Emergency ਦੀ ਰਿਲੀਜ਼ 'ਤੇ ਰੋਕ, ਕੰਗਨਾ ਰਣੌਤ ਦੀ ਫਿਲਮ 'ਤੇ ਅੱਜ ਫੈਸਲਾ, ਬੰਬੇ ਹਾਈ ਕੋਰਟ 'ਚ ਸੁਣਵਾਈ
Kangana Ranaut Emergency Controversy : ਕੰਗਨਾ ਰਣੌਤ ਦੀ ਫਿਲਮ 'ਐਮਰਜੈਂਸੀ' 6 ਸਤੰਬਰ ਨੂੰ ਰਿਲੀਜ਼ ਹੋਵੇਗੀ ਜਾਂ ਨਹੀਂ ਅਤੇ ਇਸ ਨੂੰ ਸੈਂਸਰ ਬੋਰਡ ਦਾ ਸਰਟੀਫਿਕੇਟ ਮਿਲੇਗਾ ਜਾਂ ਨਹੀਂ, ਇਸ ਬਾਰੇ ਫੈਸਲਾ 4 ਸਤੰਬਰ ਬੁੱਧਵਾਰ ਯਾਨੀ ਅੱਜ ਫੈਸਲਾ ਲਿਆ ਜਾਵੇਗਾ। ਇਹ ਅਹਿਮ ਫੈਸਲਾ ਅੱਜ ਬੰਬੇ ਹਾਈ ਕੋਰਟ ਵਿੱਚ ਸੁਣਵਾਈ ਦੌਰਾਨ ਲਿਆ ਜਾਵੇਗਾ। 'ਐਮਰਜੈਂਸੀ' ਦੀ ਸਹਿ-ਨਿਰਮਾਤਾ ਕੰਪਨੀ ਜ਼ੀ ਐਂਟਰਟੇਨਮੈਂਟ ਐਂਟਰਪ੍ਰਾਈਜਿਜ਼ ਨੇ ਫਿਲਮ ਦੀ ਰਿਲੀਜ਼ ਅਤੇ ਸੈਂਸਰ ਸਰਟੀਫਿਕੇਟ ਦੀ ਮੰਗ ਕਰਦੇ ਹੋਏ ਬੰਬੇ ਹਾਈ ਕੋਰਟ ਤੱਕ ਪਹੁੰਚ ਕੀਤੀ ਹੈ। ਦਾਇਰ ਪਟੀਸ਼ਨ 'ਚ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਸੈਂਸਰ ਬੋਰਡ ਨੇ ਮਨਮਾਨੇ ਅਤੇ ਗੈਰ-ਕਾਨੂੰਨੀ ਢੰਗ ਨਾਲ ਫਿਲਮ ਦੇ ਸੈਂਸਰ ਸਰਟੀਫਿਕੇਟ ਨੂੰ ਰੋਕ ਦਿੱਤਾ ਹੈ। ਫਿਲਮ ਨੂੰ ਲੈ ਕੇ ਪੰਜਾਬ 'ਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ ਅਤੇ ਸਿੱਖ ਜਥੇਬੰਦੀਆਂ ਨੇ ਇਸ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ। ਵਿਵਾਦ ਦੇ ਮੱਦੇਨਜ਼ਰ ਫਿਲਮ ਦੀ ਰਿਲੀਜ਼ ਨੂੰ ਟਾਲ ਦਿੱਤਾ ਗਿਆ ਹੈ।
'ਐਮਰਜੈਂਸੀ' ਫਿਲਮ ਅਤੇ ਸਹਿ-ਨਿਰਮਾਤਾ ਦੇ ਦਾਅਵਿਆਂ ਨੂੰ ਲੈ ਕੇ ਵਿਵਾਦ
'ਐਮਰਜੈਂਸੀ' ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਜੀਵਨ 'ਤੇ ਆਧਾਰਿਤ ਹੈ, ਜਿਸ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਸਮੇਤ ਸਿੱਖ ਜਥੇਬੰਦੀਆਂ ਨੇ ਫਿਲਮ ਦੇ ਨਿਰਮਾਤਾਵਾਂ 'ਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਉਨ੍ਹਾਂ ਦੀ ਗਲਤ ਤਸਵੀਰ ਦਿਖਾਉਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਫਿਲਮ ਦੀ ਰਿਲੀਜ਼ 'ਤੇ ਰੋਕ ਲਗਾਉਣ ਦੀ ਮੰਗ ਵੀ ਕੀਤੀ। 