Sat, May 4, 2024
Whatsapp

Rebel Major General Subeg Singh: ਦੇਸ਼ ਦੀ ਇਸ ਗਲਤੀ ਨੇ ਮੇਜਰ ਜਨਰਲ ਸੁਬੇਗ ਸਿੰਘ ਨੂੰ ਬਣਾਇਆ ਬਾਗ਼ੀ ਅਤੇ ਭੁਗਤਿਆ ਉਸਦਾ ਖਾਮਿਆਜ਼ਾ

Written by  Jasmeet Singh -- June 04th 2023 05:35 PM -- Updated: June 04th 2023 07:12 PM
Rebel Major General Subeg Singh: ਦੇਸ਼ ਦੀ ਇਸ ਗਲਤੀ ਨੇ ਮੇਜਰ ਜਨਰਲ ਸੁਬੇਗ ਸਿੰਘ ਨੂੰ ਬਣਾਇਆ ਬਾਗ਼ੀ ਅਤੇ ਭੁਗਤਿਆ ਉਸਦਾ ਖਾਮਿਆਜ਼ਾ

Rebel Major General Subeg Singh: ਦੇਸ਼ ਦੀ ਇਸ ਗਲਤੀ ਨੇ ਮੇਜਰ ਜਨਰਲ ਸੁਬੇਗ ਸਿੰਘ ਨੂੰ ਬਣਾਇਆ ਬਾਗ਼ੀ ਅਤੇ ਭੁਗਤਿਆ ਉਸਦਾ ਖਾਮਿਆਜ਼ਾ

The Rebel Major General Subeg Singh: ਸਿੱਖ ਕੌਮ ਦਾ ਇੱਕ ਅਜਿਹਾ ਸਿੰਘ ਜਿਸਨੇ ਉਸੀ ਭਾਰਤੀ ਫੌਜ ਦੇ ਵਿਰੁੱਧ ਜੰਗ ਲੜੀ ਜਿਸ ਵਿੱਚ ਉਸਨੇ ਦਹਾਕਿਆਂ ਤੱਕ ਸੇਵਾ ਨਿਭਾਈ ਸੀ। ਜਿਸਨੂੰ ਭਾਰਤੀ ਫੌਜ ਤੋਂ ਗੁਰੀਲਾ ਯੁੱਧ ਵਿੱਚ ਮੁਹਾਰਤ ਹਾਸਲ ਹੋਈ। ਜਿਨ੍ਹਾਂ ਦੇ ਨਾਂ 'ਤੇ ਚੀਨ ਅਤੇ ਪਾਕਿਸਤਾਨ ਕੰਬਦੇ ਸਨ। ਜਿਨ੍ਹਾਂ ਨੇ ਯੁੱਧਾਂ ਵਿੱਚ ਅਦਭੁਤ ਲੜਾਈ ਦੇ ਹੁਨਰ ਦਿਖਾਏ। ਜਦੋਂ ਵੀ ਜੰਗ ਹੋਈ ਤਾਂ ਦੇਸ਼ ਨੇ ਉਨ੍ਹਾਂ ਨੂੰ ਮੋਰਚੇ 'ਤੇ ਰੱਖਿਆ। ਪੂਰਬੀ ਪਾਕਿਸਤਾਨ ਦੇ ਬਾਗੀਆਂ ਦੀ ਮੁਕਤੀ ਬਾਹਨੀ ਫੌਜ ਬਣਾਉਣ 'ਚ ਅਹਿਮ ਕਿਰਦਾਰ ਨਿਭਾਈ ਅਤੇ ਅਜਿਹੀ ਸਿਖਲਾਈ ਦਿੱਤੀ ਜੋ ਅੱਜ ਵੀ ਫੌਜੀ ਇਤਿਹਾਸ ਵਿੱਚ ਯਾਦ ਕੀਤੀ ਜਾਂਦੀ ਹੈ। 

