Muktsar News : ਗਰਮੀ ਦਾ ਸਬਜ਼ੀਆਂ ਅਤੇ ਫਲਾਂ ਦੀਆਂ ਕੀਮਤਾਂ ’ਤੇ ਪੈ ਰਿਹਾ ਵੱਡਾ ਅਸਰ, ਅਸਮਾਨੀ ਚੜ੍ਹੀਆਂ ਕੀਮਤਾਂ
Muktsar News : ਜਿੱਥੇ ਗਰਮੀ ਦਾ ਆਸਰ ਮਨੁੱਖੀ ਜ਼ਿੰਦਗੀ 'ਤੇ ਪਿਆ ਹੈ' ਉਸੇ ਤਰ੍ਹਾਂ ਹੀ ਸਬਜ਼ੀਆਂ 'ਤੇ ਵੀ ਗਰਮੀ ਦਾ ਵੱਡਾ ਅਸਰ ਦੇਖਣ ਨੂੰ ਮਿਲ ਰਿਹਾ। ਜਿਹੜੀ ਸਬਜ਼ੀ ਹਾਲੇ ਕੁਝ ਹਫ਼ਤੇ ਪਹਿਲਾਂ 20 ਰੁਪਏ ਦੀ ਸੀ, ਉਹ ਹੁਣ 80 ਰੁਪਏ ਦੇ ਅੰਕੜੇ 'ਤੇ ਪਹੁੰਚ ਗਈ ਹੈ। ਸਿਰਫ਼ ਮੌਸਮ ਹੀ ਨਹੀਂ ਪਰ ਮਿਹਨਤਕਸ਼ ਲੋਕਾਂ ਦੀ ਥਾਲੀ ਵੀ ਇਸ ਤਪਸ਼ ਨਾਲ ਸੁੱਕਣ ਲੱਗੀ ਹੈ। ਸਬਜ਼ੀ ਦੇ ਵਧ ਰਹੇ ਰੇਟਾਂ ਨੇ ਗਰੀਬ ਦੀ ਰੋਜ਼ੀ 'ਤੇ ਵੀ ਵੱਡਾ ਵਾਰ ਕੀਤਾ ਹੈ।
ਪੰਜਾਬ ਵਿੱਚ ਗਰਮੀ ਆਪਣਾ ਰੂਪ ਧਾਰ ਚੁੱਕੀ ਹੈ। ਮੌਸਮ ਵਿੱਚ ਆ ਰਹੀ ਤੀਵਰਤਾ ਸਿਰਫ਼ ਮਨੁੱਖੀ ਸਿਹਤ ਨੂੰ ਹੀ ਪ੍ਰਭਾਵਤ ਨਹੀਂ ਕਰ ਰਹੀ, ਸਗੋਂ ਸਬਜ਼ੀਆਂ ਦੀ ਉਤਪਾਦਨ ਅਤੇ ਉਪਲਬਧਤਾ ਨੂੰ ਵੀ ਗੰਭੀਰ ਢੰਗ ਨਾਲ ਨੁਕਸਾਨ ਪਹੁੰਚਾ ਰਹੀ ਹੈ। ਸਬਜ਼ੀ ਵਿਕਰੇਤਾਵਾਂ ਨੇ ਦੱਸਿਆ ਕਿ ਗਰਮੀ ਕਾਰਨ ਸਬਜ਼ੀਆਂ 'ਤੇ ਫਲ ਨਹੀਂ ਲੱਗਦੇ, ਖੇਤਾਂ ਵਿੱਚ ਫਸਲ ਸੁੱਕ ਰਹੀ ਹੈ ਅਤੇ ਜੋ ਸਬਜ਼ੀ ਬਾਹਰੋਂ ਆਉਂਦੀ ਸੀ, ਉਹ ਵੀ ਘੱਟ ਆ ਰਹੀ ਹੈ। ਨਤੀਜਾ ਇਹ ਕਿ ਪਿਛਲੇ ਕੁਝ ਦਿਨਾਂ ਵਿੱਚ ਰੇਟ ਕਰੀਬ 200% ਤੱਕ ਵਧ ਚੁੱਕੇ ਹਨ। ਜਿਹੜੀ ਸਬਜ਼ੀ ਪਹਿਲਾਂ 20-30 ਰੁਪਏ ਕਿਲੋ ਸੀ, ਉਹ ਹੁਣ 70-80 ਰੁਪਏ 'ਤੇ ਮਿਲ ਰਹੀ ਹੈ। ਇਹ ਹਾਲਾਤ ਸਿਰਫ਼ ਵਿਕਰੇਤਾਵਾਂ ਨੂੰ ਨਹੀਂ, ਸਗੋਂ ਗਾਹਕਾਂ ਨੂੰ ਵੀ ਤਣਾਅ ਦੇ ਰਹੇ ਹਨ। ਗਾਹਕਾਂ ਨੇ ਦੱਸਿਆ ਕਿ ਮੰਗਵਾਈ ਇੰਨੀ ਹੋ ਚੁੱਕੀ ਹੈ ਕਿ "ਲੱਕ ਤੋੜ ਕੇ ਰੱਖ ਦਿੱਤਾ। ਰੋਜ਼ ਕਮਾਈ ਕਰਕੇ ਖਾਣ ਵਾਲਿਆਂ ਲਈ ਸਬਜ਼ੀ ਖਰੀਦਣਾ ਮੁਸ਼ਕਲ ਹੋ ਗਿਆ ਹੈ।
ਉਨ੍ਹਾਂ ਕਿਹਾ ਕਿ ਇਹ ਮਹਿੰਗਾਈ ਅਮੀਰਾਂ ਨੂੰ ਨਹੀਂ, ਪਰ ਮਿਹਨਤਕਸ਼ ਪਰਿਵਾਰਾਂ ਨੂੰ ਚੁੱਭਣ ਲੱਗੀ ਹੈ। ਗਾਹਕਾਂ ਨੇ ਗੱਲਬਾਤ ਦੌਰਾਨ ਕਿਹਾ ਕਿ ਜੇਕਰ ਇਹੀ ਹਾਲਾਤ ਰਹੇ ਤਾਂ ਰੋਟੀ ਦੇ ਨਾਲ ਸਬਜ਼ੀ ਆਉਣੀ ਵੀ ਮੁਸ਼ਕਲ ਹੋ ਜਾਵੇਗੀ। ਸਬਜ਼ੀ ਵਿਕਰੇਤਾਵਾਂ ਦਾ ਮੰਨਣਾ ਹੈ ਕਿ ਇਸ ਵਾਰ ਵੀ ਜਿਵੇਂ ਹਰ ਸਾਲ ਹੁੰਦਾ ਹੈ, ਗਰਮੀ ਕਾਰਨ ਰੇਟ ਵਧੇ ਹਨ ਤੇ ਹੁਣ ਲਗਭਗ 15 ਦਿਨ ਤੱਕ ਇਹੀ ਹਾਲਾਤ ਰਹਿਣ ਦੀ ਸੰਭਾਵਨਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਇਸ ਦੌਰਾਨ ਤੇਜ਼ ਬਾਰਿਸ਼ ਆ ਜਾਂਦੀ ਹੈ ਤਾਂ ਵੀ ਸਬਜ਼ੀਆਂ ਖਰਾਬ ਹੋਣ ਕਰਕੇ ਰੇਟਾਂ ਵਿੱਚ ਹੋਰ ਚੜ੍ਹਾਅ ਆ ਸਕਦਾ ਹੈ।
ਇਸ ਸਮੇਂ ਗਾਹਕ ਵੀ ਸਬਜ਼ੀ ਮੰਡੀ ਵਿੱਚ ਸਿਰਫ਼ ਤੜਕ ਸਵੇਰੇ ਜਾਂ ਸ਼ਾਮ ਨੂੰ ਹੀ ਆ ਰਹੇ ਹਨ, ਜਦ ਗਰਮੀ ਥੋੜ੍ਹੀ ਘੱਟ ਹੁੰਦੀ ਹੈ। ਗਰਮੀ 'ਤੇ ਮਹਿੰਗਾਈ ਨੇ ਮਿਲਕੇ ਨਾਂ ਸਿਰਫ਼ ਸਬਜ਼ੀ ਦੀ ਉਪਲਬਧਤਾ ਘਟਾਈ ਹੈ, ਸਗੋਂ ਖਪਤਕਾਰਾਂ ਦੇ ਸੈਂਟੇ ਵੀ ਖਾਧੇ ਹਨ। ਇਹ ਹਾਲਾਤ ਜਤਾਉਂਦੇ ਹਨ ਕਿ ਮੌਸਮ ਬਦਲਾਅ ਸਿਰਫ਼ ਤਾਪਮਾਨ ਨਹੀਂ, ਸਗੋਂ ਰੋਟੀ-ਰੁਜ਼ੀ ਦੇ ਸੰਕਟ ਨੂੰ ਵੀ ਜਨਮ ਦੇ ਰਹੇ ਹਨ।
- PTC NEWS