Sukhbir Singh Badal : ਪੰਜਾਬ 'ਚ ਵਿਕਾਸ ਕਾਰਜਾਂ ਦੀ ਸ਼ੁਰੂਆਤ ਵਾਸਤੇ ਅਕਾਲੀ ਦਲ ਦੀ ਹਮਾਇਤ ਕਰੋ : ਸੁਖਬੀਰ ਸਿੰਘ ਬਾਦਲ
GidderBaha News : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਅੱਜ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ (Zila Parishad Elections) ਵਿਚ ਅਕਾਲੀ ਦਲ ਦੇ ਉਮੀਦਵਾਰਾਂ ਦੀ ਡਟਵੀਂ ਹਮਾਇਤ ਕਰਨ ਅਤੇ ਕਿਹਾ ਕਿ ਇਸ ਨਾਲ ਹੀ ਇਲਾਕੇ ਦਾ ਵਿਕਾਸ ਸ਼ੁਰੂ ਹੋਵੇਗਾ।
ਇਥੇ ਪੰਚਾਇਤੀ ਰਾਜ ਸੰਸਥਾਵਾਂ ਵਾਸਤੇ ਪਾਰਟੀ ਉਮੀਦਵਾਰਾਂ ਦੇ ਹੱਕ ਵਿਚ ਵਿਸ਼ਾਲ ਜਨਤਕ ਇਕੱਠਾਂ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਕਾਲੀ ਦਲ ਅਤੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਹੀ ਇਸ ਹਲਕੇ ਵਿਚ ਸਾਰੇ ਵਿਕਾਸ ਕਾਰਜ ਕਰਵਾਏ। ਉਹਨਾਂ ਕਿਹਾ ਕਿ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਤੋਂ ਇਲਾਵਾ ਬਾਪੂ ਬਾਦਲ ਨੇ ਇਸ ਹਲਕੇ ਵਿਚ ਜ਼ਮੀਨਾਂ ਨੂੰ ਉਪਜਾਊ ਬਣਾਉਣ ਵਾਸਤੇ ਸੇਮ ਦੀ ਸਮੱਸਿਆ ਖ਼ਤਮ ਕੀਤੀ। ਉਹਨਾਂ ਕਿਹਾ ਕਿ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਅਕਾਲੀ ਦਲ ਦੇ ਉਮੀਦਵਾਰਾਂ ਦੇ ਹੱਕ ਵਿਚ ਸਮੂਹਿਕ ਵੋਟਿੰਗ ਹੀ ਮਰਹੂਮ ਆਗੂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
ਸੁਖਬੀਰ ਸਿੰਘ ਬਾਦਲ ਨੇ ਇਹ ਵੀ ਗੱਲ ਕੀਤੀ ਕਿ ਕਿਵੇਂ ਪਿਛਲੇ 60 ਸਾਲਾਂ ਵਿਚ ਕਾਂਗਰਸ ਨੇ ਚਾਰ ਮੁੱਖ ਮੰਤਰੀ ਦਿੱਤੇ ਜਿਹਨਾਂ ਵਿਚ ਗਿਆਨੀ ਜ਼ੈਲ ਸਿੰਘ, ਦਰਬਾਰਾ ਸਿੰਘ, ਬੇਅੰਤ ਸਿੰਘ ਤੇ ਕੈਪਟਨ ਅਮਰਿੰਦਰ ਸਿੰਘ ਸ਼ਾਮਲ ਸਨ। ਉਹਨਾਂ ਕਿਹਾ ਕਿ ਮੈਂ ਕਾਂਗਰਸ ਪਾਰਟੀ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਦੱਸੇ ਕਿ ਉਸਨੇ ਸੂਬੇ ਵਾਸਤੇ ਕਿਹੜਾ ਇਕ ਕੰਮ ਕੀਤਾ ਜਾਂ ਕਿਸਾਨਾਂ ਜਾਂ ਗਰੀਬਾਂ ਨੂੰ ਕਿਹੜੀ ਇਕ ਸਹੂਲਤ ਪ੍ਰਦਾਨ ਕੀਤੀ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹੀ ਹਾਲ ਭਗਵੰਤ ਮਾਨ ਦਾ ਹੈ ਜਦੋਂ ਕਿ ਦੂਜੇ ਪਾਸੇ ਸਰਦਾਰ ਪ੍ਰਕਾਸ਼ ਸਿੰਘ ਬਾਦਲ 22 ਸਾਲ ਸੱਤਾ ਵਿਚ ਰਹੇ ਜਿਸ ਦੌਰਾਨ ਥਰਮਲ ਪਲਾਂਟ, ਯੂਨੀਵਰਸਿਟੀਆਂ, ਕੈਂਸਰ ਸੰਸਥਾਵਾਂ ਤੇ ਵਿਸ਼ਵ ਪੱਧਰੀ ਯਾਦਗਾਰਾਂ ਬਣੀਆਂ ਅਤੇ ਕਿਸਾਨਾਂ ਨੂੰ ਮੁਫਤ ਬਿਜਲੀ ਮਿਲੀ ਤੇ ਬੁਢਾਪਾ ਪੈਨਸ਼ਨ, ਸ਼ਗਨ ਤੇ ਆਟਾ ਦਾਲ ਸਕੀਮ ਵਰਗੀਆਂ ਸਮਾਜ ਭਲਾਈ ਸਕੀਮਾਂ ਦੀ ਸ਼ੁਰੂਆਤ ਹੋਈ। ਉਹਨਾਂ ਕਿਹਾ ਕਿ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਜਦੋਂ ਸਾਰਾ ਕੁਝ ਅਕਾਲੀ ਦਲ ਨੇ ਦਿੱਤਾ ਹੈ ਤਾਂ ਫਿਰ ਸਾਡੇ ਨਾਲ ਤਜ਼ਰਬੇ ਕਿਉਂ ਨਹੀਂ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਨੂੰ ਬਚਾਉਣ ਵਾਸਤੇ ਸਾਨੂੰ ਅਕਾਲੀ ਦਲ ’ਤੇ ਵਿਸ਼ਵਾਸ ਪ੍ਰਗਟ ਕਰਨਾ ਚਾਹੀਦਾ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਭਰੋਸਾ ਦੁਆਇਆ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਗਰੀਬਾਂ ਦੀ ਭਲਾਈ ਵਾਸਤੇ ਹੋਰ ਸਕੀਮਾਂ ਲੈ ਕੇ ਆਵੇਗੀ। ਉਹਨਾਂ ਕਿਹਾ ਕਿ ਅਸੀਂ ਸਾਰਿਆਂ ਵਾਸਤੇ ਘਰ ਯਕੀਨੀ ਬਣਾਵਾਂਗੇ ਤੇ ਬੁਢਾਪਾ ਪੈਨਸ਼ਨ ਤਹਿਤ ਲਾਭ ਵਧਾਵਾਂਗੇ। ਅਸੀਂ ਆਪਣੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਵਾਸਤੇ ਕ੍ਰਾਂਤੀਕਾਰੀ ਵਿਚਾਰ ਲਿਆਵਾਂਗੇ ਤੇ ਉਦਯੋਗਾਂ ਵਾਸਤੇ ਪੰਜਾਬੀਆਂ ਨੂੰ ਨੌਕਰੀਆਂ ਦੇਣੀਆਂ ਯਕੀਨੀ ਬਣਾਵਾਂਗੇ ਤੇ ਨਾਲ ਹੀ ਆਪਣੀਆਂ ਜ਼ਮੀਨਾਂ ਦੀ ਬਾਹਰਲਿਆਂ ਵੱਲੋਂ ਖਰੀਦ ’ਤੇ ਪਾਬੰਦੀ ਲਗਾ ਕੇ ਇਸਨੂੰ ਬਚਾਵਾਂਗੇ।
ਇਕੱਠ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹਨਾਂ ਨੇ ਆਪਣੇ ਸਕੱਤਰ ਗੁਰਵਿੰਦਰ ਸਿੰਘ ਦੀ ਗਿੱਦੜਬਾਹਾ ਵਿਚ ਡਿਊਟੀ ਲਗਾਈ ਹੈ ਤਾਂ ਰੋਜ਼ਾਨਾ ਦੇ ਕੰਮਕਾਜ ਹੋ ਸਕਣ। ਉਨ੍ਹਾਂ ਨਾਲ ਹਲਕੇ ਦੀ ਸੀਨੀਅਰ ਲੀਡਰਸ਼ਿਪ, ਜਿਹਨਾਂ ਵਿਚ ਬੀਬੀ ਗੁਰਦਿਆਲ ਕੌਰ ਮੱਲਣ, ਗੁਰਮੀਤ ਮਾਨ, ਨਵਤੇਜ ਸਿੰਘ ਕਾਉਣੀ, ਗੁਰਪਿਆਰ ਮੱਲਣ ਅਤੇ ਚਰਨਜੀਤ ਸਿੰਘ ਭੂੰਦੜ ਵੀ ਹਾਜ਼ਰ ਸਨ।
- PTC NEWS