ਭਾਰਤ ਦੇ ਰਾਸ਼ਟਰਪਤੀ ਤੋਂ ਪਰਮ ਵਿਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਤ ਮੇਜਰ ਜਨਰਲ ਸੁਬੇਗ ਸਿੰਘ ਨੂੰ ਬਾਗ਼ੀ ਬਣਾਉਣ ਵਿੱਚ ਜੇਕਰ ਕਿਸੇ ਦੀ ਸਭ ਤੋਂ ਵੱਡੀ ਭੂਮਿਕਾ ਰਹੀ ਤਾਂ ਉਹ ਸੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ, ਜਿਨ੍ਹਾਂ ਨੂੰ ਉਨ੍ਹਾਂ ਦੀ ਉਪਲੱਬਧੀਆਂ ਤੋਂ ਵੱਧ ਉਨ੍ਹਾਂ ਦੀ ਗਲਤੀਆਂ ਜਿਵੇਂ ਕਿ 1975 ਦੀ ਐਮਰਜੈਂਸੀ, ਸਾਕਾ ਨੀਲਾ ਤਾਰਾ ਅਤੇ ਹੋਰਾਂ ਲਈ ਯਾਦ ਕੀਤਾ ਜਾਵੇਗਾ।  


ਇਹ ਕਹਾਣੀ ਮੇਜਰ ਜਨਰਲ ਸੁਬੇਗ ਸਿੰਘ ਦੀ ਹੈ ਜੋ ਬਾਅਦ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਦੇ ਫੌਜੀ ਸਲਾਹਕਾਰ ਬਣੇ ਅਤੇ ਉਨ੍ਹਾਂ ਭਾਰਤੀ ਫੌਜ ਦੇ ਵਿਰੁੱਧ ਸ੍ਰੀ ਦਰਬਾਰ ਸਾਹਿਬ 'ਤੇ ਕੀਤੇ ਹਮਲੇ 'ਚ ਰੱਖਿਆ ਦੇ ਮੁੱਖ ਕਾਰਜਕਾਰੀ ਯੋਜਨਾਕਾਰ ਵਜੋਂ ਸੇਵਾ ਨਿਭਾਈ। ਇਹ ਮੇਜਰ ਜਨਰਲ ਸੁਬੇਗ ਦੇ ਗੁਰੀਲਾ ਯੁੱਧ ਦੇ ਹੁਨਰ ਅਤੇ ਰੱਖਿਆ ਦੀ ਯੋਜਨਾਬੰਦੀ ਸੀ, ਜਿਸ ਕਰਕੇ ਜੂਨ 1984 ਵਿੱਚ ਸਾਕਾ ਨੀਲਾ ਤਾਰਾ ਦੇ 72 ਘੰਟਿਆਂ ਦੌਰਾਨ ਹਮਲਾ ਕਰਨ ਪਹੁੰਚੀ ਭਾਰਤੀ ਫੌਜ ਨੂੰ ਭਾਰੀ ਗਿਣਤੀ ਵਿੱਚ ਜਾਨੀ ਨੁਕਸਾਨ ਅਤੇ ਤਬਾਹੀ ਝੱਲਣੀ ਪਈ ਸੀ। 

ਜਨਮ ਅਤੇ ਪੜ੍ਹਾਈ ਅਤੇ ਭਾਰਤੀ ਫੌਜ 'ਚ ਸ਼ਾਮਲ ਹੋਣਾ

23 ਜਨਵਰੀ 1925 ਨੂੰ ਅੰਮ੍ਰਿਤਸਰ ਦੇ ਨੇੜੇ ਇੱਕ ਪਿੰਡ ਵਿੱਚ ਜਨਮੇ ਸੁਬੇਗ ਸਿੰਘ, 1942 ਵਿੱਚ ਲਾਹੌਰ ਕਾਲਜ ਤੋਂ ਬ੍ਰਿਟਿਸ਼ ਫੌਜ ਵਿੱਚ ਭਰਤੀ ਹੋਏ ਸਨ। ਉਸ ਸਮੇਂ ਤੋਂ ਉਨ੍ਹਾਂ ਨੇ ਨਾ ਸਿਰਫ ਸੁਤੰਤਰਤਾ ਅੰਦੋਲਨ ਦੇਖਿਆ ਬਲਕਿ WWII, 1962 ਭਾਰਤ-ਚੀਨ ਯੁੱਧ, 1965 ਭਾਰਤ-ਪਾਕਿਸਤਾਨ ਯੁੱਧ ਅਤੇ 1971 ਭਾਰਤ-ਪਾਕਿਸਤਾਨ ਯੁੱਧ, ਜਿਸ ਨੇ ਬੰਗਲਾਦੇਸ਼ ਨੂੰ ਜਨਮ ਦਿੱਤਾ, ਵਿੱਚ ਅਹਿਮ ਹਿੱਸਾ ਪਾਇਆ ਸੀ।