'ਐਮਰਜੈਂਸੀ' 6 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣੀ ਸੀ ਪਰ ਹੁਣ ਤੱਕ ਇਸ ਨੂੰ ਸੈਂਸਰ ਬੋਰਡ ਵੱਲੋਂ ਸਰਟੀਫਿਕੇਟ ਨਹੀਂ ਦਿੱਤਾ ਗਿਆ ਹੈ। 'ਐਮਰਜੈਂਸੀ' 'ਚ ਕੰਗਨਾ ਰਣੌਤ ਨੇ ਇੰਦਰਾ ਗਾਂਧੀ ਦਾ ਕਿਰਦਾਰ ਨਿਭਾਇਆ ਹੈ। ਉਹ ਫਿਲਮ ਦੇ ਨਿਰਦੇਸ਼ਕ ਵੀ ਹਨ।
ਸਿੱਖ ਜਥੇਬੰਦੀਆਂ ਦਾ ਇਲਜ਼ਾਮ ਹੈ ਕਿ ‘ਐਮਰਜੈਂਸੀ’ ਵਿੱਚ ਉਨ੍ਹਾਂ ਦੇ ਭਾਈਚਾਰੇ ਅਤੇ ਇਸ ਨਾਲ ਸਬੰਧਤ ਘਟਨਾਵਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ। ਬੰਬੇ ਹਾਈ ਕੋਰਟ ਵਿੱਚ ਦਾਇਰ ਇੱਕ ਪਟੀਸ਼ਨ ਵਿੱਚ ਫਿਲਮ ਦੇ ਸਹਿ-ਨਿਰਮਾਤਾ ਕੰਪਾਨੀ ਨੇ ਕਿਹਾ ਕਿ ਉਨ੍ਹਾਂ ਦੀ ਫਿਲਮ ਦਾ ਪ੍ਰਮਾਣੀਕਰਣ ਸੈਂਸਰ ਬੋਰਡ ਨੇ ਮਨਮਾਨੇ ਢੰਗ ਨਾਲ ਰੋਕ ਦਿੱਤਾ ਹੈ। ਇਕ ਵਕੀਲ ਮੁਤਾਬਕ ਪਟੀਸ਼ਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਸੈਂਸਰ ਬੋਰਡ ਸਰਟੀਫਿਕੇਟ ਦੇ ਨਾਲ ਤਿਆਰ ਹੈ, ਪਰ ਜਾਰੀ ਨਹੀਂ ਕਰ ਰਿਹਾ ਹੈ। ਇਹ ਪਟੀਸ਼ਨ ਜਸਟਿਸ ਬੀਪੀ ਕੋਲਾਬਾਵਾਲਾ ਅਤੇ ਫਿਰਦੋਸ਼ ਪੂਨੀਵਾਲਾ ਦੇ ਡਿਵੀਜ਼ਨ ਬੈਂਚ ਅੱਗੇ ਤੁਰੰਤ ਸੁਣਵਾਈ ਲਈ ਰੱਖੀ ਗਈ ਸੀ, ਜਿਸ ਦੀ ਸੁਣਵਾਈ ਹੁਣ ਬੁੱਧਵਾਰ 4 ਸਤੰਬਰ ਯਾਨੀ ਅੱਜ ਹੋਵੇਗੀ।
'ਐਮਰਜੈਂਸੀ' ਫਿਲਮ ਦੀ ਕਾਸਟ
'ਐਮਰਜੈਂਸੀ' 1975 ਵਿਚ ਦੇਸ਼ ਵਿਚ ਲਗਾਈ ਗਈ ਐਮਰਜੈਂਸੀ 'ਤੇ ਆਧਾਰਿਤ ਹੈ। ਕੰਗਨਾ ਤੋਂ ਇਲਾਵਾ ਫਿਲਮ ਵਿੱਚ ਅਨੁਪਮ ਖੇਰ, ਸ਼੍ਰੇਅਸ ਤਲਪੜੇ, ਮਹਿਮਾ ਚੌਧਰੀ, ਮਿਲਿੰਦ ਸੋਮਨ ਅਤੇ ਮਰਹੂਮ ਅਦਾਕਾਰ ਸਤੀਸ਼ ਕੌਸ਼ਿਕ ਵੀ ਹਨ।
- PTC NEWS