Sat, Jun 14, 2025
Whatsapp

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਇਜ਼ਰਾਈਲ-ਹਮਾਸ ਜੰਗ ਦੇ ਤੀਜੇ ਵਿਸ਼ਵ ਯੁੱਧ ‘ਚ ਬਦਲਣ ਦੀ ਚਿੰਤਾ ਜਤਾਈ

ਅਕਾਲ ਤਖ਼ਤ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਿਰਮਲ ਪੰਥ ਦਾ ਰਾਹ ਦਿਸੇਰਾ ਹੋਣ ਦੇ ਨਾਤੇ ਲੋਕਾਈ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਹੈ ਕਿ ਸੰਸਾਰ ਭਰ ਦੇ ਧਰਮ, ਦੇਸ਼, ਸਮਾਜ ਅਤੇ ਮਨੁੱਖੀ ਅਧਿਕਾਰ ਜਥੇਬੰਦੀਆਂ ਇਸ ਜੰਗ ਨੂੰ ਤੁਰੰਤ ਰੋਕਣ ਵਿਚ ਆਪਣਾ ਯੋਗਦਾਨ ਪਾਉਣ।

Reported by:  PTC News Desk  Edited by:  Shameela Khan -- October 13th 2023 09:07 PM -- Updated: October 13th 2023 09:18 PM
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਇਜ਼ਰਾਈਲ-ਹਮਾਸ ਜੰਗ ਦੇ ਤੀਜੇ ਵਿਸ਼ਵ ਯੁੱਧ ‘ਚ ਬਦਲਣ ਦੀ ਚਿੰਤਾ ਜਤਾਈ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਇਜ਼ਰਾਈਲ-ਹਮਾਸ ਜੰਗ ਦੇ ਤੀਜੇ ਵਿਸ਼ਵ ਯੁੱਧ ‘ਚ ਬਦਲਣ ਦੀ ਚਿੰਤਾ ਜਤਾਈ

ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਇਜ਼ਰਾਈਲ-ਹਮਾਸ ਵਿਚਕਾਰ ਛਿੜੇ ਯੁੱਧ ਨੂੰ ਮਨੁੱਖਤਾ ਲਈ ਘੋਰ ਦੁਖਾਂਤਕ ਕਰਾਰ ਦਿੰਦਿਆਂ ਚਿੰਤਾ ਜਤਾਈ ਹੈ ਕਿ ਜੇਕਰ ਦੁਵੱਲੀ ਇਸ ਜੰਗ ਨੂੰ ਤੁਰੰਤ ਨਾ ਰੋਕਿਆ ਗਿਆ ਤਾਂ ਹਾਲਾਤ ਤੀਜੀ ਵਿਸ਼ਵ ਜੰਗ ਵੱਲ ਵੱਧ ਸਕਦੇ ਹਨ, ਜੋ ਮਨੁੱਖੀ ਸੱਭਿਅਤਾ ਲਈ ਮਾਰੂ ਸਾਬਤ ਹੋ ਸਕਦੀ ਹੈ। 

ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਤੋਂ ਜਾਰੀ ਬਿਆਨ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਅਸੀਂ ਹਮਾਸ ਦੁਆਰਾ ਇਜ਼ਰਾਈਲ ਉੱਪਰ ਅਤੇ ਇਜ਼ਰਾਈਲ ਦੁਆਰਾ ਗਾਜਾ ਪੱਟੀ ਉੱਪਰ ਕੀਤੇ ਗਏ ਹਮਲਿਆਂ ਦੌਰਾਨ ਮਨੁੱਖਤਾ ਦੇ ਹੋਏ ਭਾਰੀ ਘਾਣ ਦੀ ਘੋਰ ਨਿੰਦਾ ਕਰਦੇ ਹਾਂ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਿਰਮਲ ਪੰਥ ਦਾ ਰਾਹ ਦਿਸੇਰਾ ਹੋਣ ਦੇ ਨਾਤੇ ਲੋਕਾਈ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਹੈ ਕਿ ਸੰਸਾਰ ਭਰ ਦੇ ਧਰਮ, ਦੇਸ਼, ਸਮਾਜ ਅਤੇ ਮਨੁੱਖੀ ਅਧਿਕਾਰ ਜਥੇਬੰਦੀਆਂ ਇਸ ਜੰਗ ਨੂੰ ਤੁਰੰਤ ਰੋਕਣ ਵਿਚ ਆਪਣਾ ਯੋਗਦਾਨ ਪਾਉਣ।