ਮੇਜਰ ਜਨਰਲ ਸ਼ਬੇਗ ਦੇ ਛੋਟੇ ਭਰਾ ਬੇਅੰਤ ਸਿੰਘ ਨੇ ਇੱਕ ਨਾਮਵਰ ਕੌਮੀ ਅਖ਼ਬਾਰ ਨੂੰ ਦੱਸਿਆ ਕਿ ਉਸਦੇ ਭਰਾ ਨੇ ਉਸ ਨੂੰ ਇੱਕ ਪੱਤਰ ਭੇਜ ਕੇ ਮਾਣ ਨਾਲ ਇਹ ਦਾਅਵਾ ਕੀਤਾ ਸੀ ਕਿ ਉਸ ਨੇ ਮੁਕਤੀ ਬਾਹਨੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਅਤੇ ਉਸ ਨੇ ਉਨ੍ਹਾਂ ਨੂੰ ਗੁਰੀਲਾ ਯੁੱਧ ਦੀ ਵਿਆਪਕ ਸਿਖਲਾਈ ਦਿੱਤੀ ਸੀ। ਇਸ ਲਈ ਉਹ 10 ਮਾਰਚ 1971 ਨੂੰ ਉਸ ਦੇ ਵਿਆਹ ਵਿੱਚ ਸ਼ਾਮਲ ਨਹੀਂ ਹੋ ਸਕਿਆ।

ਬੇਅੰਤ ਸਿੰਘ ਮੁਤਾਬਕ ਉਨ੍ਹਾਂ ਦਾ ਭਰਾ ਕਈ ਭਾਸ਼ਾਵਾਂ ਜਾਣਦਾ ਸੀ ਅਤੇ ਜਨਰਲ ਸੈਮ ਮਾਨੇਕਸ਼ਾ ਨੇ ਹੀ ਉਸਨੂੰ ਫੌਜ ਦੀ ਨੌਕਰੀ ਲਈ ਚੁਣਿਆ ਸੀ, ਜੋ ਕਿ ਅੰਮ੍ਰਿਤਸਰ ਦੇ ਹੀ ਰਹਿਣ ਵਾਲੇ ਸਨ। ਉਨ੍ਹਾਂ ਅੱਗੇ ਇਹ ਵੀ ਦੱਸਿਆ ਕਿ ਸੁਬੇਗ ਸਿੰਘ ਉਰਦੂ, ਬੰਗਲਾ, ਹਿੰਦੀ, ਪੰਜਾਬੀ, ਅੰਗਰੇਜ਼ੀ, ਗੋਰਖਾਲੀ ਆਦਿ ਚੰਗੀ ਤਰ੍ਹਾਂ ਬੋਲ ਸਕਦਾ ਸੀ।

