Sukhbir Singh Badal ਨੇ DGP ਨੂੰ ਪਟਿਆਲਾ ਦੇ SSP ਵਰੁਣ ਸ਼ਰਮਾ ਖਿਲਾਫ਼ FIR ਦਰਜ ਕਰਨ ਲਈ ਆਖਿਆ
Shiromani Akali Dal News : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬ ਪੁਲਿਸ ਗੌਰਵ ਯਾਦਵ ਨੂੰ ਆਖਿਆ ਕਿ ਉਹ ਪਟਿਆਲਾ ਦੇ ਐਸ ਐਸ ਪੀ ਵਰੁਣ ਸ਼ਰਮਾ ਵੱਲੋਂ ਜ਼ਿਲ੍ਹਾ ਪੁਲਿਸ ਅਫਸਰਾਂ ਨੂੰ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਗੈਰ ਕਾਨੂੰਨੀ ਤੌਰ ’ਤੇ ਹਿਰਾਸਤ ਵਿਚ ਲੈਣ ਅਤੇ ਲੋਕਤੰਤਰੀ ਪ੍ਰਕਿਰਿਆ ਨੂੰ ਢਹਿ ਢੇਰੀ ਕਰਨ ਵਾਸਤੇ ਉਹਨਾਂ ਖਿਲਾਫ ਐਫ ਆਈ ਆਰ ਦਰਜ ਕਰਨ। ਅਕਾਲੀ ਦਲ ਦੇ ਪ੍ਰਧਾਨ ਨੇ ਜ਼ੋਰ ਦੇ ਕੇ ਆਖਿਆ ਕਿ ਜੋ ਕੋਈ ਵੀ ਵਰੁਣ ਸ਼ਰਮਾ ਦਾ ਬਚਾਅ ਕਰਦਾ ਨਜ਼ਰ ਆਵੇਗਾ ,ਉਸਨੂੰ ਉਹਨਾਂ ਦੀਆਂ ਗੈਰ ਕਾਨੂੰਨੀ ਕਾਰਵਾਈਆਂ ਵਿਚ ਸਹਿ ਮੁਲਜ਼ਮ ਸਮਝਿਆ ਜਾਵੇਗਾ ਅਤੇ ਉਸਦੇ ਖਿਲਾਫ ਵੀ ਕਾਰਵਾਈ ਹੋਵੇਗੀ। ਉਹਨਾਂ ਕਿਹਾ ਕਿ ਜਦੋਂ ਤੱਕ ਐਸ.ਐਸ.ਪੀ ਦੇ ਖਿਲਾਫ ਕਾਨੂੰਨ ਮੁਤਾਬਕ ਕਾਰਵਾਈ ਨਹੀਂ ਹੁੰਦੀ, ਅਸੀਂ ਟਿਕ ਕੇ ਨਹੀਂ ਬੈਠਾਂਗੇ। ਉਹਨਾਂ ਕਿਹਾ ਕਿ ਅਸੀਂ ਐਸ.ਐਸ.ਪੀ ਦੇ ਖਿਲਾਫ ਰਸਮੀ ਸ਼ਿਕਾਇਤ ਕਰਾਂਗੇ।
ਉਹਨਾਂ ਕਿਹਾ ਕਿ ਅਸੀਂ ਵਰੁਣ ਸ਼ਰਮਾ ਵੱਲੋਂ ਸਾਰੇ ਜ਼ਿਲ੍ਹਾ ਪੁਲਿਸ ਅਫਸਰਾਂ ਨਾਲ ਕੀਤੀ ਕਾਨਫਰੰਸ ਕਾਲ ਗਈ, ਜਿਸ ਵਿਚ ਉਹਨਾਂ ਨੇ ਵਿਰੋਧੀ ਧਿਰ ਦੇ ਉਮੀਦਵਾਰਾਂ ਨੂੰ ਸਰਕਾਰੀ ਦਫਤਰਾਂ ਵਿਚ ਪਹੁੰਚਣ ਤੋਂ ਰੋਕਣ ਦੀ ਹਦਾਇਤ ਕੀਤੀ ਤਾਂ ਜੋ ਉਹਨਾਂ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਰੋਕਿਆ ਜਾ ਸਕੇ ਅਤੇ ਰਿਟਰਨਿੰਗ ਅਫਸਰਾਂ ਨੂੰ ਆਖਿਆ ਕਿ ਉਹ ਵਿਰੋਧੀ ਧਿਰ ਦੇ ਉਮੀਦਵਾਰਾਂ ਦੇ ਕਾਗਜ਼ ਰੱਦ ਕਰਨ। ਉਹਨਾਂ ਕਿਹਾ ਕਿ ਅਜਿਹਾ ਕਰਦਿਆਂ ਐਸ.