''ਸਾਡੇ ਹੱਥ-ਪੈਰ ਬੰਨ੍ਹ ਕੇ ਕੁੱਟਿਆ...ਪਾਣੀ ਦੀ ਥਾਂ ਪਿਆਇਆ ਪਿਸ਼ਾਬ...'' ਈਰਾਨ 'ਚ ਕਿਡਨੈਪਰਾਂ ਦੇ ਚੁੰਗਲ 'ਚੋਂ ਬਚ ਕੇ ਪਰਤੇ ਜਸਪਾਲ ਸਿੰਘ ਨੇ ਸੁਣਵਾਈ ਹੱਡਬੀਤੀ
Indians Kidnapped Case in Iran : 1 ਮਈ ਨੂੰ ਈਰਾਨ ਦੇ ਤਹਿਰਾਨ ਵਿੱਚ ਪਾਕਿਸਤਾਨੀਆਂ ਨੇ ਪੰਜਾਬ ਦੇ 3 ਨੌਜਵਾਨਾਂ ਨੂੰ ਬੰਧਕ (Punjabi Youth Kidnapped Case in Iran) ਬਣਾ ਲਿਆ। ਜ਼ਿਲ੍ਹਾ ਨਵਾਂਸ਼ਹਿਰ ਦੇ ਪਿੰਡ ਲੰਗਦਾਓਆ ਦਾ ਰਹਿਣ ਵਾਲਾ 32 ਸਾਲਾ ਜਸਪਾਲ, ਜੋ ਆਪਣੀ ਰੋਜ਼ੀ-ਰੋਟੀ ਕਮਾਉਣ ਲਈ ਆਸਟ੍ਰੇਲੀਆ ਗਿਆ ਸੀ। ਜਾਣਕਾਰੀ ਅਨੁਸਾਰ ਜਸਪਾਲ ਸਿੰਘ ਨੂੰ ਧੀਰਜ ਅਟਵਾਲ ਨਾਮ ਦੇ ਇੱਕ ਟ੍ਰੈਵਲ ਏਜੰਟ ਨੇ 18 ਲੱਖ ਰੁਪਏ 'ਚ ਆਸਟ੍ਰੇਲੀਆ ਭੇਜਿਆ ਜੀ। ਟ੍ਰੈਵਲ ਏਜੰਟ ਨੇ ਪਹਿਲਾਂ ਉਸਨੂੰ ਦੁਬਈ ਵਿੱਚ ਰੱਖਿਆ, ਫਿਰ ਕੁੱਝ ਸਮੇਂ ਬਾਅਦ ਉਸਨੂੰ ਈਰਾਨ ਭੇਜ ਦਿੱਤਾ ਗਿਆ, ਜਿੱਥੇ ਪਾਕਿਸਤਾਨੀਆਂ ਨੇ ਪੰਜਾਬ ਦੇ 3 ਨੌਜਵਾਨਾਂ ਨੂੰ ਬੰਧਕ ਬਣਾ ਲਿਆ ਸੀ ਅਤੇ ਉਨ੍ਹਾਂ ਦੇ ਪਰਿਵਾਰਾਂ ਤੋਂ 18-18 ਲੱਖ ਰੁਪਏ ਦੀ ਮੰਗ ਕੀਤੀ। ਇਨ੍ਹਾਂ ਵਿਚੋਂ ਇੱਕ ਪੀੜਤ ਜਸਪਾਲ ਸਿੰਘ ਸੋਮਵਾਰ ਨੂੰ ਨਵਾਂਸ਼ਹਿਰ ਆਪਣੇ ਪਿੰਡ ਲੰਗਦਾਓਆ ਪਹੁੰਚਿਆ, ਜਿਸ ਦੀ ਉਸ ਦੇ ਪਰਿਵਾਰ ਵਿੱਚ ਭਾਰੀ ਖੁਸ਼ੀ ਪਾਈ ਗਈ।
''ਪਾਣੀ ਮੰਗਿਆ ਤਾਂ ਪਿਸ਼ਾਬ ਪਿਆਇਆ...''
ਜਸਪਾਲ ਨੇ ਆਪਣੀ ਹੱਡਬੀਤੀ ਸੁਣਾਉਂਦਿਆਂ ਦੱਸਿਆ ਕਿ ਈਰਾਨ ਪਹੁੰਚਣ ਤੋਂ ਬਾਅਦ, ਹੁਸ਼ਿਆਰਪੁਰ ਦੇ ਏਜੰਟ ਦੇ ਹੁਕਮ 'ਤੇ ਪਾਕਿਸਤਾਨੀ ਅਤੇ ਈਰਾਨੀ ਲੋਕ ਉਸਨੂੰ ਆਪਣੀ ਕਾਰ ਵਿੱਚ ਬਿਠਾ ਕੇ ਲੈ ਗਏ ਅਤੇ ਉਸ ਤੋਂ ਵਿਦੇਸ਼ੀ ਕਰੰਸੀ ਖੋਹ ਲਈ। ਉਸ ਨੇ ਦੱਸਿਆ ਕਿ ਉਸਨੂੰ ਵੱਖ-ਵੱਖ ਕਮਰਿਆਂ ਵਿੱਚ ਬੰਨ੍ਹ ਕੇ ਰੱਖਿਆ ਅਤੇ ਬੁਰੀ ਤਰ੍ਹਾਂ ਕੁੱਟਿਆ ਮਾਰਿਆ ਗਿਆ। ਉਸਨੇ ਕਿਹਾ ਕਿ ਉਨ੍ਹਾਂ ਤਿੰਨਾਂ ਨੌਜਵਾਨਾਂ ਨੂੰ ਇੱਕ ਮਹੀਨੇ ਤੱਕ ਬੰਧਕ ਬਣਾ ਕੇ ਰੱਖਿਆ ਗਿਆ ਅਤੇ ਇਸ ਦੌਰਾਨ ਬਹੁਤ ਸ਼ੋਸ਼ਣ ਕੀਤਾ ਗਿਆ। ਉਸ ਨੇ ਕਿਹਾ ਕਿ ਇੱਕ ਵਾਰ ਜਦੋਂ ਉਨ੍ਹਾਂ ਨੇ ਪਾਣੀ ਪੀਣ ਦੀ ਇੱਛਾ ਜ਼ਾਹਰ ਕੀਤੀ, ਤਾਂ ਕਿਡਨੈਪਰਾਂ ਨੇ ਤਿੰਨਾਂ ਨੂੰ ਪਿਸ਼ਾਬ ਪਿਲਾਇਆ।
''ਸਾਡੇ ਪਾਸਪੋਰਟ ਵੀ ਪਾੜ ਦਿੱਤੇ ਗਏ''
ਉਸਨੇ ਇਹ ਵੀ ਕਿਹਾ ਕਿ ਮੀਡੀਆ ਵਿੱਚ ਖ਼ਬਰਾਂ ਆਉਣ ਤੋਂ ਬਾਅਦ, ਭਾਰਤੀ ਦੂਤਾਵਾਸ ਅਤੇ ਈਰਾਨ ਦੀ ਸੀਆਈਡੀ ਅਤੇ ਪੁਲਿਸ ਨੇ ਉਨ੍ਹਾਂ ਨੂੰ ਲੱਭ ਲਿਆ ਅਤੇ ਭਾਰਤ ਸਰਕਾਰ ਦੇ ਦਖਲ ਨਾਲ ਉਨ੍ਹਾਂ ਨੂੰ ਛੁਡਾਇਆ। ਉਸਨੇ ਕਿਹਾ ਕਿ ਉਨ੍ਹਾਂ ਦੇ ਪਾਸਪੋਰਟ ਵੀ ਪਾੜ ਦਿੱਤੇ ਗਏ ਸਨ। ਭਾਵੇਂ ਉਹ ਆਪਣੇ ਪਰਿਵਾਰ ਨੂੰ ਮਿਲ ਕੇ ਖੁਸ਼ ਹੈ, ਪਰ ਉਸਦੀ ਸਿਹਤ ਅਜੇ ਪੂਰੀ ਤਰ੍ਹਾਂ ਠੀਕ ਨਹੀਂ ਹੈ। ਜਸਪਾਲ ਦੇ ਪਰਿਵਾਰ ਨੇ ਭਾਰਤ ਸਰਕਾਰ ਦਾ ਬਹੁਤ ਧੰਨਵਾਦ ਕੀਤਾ।
ਸੁਖਜਿੰਦਰ ਸਿੰਘ ਸੁੱਖਾ ਦੀ ਰਿਪੋਰਟ
- PTC NEWS