ਸੇਵਾਮੁਕਤੀ ਤੋਂ ਇੱਕ ਦਿਨ ਪਹਿਲਾਂ ਲਾਇਆ ਭ੍ਰਿਸ਼ਟਾਚਾਰ ਦਾ ਦੋਸ਼

30 ਅਪ੍ਰੈਲ 1976 ਨੂੰ ਮੇਜਰ ਜਨਰਲ ਸੁਬੇਗ ਸਿੰਘ ਨੂੰ ਆਪਣੀ ਸੇਵਾਮੁਕਤੀ ਤੋਂ ਇੱਕ ਦਿਨ ਪਹਿਲਾਂ ਬੇਨਿਯਮੀਆਂ ਅਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਫੌਜ ਵਿੱਚੋਂ ਬਰਖਾਸਤ ਕਰਵਾ ਦਿੱਤਾ ਗਿਆ। ਉਸ ਵਿਰੁੱਧ ਹੋਰ ਵੀ ਕੇਸ ਦਰਜ ਸਨ ਜਿਵੇਂ ਕਿ ਉਸ ਨੇ ਕਿਸੇ ਹੋਰ ਦੇ ਨਾਂ 'ਤੇ ਟਰੱਕ ਲਿਆ ਸੀ ਅਤੇ ਉਸ ਨੇ 10 ਲੱਖ ਰੁਪਏ ਦੀ ਲਾਗਤ ਨਾਲ ਮਕਾਨ ਬਣਵਾਇਆ ਸੀ। 

ਮੇਜਰ ਜਨਰਲ ਸੁਬੇਗ ਸਿੰਘ ਨੂੰ ਬਿਨਾਂ ਕੋਰਟ ਮਾਰਸ਼ਲ ਦੇ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ, ਉਨ੍ਹਾਂ ਦੇ ਪੂਰੇ ਪੈਨਸ਼ਨ ਅਧਿਕਾਰਾਂ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਸੁਬੇਗ ਸਿੰਘ ਨੇ ਵੱਡੀ ਕਾਨੂੰਨੀ ਲੜਾਈ ਲੜੀ ਅਤੇ ਇਸ ਮਗਰੋਂ ਭਾਰਤ ਦੀ ਸੁਪਰੀਮ ਕੋਰਟ ਨੇ ਅੰਤ 'ਚ ਸੁਬੇਗ ਸਿੰਘ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ। 

ਹੁਣ ਪੜ੍ਹੋ ਸੁਬੇਗ ਸਿੰਘ ਦੇ ਬਾਗ਼ੀ ਹੋਣ ਦੀ ਕਹਾਣੀ 

ਇਨ੍ਹਾਂ ਘਟਨਾਵਾਂ ਤੋਂ ਬਾਅਦ ਮੇਜਰ ਜਨਰਲ ਸੁਬੇਗ ਸਿੰਘ ਦੇ ਬਾਗ਼ੀ ਹੋਣ ਦੀ ਕਹਾਣੀ ਸ਼ੁਰੂ ਹੁੰਦੀ ਹੈ। ਬੰਗਲਾਦੇਸ਼ ਦੇ ਗਠਨ ਤੋਂ ਬਾਅਦ ਉਨ੍ਹਾਂ ਦੀ ਬਦਲੀ ਉੱਤਰ ਪ੍ਰਦੇਸ਼ ਦੇ ਬਰੇਲੀ ਹੋ ਗਈ। ਫੌਜ ਦੀ ਆਡਿਟ ਰਿਪੋਰਟ 'ਚ ਬਰੇਲੀ 'ਚ ਵਿੱਤੀ ਗੜਬੜੀ ਦਾ ਪਤਾ ਲੱਗਿਆ। ਮਾਮਲਾ ਇੰਨਾ ਗੰਭੀਰ ਸੀ ਕਿ ਮੇਜਰ ਜਨਰਲ ਸੁਬੇਗ ਸਿੰਘ ਨੂੰ ਸੇਵਾਮੁਕਤੀ ਤੋਂ ਇਕ ਦਿਨ ਪਹਿਲਾਂ ਬਰਖਾਸਤ ਕਰਨਾ ਪਿਆ। ਸੀ.ਬੀ.ਆਈ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਅਦਾਲਤ ਵਿੱਚ 3-4 ਸਾਲ ਕੇਸ ਚੱਲਦਾ ਰਿਹਾ। ਹਾਲਾਂਕਿ ਸੁਬੇਗ ਸਿੰਘ ਖਿਲਾਫ ਕੋਈ ਸਬੂਤ ਨਹੀਂ ਮਿਲਿਆ ਪਰ ਅਦਾਲਤ ਨੇ ਪੂਰੇ ਮਾਮਲੇ ਨੂੰ ਖਾਰਜ ਕਰ ਦਿੱਤਾ। ਸੁਬੇਗ ਨੇ ਕੁਝ ਸੀਨੀਅਰ ਅਫਸਰਾਂ 'ਤੇ ਉਸ ਨੂੰ ਇਸ ਮਾਮਲੇ 'ਚ ਫਸਾਉਣ ਦਾ ਦੋਸ਼ ਲਗਾਇਆ ਅਤੇ ਬਗਾਵਤ ਸ਼ੁਰੂ ਕਰ ਦਿੱਤੀ।

