿਆ ਬਿਆਨ ਅਤੇ 18 ਜਨਵਰੀ 2026 ਨੂੰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਕੀਤੀ ਗਈ ਇਕਬਾਲੀ ਗੱਲ, ਪਿਛਲੇ ਇਨਕਾਰਾਂ ’ਤੇ ਸਵਾਲ ਚਿੰਨ੍ਹ ਲਗਾਉਂਦੀ ਹੈ।
ਸੰਗਤ ਨੇ ਇਹ ਵੀ ਚਿੰਤਾ ਜ਼ਾਹਰ ਕੀਤੀ ਹੈ ਕਿ ਜਿਸ ਹੁਕਮਨਾਮੇ ਵਿੱਚ ਕਿਸੇ ਜਮਾਤ ਸਬੰਧੀ ਫ਼ੈਸਲਾ ਪੰਜ ਸਿੰਘ ਸਾਹਿਬਾਨ ਦੀ ਸਾਂਝੀ ਹਜ਼ੂਰੀ ਵਿੱਚ ਕੀਤਾ ਗਿਆ, ਉਸੇ ਜਮਾਤ ਦੀ ਉੱਚ ਪਦਵੀ ਬਾਅਦ ਵਿੱਚ ਕਿਸੇ ਇੱਕ ਸਿੰਘ ਸਾਹਿਬ ਵੱਲੋਂ ਸੰਭਾਲੀ ਜਾਣਾ ਪੰਥਕ ਮਰਿਆਦਾ ਦੇ ਨਜ਼ਰੀਏ ਤੋਂ ਦੁਬਿਧਾ ਪੈਦਾ ਕਰਦਾ ਹੈ।
ਚਿੱਠੀ ਵਿੱਚ ਇਹ ਵੀ ਉਲੇਖ ਕੀਤਾ ਗਿਆ ਹੈ ਕਿ ਉਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਸਾਬਕਾ ਪ੍ਰਧਾਨ ਕ੍ਰਿਪਾਲ ਸਿੰਘ ਬਡੂੰਗਰ ਵੱਲੋਂ ਆਪਣੇ ਆਪ ਨੂੰ ਇਸ ਪ੍ਰਕਿਰਿਆ ਤੋਂ ਪਾਸੇ ਰੱਖਿਆ ਗਿਆ, ਜੋ ਅੰਦਰੂਨੀ ਅਸਹਿਮਤੀਆਂ ਵੱਲ ਇਸ਼ਾਰਾ ਕਰਦਾ ਹੈ। ਇਸਦੇ ਨਾਲ ਹੀ, ਉਸ ਵੇਲੇ ਦੀ ਸਥਾਪਿਤ ਅਕਾਲੀ ਲੀਡਰਸ਼ਿਪ ਵੱਲੋਂ ਭਰਤੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਦੀ ਇਜਾਜ਼ਤ ਨਾ ਦਿੱਤਾ ਜਾਣਾ ਵੀ ਗੰਭੀਰ ਮਸਲਾ ਦੱਸਿਆ ਗਿਆ ਹੈ।
ਸੰਗਤ ਦਾ ਕਹਿਣਾ ਹੈ ਕਿ ਦੋ ਦਸੰਬਰ ਦੇ ਹੁਕਮਨਾਮੇ ਵਿੱਚ ਉਸ ਸਮੇਂ ਦੀ ਲੀਡਰਸ਼ਿਪ ਨੂੰ ਸਿਆਸੀ ਅਗਵਾਈ ਕਰਨ ਦਾ ਨੈਤਿਕ ਅਧਿਕਾਰ ਗੁਆ ਚੁੱਕੀ ਦੱਸਿਆ ਗਿਆ ਸੀ, ਪਰ ਬਾਅਦ ਵਿੱਚ ਪੁਨਰ-ਸੁਰਜੀਤ ਅਕਾਲੀ ਦਲ ਦੀ ਲੀਡਰਸ਼ਿਪ ਵਿੱਚ ਉਸੇ ਲੀਡਰਸ਼ਿਪ ਨਾਲ ਜੁੜੇ ਆਗੂਆਂ ਨੂੰ ਮਹੱਤਵਪੂਰਨ ਅਹੁਦੇ ਸੌਂਪੇ ਜਾਣ ਨਾਲ ਹੁਕਮਨਾਮੇ ਦੀ ਆਤਮਾ ’ਤੇ ਸਵਾਲ ਉੱਠਦੇ ਹਨ।
ਚਿੱਠੀ ਦੇ ਅੰਤ ਵਿੱਚ ਸੰਗਤ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਕੀਤੀ ਗਈ ਹੈ ਕਿ ਦੋ ਦਸੰਬਰ 2024 ਦੇ ਹੁਕਮਨਾਮੇ ਦੀ ਗੁਰਮਤਿ ਅਨੁਸਾਰ, ਤੱਥਾਂ ਦੇ ਆਧਾਰ ’ਤੇ ਅਤੇ ਨਿਰਪੱਖ ਢੰਗ ਨਾਲ ਮੁੜ ਸਮੀਖਿਆ ਕੀਤੀ ਜਾਵੇ ਅਤੇ ਸਪਸ਼ਟ ਵਿਆਖਿਆ ਜਾਰੀ ਕੀਤੀ ਜਾਵੇ, ਤਾਂ ਜੋ ਪੰਥ ਅਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਪੈਦਾ ਹੋਈ ਅਸਮੰਜਸ ਦੀ ਸਥਿਤੀ ਦਾ ਅੰਤ ਹੋ ਸਕੇ।
ਖਬਰ ਅਪਡੇਟ ਜਾਰੀ...
- PTC NEWS