Batala ਦੇ ਅੰਮੋਨੰਗਲ 'ਚ ਟਿੱਪਰ ਨੇ ਮੋਟਰਸਾਈਕਲ ਸਵਾਰ 3 ਲੋਕਾਂ ਨੂੰ ਦਰੜਿਆ , 2 ਔਰਤਾਂ ਦੀ ਮੌਕੇ 'ਤੇ ਹੋਈ ਮੌਤ
Batala Road Accident : ਬਟਾਲਾ ਦੇ ਅੱਡਾ ਅੰਮੋਨੰਗਲ ਦੇ ਨਹਿਰ ਪੁੱਲ ਨੇੜੇ ਅੱਜ ਇੱਕ ਟਿੱਪਰ ਨੇ ਮੋਟਰਸਾਈਕਲ ਸਵਾਰ ਤਿੰਨ ਜਾਣਿਆ ਨੂੰ ਆਪਣੀ ਲਪੇਟ 'ਚ ਲੈ ਲਿਆ ਹੈ। ਇਸ ਹਾਦਸੇ 'ਚ ਮੋਟਰਸਾਈਕਲ ਦੇ ਪਿੱਛੇ ਬੈਠੀਆਂ ਦੋ ਔਰਤਾਂ ਨੂੰ ਟਿੱਪਰ ਨੇ ਬੁਰੀ ਤਰ੍ਹਾਂ ਕੁਚਲ ਦਿੱਤਾ, ਜਿਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਇਸ ਹਾਦਸੇ 'ਚ ਇੱਕ ਵਿਅਕਤੀ ਜ਼ਖਮੀ ਹੋ ਗਿਆ ਹੈ। ਇਸ ਘਟਨਾ ਤੋਂ ਬਾਅਦ ਟਿੱਪਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਹੈ। ਪੁਲਸ ਉਸ ਨੂੰ ਫੜਨ ਲਈ ਪਿੱਛਾ ਕਰ ਰਹੀ ਹੈ।
ਜਾਣਕਾਰੀ ਅਨੁਸਾਰ ਲਖਵਿੰਦਰ ਕੌਰ ਆਪਣੇ ਪਤੀ ਮਨਜੀਤ ਸਿੰਘ ਵਾਸੀ ਕੋਟਲਾ ਬੱਜਾ ਸਿੰਘ ਆਪਣੇ ਪਿੰਡ ਦੀ ਹੀ ਇੱਕ ਹੋਰ ਔਰਤ ਕਰਮਜੀਤ ਕੌਰ ਨਾਲ ਮਨਜੀਤ ਸਿੰਘ ਦੇ ਮੋਟਰਸਾਈਕਲ ਦੇ ਪਿੱਛੇ ਬੈਠ ਕੇ ਮਿਹਨਤ ਮਜ਼ਦੂਰੀ ਲਈ ਮਹਿਤਾ ਚੌਂਕ ਵੱਲ ਜਾ ਰਹੀਆਂ ਸਨ। ਜਦੋਂ ਉਹ ਅੰਮੋਨੰਗਲ ਦੇ ਨਹਿਰ ਪੁੱਲ ਦੇ ਨਜ਼ਦੀਕ ਪੁੱਜੀਆਂ ਤਾਂ ਪਿੱਛੋਂ ਬਟਾਲੇ ਵਾਲੇ ਪਾਸਿਓਂ ਆਏ ਇੱਕ ਟਿੱਪਰ ਨੇ ਉਨ੍ਹਾਂ ਨੂੰ ਆਪਣੀ ਲਪੇਟ 'ਚ ਲੈ ਲਿਆ। ਜਿਸ ਨਾਲ ਲਖਵਿੰਦਰ ਕੌਰ ਅਤੇ ਕਰਮਜੀਤ ਕੌਰ ਟਿੱਪਰ ਦੇ ਟਾਇਰਾਂ ਹੇਠਾਂ ਆਉਣ ਕਾਰਨ ਬੁਰੀ ਤਰ੍ਹਾਂ ਕੁਚਲੀਆਂ ਗਈਆਂ, ਜਦਕਿ ਮਨਜੀਤ ਸਿੰਘ ਇੱਕ ਪਾਸੇ ਡਿੱਗ ਪਿਆ ਅਤੇ ਉਸ ਨੂੰ ਮਮੂਲੀ ਸੱਟਾਂ ਲੱਗੀਆਂ ਹਨ।
ਇਸ ਹਾਦਸੇ ਦੀ ਸੂਚਨਾ ਥਾਣਾ ਰੰਗੜ ਨੰਗਲ ਦੀ ਪੁਲਸ ਨੂੰ ਦੇ ਦਿੱਤੀ ਗਈ। ਹਾਦਸਾ ਹੋਣ ਤੋਂ ਦੋ ਘੰਟੇ ਬਾਅਦ ਵੀ ਥਾਣਾ ਰੰਘੜ ਨੰਗਲ ਦੇ ਐੱਸ.ਐੱਚ.ਓ. ਮੌਕੇ 'ਤੇ ਨਾ ਪਹੁੰਚੇ ,ਜਿਸ ਕਾਰਨ ਪਿੰਡ ਵਾਸੀਆਂ ਨੇ ਨਾਅਰੇਬਾਜ਼ੀ ਕਰਦੇ ਹੋਏ ਰੋਸ ਜਾਹਿਰ ਕੀਤਾ। ਉਨ੍ਹਾਂ ਕਿਹਾ ਕਿ ਇਕ ਐੱਸ ਐੱਚ.ਓ. ਦਾ ਫਰਜ਼ ਬਣਦਾ ਹੈ ਕਿ ਉਸ ਦੇ ਏਰੀਏ ਵਿੱਚ ਹਾਦਸਾ ਹੋਣ 'ਤੇ ਤੁਰੰਤ ਉੱਥੇ ਪਹੁੰਚੇ ਪਰ ਵਾਰ-ਵਾਰ ਫੋਨ ਕਰਨ ਦੇ ਬਾਵਜੂਦ ਵੀ ਐੱਸ.ਐੱਚ.ਓ. ਦੇ ਘਟਨਾ ਸਥਾਨ 'ਤੇ ਨਾ ਪਹੁੰਚਣ ਤੇ ਪਿੰਡ ਵਾਸੀਆਂ ਨੇ ਪੁਲਸ ਮੁਰਦਾਬਾਦ ਦੇ ਨਾਅਰੇ ਲਗਾਏ।
- PTC NEWS