ਇਹ ਦੱਸਦੇ ਹੋਏ ਕਿ ਉਸਦਾ ਭਰਾ ਦੇਸ਼ ਭਗਤ ਸੀ, ਬੇਅੰਤ ਸਿੰਘ ਨੇ ਕਿਹਾ ਕਿ ਮੇਜਰ ਜਨਰਲ ਸੁਬੇਗ ਸਿੰਘ ਨੇ ਮੁਕਤੀ ਬਾਹਨੀ ਨੂੰ ਸਿਖਲਾਈ ਦੇਣ ਲਈ ਆਪਣੇ ਵਾਲ ਕੱਟਣ ਤੋਂ ਪਹਿਲਾਂ ਇੱਕ ਵਾਰ ਵੀ ਨਹੀਂ ਸੋਚਿਆ ਸੀ। ਮੇਰਾ ਭਰਾ ਭਾਰਤ ਸਰਕਾਰ ਤੋਂ ਬਦਲਾ ਲੈਣਾ ਚਾਹੁੰਦਾ ਸੀ ਕਿ ਕਿਉਂਕਿ ਨਾ ਸਿਰਫ਼ ਉਸ ਦੀ ਸੀਨੀਆਰਤਾ ਨੂੰ ਨਜ਼ਰਅੰਦਾਜ਼ ਕੀਤਾ ਗਿਆ, ਉਸ 'ਤੇ ਬੇਤੁਕੇ ਦੋਸ਼ ਲਾਏ ਗਏ।

ਖਾਲਿਸਤਾਨੀ ਲਹਿਰ 'ਚ ਸੁਬੇਗ ਸਿੰਘ ਦੀ ਸ਼ਮੂਲੀਅਤ

ਜਦੋਂ ਸੁਬੇਗ ਸਿੰਘ ਆਪਣੀ ਬੇਗੁਨਾਹੀ ਦੀ ਕਾਨੂੰਨੀ ਜੰਗ ਲੜ ਰਹੇ ਸਨ ਤਾਂ ਉਸ ਵੇਲੇ ਦੇਸ਼ 'ਚ ਇੱਕ ਸਿਆਸੀ ਅਤੇ ਧਾਰਮਿਕ ਜੰਗ ਵੀ ਜਾਰੀ ਸੀ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਅਗਵਾਈ ਵਿੱਚ ਉਸ ਸਮੇਂ ਪੰਜਾਬ ਵਿੱਚ ਖਾਲਿਸਤਾਨ ਲਹਿਰ ਆਪਣੇ ਸਿਖਰ 'ਤੇ ਸੀ। ਆਪਣੀ ਬੇਗੁਨਾਹੀ ਸਾਬਤ ਹੋਣ ਮਗਰੋਂ  ਫਿਰ ਉਹ ਭਿੰਡਰਾਂਵਾਲੇ ਦੇ ਸਾਥੀ ਬਣ ਗਏ। ਭਿੰਡਰਾਂਵਾਲੇ ਸੁਬੇਗ਼ ਦੇ ਗੁਰੀਲਾ ਯੁੱਧ ਦੇ ਹੁਨਰ ਤੋਂ ਵੀ ਜਾਣੂ ਸੀ। ਉਨ੍ਹਾਂ ਦੋਵਾਂ ਨੂੰ ਖੁਫੀਆ ਸੂਚਨਾ ਮਿਲ ਚੁੱਕੀ ਸੀ ਕਿ ਪਿੱਛਲੇ ਕਈ ਮਹੀਨਿਆਂ ਤੋਂ ਇੰਦਰਾ ਗਾਂਧੀ ਦੇ ਸਿਆਸੀ ਲਾਹੇ ਅੱਗੇ ਬੇਬਸ ਭਾਰਤੀ ਫੌਜ ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ 'ਤੇ ਫੌਜੀ ਹਮਲੇ ਦੀ ਤਿਆਰੀ ਕਰ ਰਹੀ ਸੀ। ਇਸਦੀ ਜਾਣਕਾਰੀ ਮਿਲਣ ਮਗਰੋਂ ਭਿੰਡਰਾਂਵਾਲਿਆਂ ਨੇ ਸੁਬੇਗ਼ ਸਿੰਘ ਨੂੰ ਸਿੱਖਾਂ ਦੇ ਸਭ ਤੋਂ ਪਵਿੱਤਰ ਅਸਥਾਨ ਦੀ ਰਾਖੀ ਦੀ ਜ਼ਿੰਮੇਵਾਰੀ ਸੌਂਪੀ।

