Kiratpur Sahib News : ਪੰਜਾਬ 'ਚ ਟਰੱਕਾਂ ਦੇ ਵਧੇ ਟੈਕਸ ਅਤੇ ਪਾਸਿੰਗ ਦੇ ਰੇਟਾਂ ਨੂੰ ਲੈ ਕੇ ਟ੍ਰਾਂਸਪੋਰਟਰਾਂ ਨੇ ਫੂਕਿਆ ਮੁੱਖ ਮੰਤਰੀ ਦਾ ਪੁਤਲਾ
Kiratpur Sahib News : ਸੂਬੇ ਅੰਦਰ ਕਮਰਸ਼ੀਅਲ ਵਹੀਕਲਾਂ ਦੇ ਵਧੇ ਟੈਕਸਾਂ ਅਤੇ ਪਾਸਿੰਗ ਦੇ ਰੇਟਾਂ ਨੂੰ ਲੈ ਕੇ ਅੱਜ ਕੀਰਤਪੁਰ ਸਾਹਿਬ ਵਿਖੇ ਟਰੱਕ ਸੁਸਾਇਟੀ ਕੀਰਤਪੁਰ ਸਾਹਿਬ ਦੇ ਸਮੂਹ ਆਪਰੇਟਰਾਂ ਵੱਲੋਂ ਪਤਾਲਪੁਰੀ ਚੌਂਕ ਕੀਰਤਪੁਰ ਸਾਹਿਬ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ ਗਿਆ ਅਤੇ ਜੰਮ ਕੇ ਪੰਜਾਬ ਸਰਕਾਰ ਖਿਲਾਫ਼ ਨਾਰੇਬਾਜ਼ੀ ਕੀਤੀ ਗਈ।
ਇਸ ਮੌਕੇ ਟਰੱਕ ਆਪਰੇਟਰਾਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਜੋ ਟੈਕਸਾਂ ਅਤੇ ਪਾਸਿੰਗ ਫੀਸ ਵਿੱਚ ਵਾਧਾ ਕੀਤਾ ਗਿਆ ਹੈ। ਉਸ ਨੂੰ ਤੁਰੰਤ ਵਾਪਸ ਕੀਤਾ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਸੂਬਾ ਸਰਕਾਰ ਨੂੰ ਇਸਦਾ ਖਮਿਆਜਾ ਭੁਗਤਣਾ ਪਵੇਗਾ ਅਤੇ ਇਹ ਧਰਨਾ ਪ੍ਰਦਰਸ਼ਨ ਨਿਰੰਤਰ ਜਾਰੀ ਰਹਿਣਗੇ। ਇਸ ਮੌਕੇ ਵੱਖ- ਵੱਖ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਵਿੱਚੋਂ ਸਿੰਗਲ ਆਪਰੇਟਰਾਂ ਨੂੰ ਬਿਲਕੁਲ ਖਤਮ ਕਰਨ ਤੇ ਤੁਲੀ ਹੋਈ ਹੈ।
ਉਹਨਾਂ ਕਿਹਾ ਕਿ ਮੰਦੀ ਦੀ ਮਾਰਚ ਝੱਲ ਰਹੇ ਆਪਰੇਟਰ ਪਹਿਲਾਂ ਤਾਂ ਆਪਣੀਆਂ ਗੱਡੀਆਂ ਦੇ ਟੈਕਸ ਬੜੇ ਔਖੇ ਭਰਾਉਂਦੇ ਹਨ ਅਤੇ ਜੋ ਸਰਕਾਰ ਵੱਲੋਂ ਨਵੇਂ ਨਿਯਮ ਜਾਰੀ ਕੀਤੇ ਗਏ ਹਨ ਅਤੇ ਇਕੱਠੇ ਟੈਕਸ ਜਮ੍ਹਾ ਕਰਵਾਏ ਜਾ ਰਹੇ ਹਨ। ਉਸ ਨੂੰ ਲੈ ਕੇ ਸਮੁੱਚਾ ਟਰਾਂਸਪੋਰਟਰ ਭਾਈਚਾਰਾ ਰੋਸ ਦੇ ਵਿੱਚ ਹੈ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਪਹਿਲਾਂ ਜਿਹੜੀ ਪਾਸਿੰਗ ਫੀਸ ਬਿਲਕੁਲ ਨਾ ਮਾਤਰ ਹੁੰਦੀ ਸੀ, ਉਸ ਨੂੰ ਵਧਾ ਕੇ ਕਈ ਗੁਣਾ ਕਰ ਦਿੱਤਾ ਗਿਆ ਹੈ। ਜਿਸ ਕਰਕੇ ਮੰਦੀ ਦੀ ਮਾਰ ਝੇਲ ਰਹੇ ਆਪਰੇਟਰ ਭੁੱਖ ਮਰੀ ਦੀ ਕਗਾਰ ਤੇ ਆ ਕੇ ਖੜੇ ਹੋ ਗਏ ਹਨ। ਇਸ ਮੌਕੇ ਵੱਡੀ ਗਿਣਤੀ ਚੋਂ ਟਰੱਕ ਸੁਸਾਇਟੀ ਕੀਰਤਪੁਰ ਸਾਹਿਬ ਦੇ ਆਪਰੇਟਰ ਹਾਜ਼ਰ ਸਨ।
- PTC NEWS