ਐਸ.ਪੀ ਨੇ ਨਾ ਸਿਰਫ ਆਪਣੇ ਅਹੁਦੇ ਦੀ ਖਾਧੀ ਸਹੁੰ ਦੀ ਉਲੰਘਣਾ ਕੀਤੀ ਬਲਕਿ ਉਹ ਆਮ ਆਦਮੀ ਪਾਰਟੀ (ਆਪ) ਦੀ ਕਠਪੁਤਲੀ ਵਜੋਂ ਕੰਮ ਕਰ ਰਹੇ ਹਨ। ਉਹਨਾਂ ਕਿਹਾ ਕਿ ਅਸੀਂ ਅਦਾਲਤਾਂ ਕੋਲ ਪਹੁੰਚ ਕਰ ਕੇ ਯਕੀਨੀ ਬਣਾਵਾਂਗੇ ਕਿ ਉਹ ਕਾਨੂੰਨ ਮੁਤਾਬਕ ਜੇਲ੍ਹ ਜਾਣ।
ਉਹਨਾਂ ਕਿਹਾ ਕਿ ਐਸ.ਐਸ.ਪੀ ਵਰੁਣ ਸ਼ਰਮਾ ਨੇ ਸਾਰੇ ਜ਼ਿਲ੍ਹਾ ਪੁਲਿਸ ਅਫਸਰਾਂ ਨੂੰ ਹਦਾਇਤ ਕੀਤੀ ਕਿਉਂਕਿ ਆਪ ਸਰਕਾਰ ਨੇ ਮਹਿਸੂਸ ਕਰ ਲਿਆ ਹੈ ਕਿ ਚੋਣਾਂ ਵਿਚ ਉਸਨੂੰ ਵੋਟਾਂ ਨਹੀਂ ਪੈਣੀਆਂ ਤੇ ਪੁਲਿਸ ਫੋਰਸ ਲੋਕਾਂ ਤੋਂ ਉਹਨਾਂ ਦੇ ਵੋਟ ਦੇ ਅਧਿਕਾਰ ਨੂੰ ਖੋਹਣਾ ਚਾਹੁੰਦੀਆਂ ਹਨ।
ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਵਿਰੋਧੀ ਧਿਰ ਦੇ ਉਮੀਦਵਾਰਾਂ ਨੂੰ ਕਾਗਜ਼ ਦਾਖਲ ਕਰਨ ਤੋਂ ਰੋਕਣ ਵਾਸਤੇ ਪੁਲਿਸ ਅਫਸਰ ਆਪ ਵਿਧਾਇਕਾਂ ਤੋਂ ਹਦਾਇਤਾਂ ਲੈ ਰਹੇ ਹਨ। ਉਹਨਾਂ ਕਿਹਾ ਕਿ ਅਜਿਹੀਆਂ ਗੈਰ ਕਾਨੂੰਨੀ ਕਾਰਵਾਈਆਂ ਵਿਚ ਲੱਗੇ ਅਫਸਰ ਕਾਨੂੰਨ ਮੁਤਾਬਕ ਆਪਣੀਆਂ ਕਰਵਾਈਆਂ ਦਾ ਨਤੀਜਾ ਭੁਗਤਣ ਲਈ ਤਿਆਰ ਰਹਿਣ। ਉਹਨਾਂ ਨੇ ਅਕਾਲੀ ਦਲ ਦੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਪੂਰਾ ਡੱਟ ਕੇ ਪਾਰਟੀ ਦੀ ਜਿੱਤ ਵਾਸਤੇ ਕੰਮ ਕਰਨ।
ਸੁਖਬੀਰ ਸਿੰਘ ਬਾਦਲ ਨੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਪਰਮਿੰਦਰ ਸਿੰਘ ਰੰਗੀਆਂ ਦਾ ਪਾਰਟੀ ਵਿਚ ਮੁੜ ਸ਼ਾਮਲ ਹੋਣ ’ਤੇ ਸਵਾਗਤ ਕੀਤਾ। ਇਹਨਾਂ ਆਗੂਆਂ ਨੇ ਪਾਰਟੀ ਪ੍ਰਧਾਨ ਨੂੰ ਭਰੋਸਾ ਦੁਆਇਆ ਕਿ ਉਹਨਾਂ ਦੀ ਘਰ ਵਾਪਸੀ ਨਾਲ ਗਿੱਲ ਅਤੇ ਦਾਖਾ ਹਲਕੇ ਵਿਚ ਸ਼੍ਰੋਮਣੀ ਅਕਾਲੀ ਦਲ ਹੋਰ ਮਜ਼ਬੂਤ ਹੋਵੇਗਾ।
- PTC NEWS