ਸੁਬੇਗ ਸਿੰਘ ਦੀ ਫੌਜੀ ਕਾਬਿਲੀਅਤ ਦਾ ਹੁੰਗਾਰਾ ਭਰਦੇ ਸੇਵਾਮੁਕਤ ਜਨਰਲ   

ਕੇਂਦਰੀ ਮੰਤਰੀ ਅਤੇ ਸੇਵਾਮੁਕਤ ਜਨਰਲ ਵੀ.ਕੇ. ਸਿੰਘ ਨੇ ਆਪਣੀ ਕਿਤਾਬ 'ਕੋਰੇਜ ਐਂਡ ਕਨਵੀਕਸ਼ਨ' ਵਿੱਚ ਲਿਖਿਆ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਦੀ ਮੋਰਚਾਬੰਦੀ ਦਾ ਨਿਰਮਾਣ ਮੇਜਰ ਜਨਰਲ ਸੁਬੇਗ ਸਿੰਘ ਦੀ ਨਿਗਰਾਨੀ ਹੇਠ ਹੋਇਆ ਸੀ। ਸਾਰੇ ਹਥਿਆਰ ਜ਼ਮੀਨ ਤੋਂ ਕੁਝ ਇੰਚ ਉੱਪਰ ਰੱਖੇ ਗਏ ਸਨ। ਇਸ ਦਾ ਮਤਲਬ ਹੈ ਕਿ ਗੋਲੀ ਸਿੱਧੀ ਫੋਰਸ ਦੀ ਲੱਤ ਵਿੱਚ ਲੱਗਦੀ ਸੀ। ਅੱਗੇ ਲੰਘਣ ਦਾ ਵੀ ਕੋਈ ਚਾਰਾ ਨਹੀਂ ਸੀ। ਫਿਰ ਗੋਲੀ ਸਿਰ ਵਿੱਚ ਵੱਜਦੀ। ਇਹੀ ਕਾਰਨ ਸੀ ਕਿ ਸ਼ੁਰੂ ਵਿੱਚ ਕਈ ਸਿਪਾਹੀ ਜ਼ਖਮੀ ਹੋ ਗਏ ਸਨ।

ਸੁਬੇਗ਼ ਸਿੰਘ ਦੇ ਹੀ ਚੇਲੇ ਰਹੇ ਸੀ ਲੈਫਟੀਨੈਂਟ ਜਨਰਲ ਕੇ.ਐਸ.ਬਰਾੜ 

ਸਾਕਾ ਨੀਲਾ ਤਾਰਾ ਦੀ ਅਗਵਾਈ ਕਰਨ ਵਾਲੇ ਲੈਫਟੀਨੈਂਟ ਜਨਰਲ ਕੇ.ਐਸ.ਬਰਾੜ, ਜੋ ਸੁਬੇਗ਼ ਸਿੰਘ ਦੇ ਚੇਲੇ ਰਹੇ ਸੀ ਅਤੇ ਯੁੱਧ ਨੀਤੀ ਦੇ ਕਈ ਗੁਣ ਉਨ੍ਹਾਂ ਤੋਂ ਹੀ ਸਿੱਖੇ ਸਨ, ਨੇ ਆਪਣੀ ਕਿਤਾਬ 'ਆਪ੍ਰੇਸ਼ਨ ਬਲੂ ਸਟਾਰ' 'ਚ ਲਿਖਿਆ ਹੈ ਕਿ ਹਮਲੇ ਤੋਂ ਪਹਿਲਾਂ ਉਹ ਹਰਿਮੰਦਰ ਸਾਹਿਬ ਗਏ ਸਨ ਅਤੇ ਉੱਥੇ ਦੀ ਹਾਲਤ ਵੇਖੀ ਸੀ। ਸੁਬੇਗ ਦੂਰਬੀਨ ਰਾਹੀਂ ਸਭ ਕੁਝ ਦੇਖ ਰਹੇ ਸੀ। 

