PU ਮਾਮਲੇ 'ਤੇ ਕੇਂਦਰ ਲਵੇਗੀ U-ਟਰਨ ? ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਵੱਡਾ ਬਿਆਨ
PU Senate and Syndicate issue : ਪੰਜਾਬ ਯੂਨੀਵਰਸਿਟੀ (ਪੀਯੂ) ਸੈਨੇਟ-ਸਿੰਡੀਕੇਟ ਦਾ ਪੂਰਾ ਸਿਸਟਮ ਪਹਿਲਾਂ ਵਾਂਗ ਕੰਮ ਕਰੇਗਾ। ਇਸ 'ਤੇ ਕੇਂਦਰ ਸਰਕਾਰ ਵੱਲੋਂ ਜਲਦੀ ਹੀ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ। ਇਹ ਐਲਾਨ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕੀਤਾ ਹੈ। ਆਪਣੇ ਫੇਸਬੁੱਕ ਅਕਾਊਂਟ 'ਤੇ ਪੋਸਟ ਕੀਤੇ ਲਗਭਗ ਤਿੰਨ ਮਿੰਟ ਦੇ ਵੀਡੀਓ ਵਿੱਚ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਕਦੇ ਵੀ ਅਜਿਹਾ ਨਹੀਂ ਚਾਹੁੰਦੇ ਕਿ ਪੰਜਾਬ ਨਾਲ ਕਿਸੇ ਵੀ ਤਰ੍ਹਾਂ ਦੀ ਜ਼ਬਰਦਸਤੀ ਹੋਵੇ।
ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਮੈਨੂੰ ਇਸੇ ਲਈ ਤਾਂ ਕੈਬਨਿਟ ਵਿੱਚ ਰੱਖਿਆ ਗਿਆ ਕਿ ਉਨ੍ਹਾਂ ਸਾਹਮਣੇ ਪੰਜਾਬ ਦੀ ਸਹੀ ਜਾਣਕਾਰੀ ਰੱਖੂ। ਉਨ੍ਹਾਂ ਨੇ ਭਰੋਸਾ ਦਿਵਾਇਆ ਹੈ ਕਿ ਅੱਜ ਰਾਤ ਯਾਨੀ ਸ਼ੁੱਕਰਵਾਰ 7 ਨਵੰਬਰ 2025 ਨੂੰ ਜਾਂ ਫ਼ਿਰ 8 ਨਵੰਬਰ 2025 ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਖੇਤੀ ਕਾਨੂੰਨਾਂ ਦੇ ਸਮੇਂ ਵੀ ਅਜਿਹਾ ਨਹੀਂ ਚਾਹੁੰਦੇ ਸਨ ਪਰ ਉਨ੍ਹਾਂ ਨੂੰ ਜਾਣਕਾਰੀ ਹੀ ਨਹੀਂ ਦਿੱਤੀ ਗਈ ਸੀ। ਕਿਸੇ ਵੀ ਵਿਦਿਆਰਥੀ ਨੂੰ ਧਰਨਾ ਪ੍ਰਦਰਸ਼ਨ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਇਸ 'ਤੇ ਜਲਦੀ ਹੀ ਫੈਸਲਾ ਲਿਆ ਜਾਵੇਗਾ।
ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ’ਚ ਪਹੁੰਚੇ MP ਹਰਸਿਮਰਤ ਕੌਰ ਬਾਦਲ
