Gidderbaha 'ਚ ਸੁਖਬੀਰ ਸਿੰਘ ਬਾਦਲ ਦੇ ਚੋਣ ਜਲਸਿਆਂ ਨਾਲ ਅਕਾਲੀ ਵਰਕਰਾਂ 'ਚ ਜੋਸ਼, ਲੋਕਾਂ ਵੱਲੋਂ ਮਿਲ ਰਿਹੈ ਵੱਡਾ ਹੁੰਗਾਰਾ
Gidderbaha News : ਗਿੱਦੜਬਾਹਾ ਇਲਾਕੇ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਲਗਾਤਾਰ ਚੋਣ ਜਲਸੇ ਕੀਤੇ ਜਾ ਰਹੇ ਹਨ। ਜਿੱਥੇ ਵੀ ਜਲਸੇ ਕੀਤੇ ਜਾ ਰਹੇ ਹਨ, ਉੱਥੇ ਲੋਕਾਂ ਦਾ ਵੱਡਾ ਇਕੱਠ ਦੇਖਣ ਨੂੰ ਮਿਲ ਰਿਹਾ ਹੈ, ਜਿਸ ਨਾਲ ਇਹ ਸਾਫ਼ ਜਾਹਿਰ ਹੋ ਰਿਹਾ ਹੈ ਕਿ ਇਲਾਕੇ ਵਿੱਚ ਅਕਾਲੀ ਦਲ ਦੇ ਹੱਕ ਵਿੱਚ ਮਜ਼ਬੂਤ ਲਹਿਰ ਬਣਦੀ ਦਿਖ ਰਹੀ ਹੈ।
ਸੁਖਬੀਰ ਸਿੰਘ ਬਾਦਲ ਦੇ ਗਿੱਦੜਬਾਹਾ ਤੋਂ ਚੋਣ ਲੜਨ ਦੇ ਐਲਾਨ ਨੇ ਅਕਾਲੀ ਵਰਕਰਾਂ ਵਿੱਚ ਨਵੀਂ ਉਮੀਦ ਤੇ ਨਵਾਂ ਜੋਸ਼ ਭਰ ਦਿੱਤਾ ਹੈ। ਚੋਣ ਪ੍ਰਚਾਰ ਦੀ ਕਮਾਨ ਖੁਦ ਸੰਭਾਲਦਿਆਂ ਉਹ ਹਰ ਪਿੰਡ ਵਿੱਚ ਜਾ ਕੇ ਉਮੀਦਵਾਰਾਂ ਦੇ ਹੱਕ ਵਿੱਚ ਲੋਕਾਂ ਨੂੰ ਇਕੱਠਾ ਕਰ ਰਹੇ ਹਨ। ਕਰਾਈ ਵਾਲਾ, ਸੁਖਨਾ, ਅਬਲੂ, ਕੋਟਭਾਈ ਮੱਲਣ, ਕੌਣੀ ਤੇ ਦੋਦਾ ਵਰਗੇ ਪਿੰਡਾਂ ਵਿੱਚ ਹੋਏ ਜਲਸਿਆਂ ਨੇ ਚੋਣ ਮਾਹੌਲ ਨੂੰ ਗਰਮਾ ਦਿੱਤਾ ਹੈ।
ਖ਼ਾਸ ਗੱਲ ਇਹ ਰਹੀ ਕਿ ਪਿੰਡ ਮੱਲਣ ਵਿੱਚ ਜ਼ਿਲ੍ਹਾ ਪਰਿਸ਼ਦ ਉਮੀਦਵਾਰ ਬਲਕਰਨ ਸਿੰਘ ਬਾਲੀ ਅਤੇ ਬਲਾਕ ਸੰਮਤੀ ਉਮੀਦਵਾਰ ਸੰਦੀਪ ਕੌਰ ਦੇ ਹੱਕ ਵਿੱਚ ਹੋਏ ਚੋਣ ਸਮਾਗਮ ਵਿੱਚ ਲੋਕਾਂ ਦਾ ਬੇਮਿਸਾਲ ਇਕੱਠ ਦੇਖਣ ਨੂੰ ਮਿਲਿਆ। ਪਿੰਡ ਵਾਸੀਆਂ ਦੀ ਭਾਰੀ ਹਾਜ਼ਰੀ ਨੇ ਸਪਸ਼ਟ ਕਰ ਦਿੱਤਾ ਕਿ ਅਕਾਲੀ ਦਲ ਨੂੰ ਲੋਕਾਂ ਦਾ ਭਰੋਸਾ ਮੁੜ ਮਿਲ ਰਿਹਾ ਹੈ।
ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਭਾਸ਼ਣ ਦੌਰਾਨ ਕਿਹਾ ਕਿ ਲੋਕ ਕਾਂਗਰਸ ਅਤੇ ਝਾੜੂ ਪਾਰਟੀ ਦੋਵਾਂ ਨੂੰ ਅਜ਼ਮਾ ਚੁੱਕੇ ਹਨ, ਪਰ ਦੋਹਾਂ ਸਰਕਾਰਾਂ ਨੇ ਪੰਜਾਬ ਲਈ ਕੋਈ ਢੰਗ ਦੀ ਨੀਤੀ ਜਾਂ ਵਿਕਾਸਕਾਰੀ ਕਦਮ ਨਹੀਂ ਚੁੱਕਿਆ। ਉਹਨਾਂ ਨੇ ਕਿਹਾ ਕਿ ਝਾੜੂ ਪਾਰਟੀ ਦੀ ਸਰਕਾਰ ਦੇ ਕੇਵਲ 6 ਮਹੀਨੇ ਬਾਕੀ ਹਨ ਅਤੇ ਇਹਨਾਂ ਮਹੀਨਿਆਂ ਵਿੱਚ ਵੀ ਕੋਈ ਤਬਦੀਲੀ ਜਾਂ ਲਾਭਦਾਇਕ ਕੰਮ ਹੋਣ ਦੀ ਉਮੀਦ ਨਹੀਂ ਹੈ।
ਸੁਖਬੀਰ ਬਾਦਲ ਨੇ ਜਨਤਾ ਨੂੰ ਅਪੀਲ ਕੀਤੀ ਕਿ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਨੂੰ ਮੌਕਾ ਦੇ ਕੇ ਪੰਜਾਬ ਦਾ ਵਿਕਾਸ ਮੁੜ ਪਟੜੀ 'ਤੇ ਲਿਆਂਦਾ ਜਾ ਸਕਦਾ ਹੈ। ਉਹਨਾਂ ਨੇ ਵਾਅਦਾ ਕੀਤਾ ਕਿ ਅਕਾਲੀ ਸਰਕਾਰ ਆਉਣ 'ਤੇ ਪੰਜਾਬ ਦੇ ਹਰੇਕ ਹਿੱਸੇ ਵਿੱਚ ਵਿਕਾਸ ਤੇ ਰੋਜ਼ਗਾਰ ਦੇ ਮੌਕੇ ਵਧਾਏ ਜਾਣਗੇ।
ਸ਼੍ਰੀ ਮੁਕਤਸਰ ਸਾਹਿਬ ਤੋਂ ਬੂਟਾ ਸਿੰਘ ਪੀਟੀਸੀ ਨਿਊਜ਼
- PTC NEWS