ਇਕ ਅੰਗਰੇਜ਼ੀ ਅਖਬਾਰ ਵਿਚ ਉਸ ਵੇਲੇ ਇੱਕ ਲੇਖ ਛਪਿਆ ਸੀ ਜਿਸ ਵਿੱਚ ਇਹ ਦਾਅਵਾ ਕੀਤਾ ਗਿਆ ਕਿ ਫੌਜ ਨੇ ਮੇਜਰ ਜਨਰਲ ਸੁਬੇਗ ਸਿੰਘ ਦੇ ਗੁਰੀਲਾ ਯੁੱਧ ਦੇ ਹੁਨਰ ਨੂੰ ਨਜ਼ਰਅੰਦਾਜ਼ ਕੀਤਾ ਸੀ। ਅਧਿਕਾਰੀ ਜ਼ਿਆਦਾ ਭਰੋਸੇ ਵਿੱਚ ਸਹੀ ਫੈਸਲਾ ਨਹੀਂ ਲੈ ਸਕੇ। ਇਹੀ ਕਾਰਨ ਸੀ ਕਿ ਬਹੁਤ ਸਾਰੇ ਫੌਜੀ ਸ਼ਹੀਦ ਹੋਏ।



ਦਰਅਸਲ ਸੁਬੇਗ਼ ਸਿੰਘ ਦੀ ਯੋਜਨਾ ਸ੍ਰੀ ਹਰਿਮੰਦਰ ਸਾਹਿਬ ਵਿੱਚ ਭਾਰਤੀ ਫੌਜਾਂ ਨਾਲ ਲੜਨ ਦੀ ਨਹੀਂ ਸਗੋਂ ਸਵੇਰ ਤੱਕ ਉਨ੍ਹਾਂ ਨੂੰ ਰੋਕ ਕੇ ਰੱਖਣ ਦੀ ਸੀ। ਸੂਰਜ ਚੜ੍ਹਦੇ ਸਾਰ ਹੀ ਭੀੜ ਪਹੁੰਚ ਜਾਉਂਦੀ ਅਤੇ ਫੌਜ ਨੂੰ ਆਪਣੀ ਕਾਰਵਾਈ ਰੋਕਣੀ ਪੈਂਦੀ। ਫੌਜ ਨੇ ਵੀ ਇਸ ਗੱਲ ਨੂੰ ਸਮਝ ਲਿਆ ਅਤੇ ਰਾਤ ਨੂੰ ਆਪਰੇਸ਼ਨ ਨੂੰ ਅੰਜਾਮ ਦੇਣ ਲਈ ਟੈਂਕ ਮੰਗਵਾ ਲਏ। ਇਹ ਵੀ ਕਿਹਾ ਜਾਂਦਾ ਹੈ ਕਿ ਜੇਕਰ ਉਸ ਸਮੇਂ ਤੱਕ ਟੈਂਕ ਨਾ ਬੁਲਾਇਆ ਗਿਆ ਹੁੰਦਾ ਤਾਂ ਸੁਬੇਗ਼ ਸਿੰਘ ਆਪਣੀ ਯੋਜਨਾ ਵਿਚ ਕਾਮਯਾਬ ਹੋ ਜਾਂਦਾ।

