Barnala News : 25 ਫੁੱਟ ਡੂੰਘੇ ਛੱਪੜ 'ਚ ਡਿੱਗਣ ਕਾਰਨ ਦੋ ਮਾਸੂਮਾਂ ਦੀ ਮੌਤ, ਸੀਚੇਵਾਲ ਮਾਡਲ ਤਹਿਤ ਕੀਤੀ ਜਾ ਰਹੀ ਸੀ ਛੱਪੜ ਦੀ ਮੁਰੰਮਤ
Barnala News : ਬਰਨਾਲਾ ਜ਼ਿਲ੍ਹੇ ਵਿੱਚ ਇੱਕ ਦੁਖਦਾਈ ਘਟਨਾ ਵਾਪਰੀ ਹੈ। ਤਪਾ ਮੰਡੀ ਨੇੜਲੇ ਪਿੰਡ ਦਰਾਕਾ 'ਚ ਇੱਕ 25 ਫੁੱਟ ਡੂੰਘੇ ਛੱਪੜ ਵਿੱਚ ਡੁੱਬਣ ਨਾਲ ਦੋ ਸੱਤ ਸਾਲ ਦੇ ਮਾਸੂਮ ਬੱਚਿਆਂ ਦੀ ਦੁਖਦਾਈ ਮੌਤ (2 Children Death in Tapa Mandi) ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਛੱਪੜ ਦੀ ਸੀਚੇਵਾਲ ਮਾਡਲ (Seechewal Model) ਤਹਿਤ ਮੁਰੰਮਤ ਦਾ ਕੰਮ ਕੀਤਾ ਜਾ ਰਿਹਾ ਸੀ।
ਬਹੁਜਨ ਸਮਾਜ ਪਾਰਟੀ ਦੇ ਹਲਕਾ ਭਦੌੜ ਇੰਚਾਰਜ ਦਰਸ਼ਨ ਸਿੰਘ ਨੇ ਦੱਸਿਆ ਕਿ ਦੋਵੇਂ ਬੱਚੇ ਗਰੀਬ ਅਤੇ ਅਨੁਸੂਚਿਤ ਪਰਿਵਾਰਾਂ ਨਾਲ ਸਬੰਧਤ ਸਨ ਅਤੇ ਦੋਵੇਂ ਚਚੇਰੇ ਭਰਾ ਸਨ। ਉਨ੍ਹਾਂ ਨੇ ਸੀਚੇਵਾਲ ਮਾਡਲ ਤਹਿਤ ਬਣਾਏ ਜਾ ਰਹੇ ਛੱਪੜ ਦੇ ਪ੍ਰਬੰਧਕਾਂ 'ਤੇ ਸਵਾਲ ਉਠਾਏ ਅਤੇ ਕਿਹਾ ਕਿ ਦੋਵੇਂ ਪੀੜਤ ਗਰੀਬ ਪਰਿਵਾਰਾਂ ਨਾਲ ਸਬੰਧਤ ਹਨ। ਉਨ੍ਹਾਂ ਦੇ ਦੋ ਬੱਚੇ ਲਵਪ੍ਰੀਤ ਸਿੰਘ ਪੁੱਤਰ ਸਤਨਾਮ ਸਿੰਘ ਅਤੇ ਨਵਜੋਤ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਕੱਲ੍ਹ ਸ਼ਾਮ ਪਿੰਡ ਦੇ ਛੱਪੜ ਕੋਲ ਖੇਡ ਰਹੇ ਸਨ ਜਦੋਂ ਉਨ੍ਹਾਂ ਦੀ ਅਚਾਨਕ ਛੱਪੜ ਵਿੱਚ ਡਿੱਗ ਗਈ ਅਤੇ ਉਨ੍ਹਾਂ ਦੀ ਦੁਖਦਾਈ ਮੌਤ ਹੋ ਗਈ।
ਉਨ੍ਹਾਂ ਨੇ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਛੱਪੜ ਤਿਆਰ ਕਰਨ ਵਾਲੇ ਪ੍ਰਬੰਧਕਾਂ ਦੀ ਲਾਪਰਵਾਹੀ ਕਾਰਨ ਗਰੀਬ ਪਰਿਵਾਰਾਂ ਨਾਲ ਸਬੰਧਤ ਦੋਵਾਂ ਪਰਿਵਾਰਾਂ ਦੇ ਮਾਸੂਮ ਬੱਚਿਆਂ ਦੀ ਮੌਤ ਹੋ ਗਈ ਹੈ। ਇਨ੍ਹਾਂ ਦੋਵਾਂ ਬੱਚਿਆਂ ਨੂੰ ਵੱਡੇ ਹੋਣ ਤੋਂ ਬਾਅਦ ਆਪਣੇ ਮਾਪਿਆਂ ਦਾ ਸਹਾਰਾ ਬਣਨਾ ਚਾਹੀਦਾ ਸੀ, ਜਿਸ ਲਈ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਦੋਵਾਂ ਪੀੜਤ ਪਰਿਵਾਰਾਂ ਦੇ ਮੈਂਬਰਾਂ ਨੂੰ ਵਿੱਤੀ ਸਹਾਇਤਾ ਦੇਣੀ ਚਾਹੀਦੀ ਹੈ ਅਤੇ ਦੋਵਾਂ ਪਰਿਵਾਰਾਂ ਦੇ ਇੱਕ-ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣੀ ਚਾਹੀਦੀ ਹੈ, ਤਾਂ ਜੋ ਬਾਕੀ ਪਰਿਵਾਰ ਆਪਣਾ ਗੁਜ਼ਾਰਾ ਕਰ ਸਕਣ।
ਬੱਚਿਆਂ ਨੂੰ ਬਚਾਇਆ ਜਾ ਸਕਦਾ ਸੀ...?
ਇਸ ਮੌਕੇ ਦੋਵਾਂ ਬੱਚਿਆਂ ਨੂੰ ਛੱਪੜ ਵਿੱਚੋਂ ਬਾਹਰ ਕੱਢਣ ਵਾਲੇ ਨੌਜਵਾਨ ਧਰਮਪ੍ਰੀਤ ਸਿੰਘ ਅਤੇ ਉਸਦੇ ਸਾਥੀ ਨੇ ਦੱਸਿਆ ਕਿ ਦੋਵੇਂ ਬੱਚੇ ਅੱਧੇ ਘੰਟੇ ਤੱਕ ਮੌਤ ਨਾਲ ਜੂਝਦੇ ਰਹੇ ਪਰ ਲੋਕਾਂ ਦੀ ਵੱਡੀ ਭੀੜ ਮੌਜੂਦ ਸੀ। ਪਰ ਕਿਸੇ ਨੇ ਵੀ ਇਨਸਾਨੀਅਤ ਨਹੀਂ ਦਿਖਾਈ। ਜੇਕਰ ਬੱਚਿਆਂ ਨੂੰ ਸਮੇਂ ਸਿਰ ਛੱਪੜ ਵਿੱਚੋਂ ਬਾਹਰ ਕੱਢਿਆ ਜਾਂਦਾ ਤਾਂ ਉਨ੍ਹਾਂ ਦੀ ਜਾਨ ਬਚਾਈ ਜਾ ਸਕਦੀ ਸੀ। ਲੋਕ ਇਸ ਘਟਨਾ ਨੂੰ ਬੇਵੱਸ ਹੋ ਕੇ ਦੇਖਦੇ ਰਹੇ, ਜਿਸ ਕਾਰਨ ਇਹ ਦੁਖਦਾਈ ਘਟਨਾ ਸਾਹਮਣੇ ਆਈ ਹੈ। ਦੋਵੇਂ ਮ੍ਰਿਤਕ ਬੱਚਿਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਬਰਨਾਲਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਹੈ। ਜਿੱਥੇ ਤਪਾ ਪੁਲਿਸ ਕਾਰਵਾਈ ਕਰ ਰਹੀ ਹੈ।
ਇਸ ਸਬੰਧੀ ਤਪਾ ਦੇ ਡੀਐਸਪੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਦਰਾਕਾ ਵਿੱਚ ਛੱਪੜ ਵਿੱਚ ਡਿੱਗਣ ਨਾਲ ਦੋ ਬੱਚਿਆਂ ਦੀ ਮੌਤ ਹੋ ਗਈ। ਇਸ ਸਬੰਧੀ ਪੁਲਿਸ 174 ਦੀ ਕਾਰਵਾਈ ਲਾਗੂ ਕਰ ਰਹੀ ਹੈ ਅਤੇ ਮ੍ਰਿਤਕ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ।
- PTC NEWS