ਸ਼੍ਰੋਮਣੀ ਅਕਾਲੀ ਦਲ ਦੀ ਆਗੂ ਅਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਪੰਜਾਬ ਯੂਨੀਵਰਸਿਟੀ ਪਹੁੰਚੀ। ਮੀਡੀਆ ਨਾਲ ਗੱਲ ਕਰਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਨਾਰਕੋ-ਅੱਤਵਾਦ ਵਧਿਆ ਹੈ, ਜਦੋਂ ਕਿ ਉਨ੍ਹਾਂ ਦੀ ਪਾਰਟੀ ਦੇ ਕਾਰਜਕਾਲ ਦੌਰਾਨ ਅਜਿਹਾ ਨਹੀਂ ਸੀ। ਹੁਣ ਪਹਿਲਾਂ ਦੇ ਮੁਕਾਬਲੇ ਡਰੋਨ ਵੱਡੇ ਪੱਧਰ 'ਤੇ ਪੰਜਾਬ ਵਿੱਚ ਦਾਖਲ ਹੋ ਰਹੇ ਹਨ ਅਤੇ ਹਰ ਜਗ੍ਹਾ ਨਸ਼ੇ ਦੀ ਸਪਲਾਈ ਹੋ ਰਹੀ ਹੈ।
ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਆਰੋਪ ਲਗਾਇਆ ਕਿ ਭਗਵੰਤ ਮਾਨ ਦੀ ਸਰਕਾਰ ਨੇ ਸੱਤਾ ਵਿੱਚ ਆਉਂਦੇ ਹੀ ਬੀਐਸਐਫ ਦਾ ਦਾਇਰਾ ਵਧਾ ਕੇ ਸਰਹੱਦੀ ਇਲਾਕਿਆਂ ਤੋਂ ਆਪਣੇ ਹੱਥ ਪਿੱਛੇ ਖਿੱਚ ਲਏ। ਬੀਬੀਐਮਬੀ ਮੁੱਦੇ 'ਤੇ ਵੀ ਸਰਕਾਰ ਸਖ਼ਤ ਸਟੈਂਡ ਲੈਣ ਵਿੱਚ ਅਸਫਲ ਰਹੀ। ਹੁਣ ਇਹ ਪੀਯੂ ਮੁੱਦੇ 'ਤੇ ਸਖ਼ਤ ਸਟੈਂਡ ਲੈਣ ਵਿੱਚ ਵੀ ਅਸਫਲ ਰਹੀ ਹੈ। ਹਰਸਿਮਰਤ ਕੌਰ ਬਾਦਲ ਨੇ ਐਲਾਨ ਕੀਤਾ ਕਿ ਅਕਾਲੀ ਦਲ ਸੈਨੇਟ ਅਤੇ ਸਿੰਡੀਕੇਟ ਮੁੱਦਿਆਂ 'ਤੇ ਪੀਯੂ ਵਿੱਚ ਸੰਘਰਸ਼ ਕਰ ਰਹੇ ਵਿਦਿਆਰਥੀਆਂ ਦੇ ਨਾਲ ਪੂਰੀ ਤਰ੍ਹਾਂ ਖੜ੍ਹਾ ਹੈ।
ਦੱਸ ਦੇਈਏ ਕਿ ਪੰਜਾਬ ਯੂਨੀਵਰਸਿਟੀ (ਪੀਯੂ) ਵਿੱਚ ਸੈਨੇਟ-ਸਿੰਡੀਕੇਟ ਭੰਗ ਕਰਨ ਵਿਰੁੱਧ ਸੰਘਰਸ਼ ਲਗਾਤਾਰ ਵਧਦਾ ਜਾ ਰਿਹਾ ਹੈ। ਆਉਣ ਵਾਲੇ ਦਿਨਾਂ ਵਿੱਚ ਪੰਜਾਬ ਭਰ ਤੋਂ ਕਿਸਾਨਾਂ, ਸਮਾਜ ਸੇਵੀਆਂ ਅਤੇ ਰਾਜਨੀਤਿਕ ਲੀਡਰਾਂ ਦੇ ਯੂਨੀਵਰਸਿਟੀ ਵਿੱਚ ਪਹੁੰਚਣ ਦੀ ਉਮੀਦ ਹੈ , ਇਸ ਦੀ ਸ਼ੁਰੂਆਤ ਵੀ ਹੋ ਚੁੱਕੀ ਹੈ। ਇਸ ਸਮੇਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਪਹੁੰਚ ਰਹੇ ਹਨ। ਪੰਜਾਬੀ ਗਾਇਕ ਵੀ ਉੱਥੇ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ। ਇਸ ਸਮੇਂ ਫਿਲਮ ਨਿਰਦੇਸ਼ਕ ਅਮਿਤੋਜ ਮਾਨ, ਗਾਇਕ ਬੱਬੂ ਮਾਨ ਅਤੇ ਜਸਬੀਰ ਜੱਸੀ ਪਹੁੰਚੇ ਹਨ।
- PTC NEWS