ਲੈਫਟੀਨੈਂਟ ਜਨਰਲ ਬਰਾੜ ਨੇ ਆਪਣੀ ਕਿਤਾਬ ਵਿੱਚ ਲਿਖਿਆ ਹੈ ਕਿ ਜਦੋਂ ਆਪ੍ਰੇਸ਼ਨ ਖਤਮ ਹੋਇਆ ਤਾਂ ਮੇਜਰ ਜਨਰਲ ਸੁਬੇਗ ਸਿੰਘ ਦੀ ਲਾਸ਼ ਹਰਿਮੰਦਰ ਸਾਹਿਬ ਦੀ ਬੇਸਮੈਂਟ ਵਿੱਚ ਪਈ ਸੀ। ਉਨ੍ਹਾਂ ਦੇ ਇੱਕ ਹੱਥ ਵਿੱਚ ਕਾਰਬਾਈਨ ਸੀ। ਦੂਜੇ ਵਿੱਚ ਵਾਕੀ ਟਾਕੀ ਕੋਲ ਪਿਆ ਸੀ। ਕੁਝ ਅਖਬਾਰੀ ਰਿਪੋਰਟਾਂ ਵਿੱਚ ਸੁਬੇਗ਼ ਸਿੰਘ ਦੇ ਪੁੱਤਰ ਪ੍ਰਬਲ ਪਾਲ ਸਿੰਘ ਨੇ ਦਾਅਵਾ ਕੀਤਾ ਕਿ ਉਸਦੇ ਪਿਤਾ ਇੱਕ ਦੇਸ਼ ਭਗਤ ਸਨ। ਕੁਝ ਅਫਸਰਾਂ ਨੇ ਉਨ੍ਹਾਂ ਨੂੰ ਗੱਦਾਰ ਬਣਾਉਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਬਗਾਵਤ ਹੋਈ। ਸਾਨੂੰ ਅੰਤਿਮ ਸੰਸਕਾਰ ਲਈ ਵੀ ਉਸਦੀ ਲਾਸ਼ ਨਹੀਂ ਦਿੱਤੀ ਗਈ। 

ਸਿੱਖ ਕੌਮ ਦੇ ਹਰਮਨ ਪਿਆਰੇ ਸ਼ਹੀਦ ਮੇਜਰ ਜਨਰਲ ਸੁਬੇਗ ਸਿੰਘ 

ਸਿੱਖ ਕੌਮ ਲਈ ਸੁਬੇਗ਼ ਸਿੰਘ ਅੱਜ ਇੱਕ ਮਹਾਨ ਸ਼ਹੀਦ ਹਨ ਅਤੇ ਉਨ੍ਹਾਂ ਦੇ ਭਰਾ ਬੇਅੰਤ ਸਿੰਘ ਦਾ ਕਹਿਣਾ ਕਿ ਉਨ੍ਹਾਂ ਦੇ ਭਰਾ ਦਾ ਖਾਲਿਸਤਾਨ ਲਈ ਕੋਈ ਨਰਮ ਨਜ਼ਰੀਆ ਨਹੀਂ ਸੀ, ਪਰ ਉਸ ਦਾ ਮਕਸਦ ਆਪਣੀ ਬੇਇੱਜ਼ਤੀ ਦਾ ਬਦਲਾ ਲੈਣਾ ਸੀ। ਅੱਜ ਹਰ ਕੋਈ ਸੁਬੇਗ ਸਿੰਘ ਨੂੰ ਜਾਣਦਾ ਹੈ ਅਤੇ ਕਿਵੇਂ ਉਸਨੇ ਦੇਸ਼ ਨੂੰ ਨਾ ਪੂਰਾ ਹੋਣ ਵਾਲਾ ਨੁਕਸਾਨ ਪਹੁੰਚਾਇਆ। ਜਿਸ ਦੇਸ਼ ਲਈ ਉਸਨੇ ਆਪਣੀ ਜਾਨ ਜੋਖਮ ਵਿੱਚ ਪਾਈ ਅਤੇ ਆਪਣੇ ਵਾਲਾਂ ਦੀ ਕੁਰਬਾਨੀ ਦਿੱਤੀ, ਉਨ੍ਹਾਂ ਹੀ ਉਸਨੂੰ ਸਭ ਤੋਂ ਵੱਡਾ ਧੋਖਾ ਦਿੱਤਾ ਸੀ।

- PTC NEWS

Top News view more...

Latest News view more...