ਗਿਆਨੀ ਰਘਬੀਰ ਸਿੰਘ ਕਿਹਾ ਕਿ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਘਨੱਈਆ ਜੀ ਦੁਆਰਾ ਜੰਗ ਦੇ ਮੈਦਾਨ ‘ਚ ਬਿਨਾਂ ਵਿਤਕਰੇ ਤੋਂ ਫੱਟੜ ਸਿਪਾਹੀਆਂ ਦੀ ਸਹਾਇਤਾ ਕਰਵਾ ਕੇ ‘ਹਿੰਦੂ ਤੁਰਕ ਕੋਊ ਰਾਫਜੀ ਇਮਾਮ ਸਾਫੀ ਮਾਨਸ ਕੀ ਜਾਤ ਸਬੈ ਏਕੈ ਪਹਚਾਨਬੋ॥’  ਦੇ ਸਿਧਾਂਤ ਨੂੰ ਰੂਪਮਾਨ ਕੀਤਾ ਸੀ।
ਉਨ੍ਹਾਂ ਕਿਹਾ ਕਿ ਅੱਜ ਹਮਾਸ ਦੁਆਰਾ ਇਜ਼ਰਾਈਲ ‘ਤੇ ਕੀਤੇ ਜਾ ਰਹੇ ਹਮਲਿਆਂ ਦਰਮਿਆਨ ਔਰਤਾਂ ਦੀ ਘੋਰ ਬੇਪਤੀ ਅਤੇ ਗਾਜਾ-ਪੱਟੀ ‘ਤੇ ਇਜ਼ਰਾਈਲੀ ਹਮਲਿਆਂ ਦੌਰਾਨ ਹਜ਼ਾਰਾਂ ਲੋਕਾਂ ਦੇ ਕਤਲੇਆਮ ਨੇ ਮਨੁੱਖਤਾ ਨੂੰ ਬੁਰੀ ਤਰ੍ਹਾਂ ਝੰਜੋੜਿਆ ਹੈ। ਗਾਜਾ ਪੱਟੀ ‘ਚ ਆਮ ਨਾਗਰਿਕਾਂ ਲਈ ਬਿਜਲੀ, ਪਾਣੀ ਅਤੇ ਖੁਰਾਕ ਸਪਲਾਈ ਬੰਦ ਕਰ ਦੇਣ ਕਾਰਨ ਆਮ ਲੋਕ ਭੁੱਖ ਤੇ ਪਿਆਸ ਨਾਲ ਤੜਫ ਰਹੇ ਹਨ।

ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਅਸੀਂ ਅਮਰੀਕਾ ਤੇ ਹੋਰ ਪੱਛਮੀ ਦੇਸ਼ਾਂ, ਇਸਲਾਮਿਕ ਮੁਲਕਾਂ ਅਤੇ ਏਸ਼ੀਆ ਦੇ ਵੱਡੇ ਦੇਸ਼ਾਂ ਨੂੰ ਅਪੀਲ ਕਰਦੇ ਹਾਂ ਕਿ ਇਸ ਤੋਂ ਪਹਿਲਾਂ ਕਿ ਇਜ਼ਰਾਈਲ-ਹਮਾਸ ਜੰਗ ਦੇ ਹਾਲਾਤ ਤੀਜੇ ਵਿਸ਼ਵ ਯੁੱਧ ਵਿਚ ਬਦਲ ਜਾਣ, ਇਸ ਮਸਲੇ ‘ਤੇ ਨਿਆਂਪੂਰਨ ਤਰੀਕੇ ਨਾਲ ਯੂ.ਐਨ.ਓ. ਦੀ ਅਗਵਾਈ ਵਿਚ ਕੋਈ ਨਿਆਂਕਾਰੀ ਹੱਲ ਕੱਢਿਆ ਜਾਵੇ ਤਾਂ ਜੋ ਮਨੁੱਖਤਾ ਨੂੰ ਤਬਾਹ ਹੋਣ ਤੋਂ ਬਚਾਇਆ ਜਾ ਸਕੇ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕਿਹਾ ਕਿ ਵਿਸ਼ਵ ਭਰ ‘ਚ ਵੱਸਦੇ ਸਿੱਖ ਵੀ ਇਨ੍ਹਾਂ ਹਾਲਾਤਾਂ ਵਿਚ ਅਮਨ-ਸ਼ਾਂਤੀ ਦੇ ਦੂਤ ਬਣ ਕੇ ਵਿਸ਼ਵ ਸ਼ਾਂਤੀ ਦੀ ਅਰਦਾਸ ਕਰਨ।

- PTC NEWS

Top News view more...

Latest News view more...

PTC NETWORK