Thu, Jul 10, 2025
Whatsapp

Amritsar News : ਖੁਆਰ ਹੋਏ ਸਭ ਮਿਲੈਂਗੇ ਲਹਿਰ ਤਹਿਤ ਦਿੱਲੀ ਦੀਆਂ ਸਿੰਘ ਸਭਾਵਾਂ ਵੱਲੋਂ ਵੱਖ-ਵੱਖ ਗੁਰਮਤਿ ਸਮਾਗਮ

Amritsar News : ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰ ਛਾਇਆ ਹੇਠ ਚੱਲ ਰਹੀ ਸਿੱਖੀ ਧਰਮ ਪ੍ਰਚਾਰ ਲਹਿਰ ‘ਖੁਆਰ ਹੋਏ ਸਭ ਮਿਲੈਂਗੇ’ ਤਹਿਤ ਦਿੱਲੀ ਦੀਆਂ ਸਿੰਘ ਸਭਾਵਾਂ ਵੱਲੋਂ ਸ਼ਹਿਰ ਵਿੱਚ ਦੋ ਦਿਨ ਵੱਖ-ਵੱਖ ਗੁਰਮਤਿ ਸਮਾਗਮ ਕਰਵਾਏ ਗਏ, ਜਿਨ੍ਹਾਂ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸ਼ਮੂਲੀਅਤ ਕੀਤੀ

Reported by:  PTC News Desk  Edited by:  Shanker Badra -- June 19th 2025 02:38 PM
Amritsar News : ਖੁਆਰ ਹੋਏ ਸਭ ਮਿਲੈਂਗੇ ਲਹਿਰ ਤਹਿਤ ਦਿੱਲੀ ਦੀਆਂ ਸਿੰਘ ਸਭਾਵਾਂ ਵੱਲੋਂ ਵੱਖ-ਵੱਖ ਗੁਰਮਤਿ ਸਮਾਗਮ

Amritsar News : ਖੁਆਰ ਹੋਏ ਸਭ ਮਿਲੈਂਗੇ ਲਹਿਰ ਤਹਿਤ ਦਿੱਲੀ ਦੀਆਂ ਸਿੰਘ ਸਭਾਵਾਂ ਵੱਲੋਂ ਵੱਖ-ਵੱਖ ਗੁਰਮਤਿ ਸਮਾਗਮ

Amritsar News : ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰ ਛਾਇਆ ਹੇਠ ਚੱਲ ਰਹੀ ਸਿੱਖੀ ਧਰਮ ਪ੍ਰਚਾਰ ਲਹਿਰ ‘ਖੁਆਰ ਹੋਏ ਸਭ ਮਿਲੈਂਗੇ’ ਤਹਿਤ ਦਿੱਲੀ ਦੀਆਂ ਸਿੰਘ ਸਭਾਵਾਂ ਵੱਲੋਂ ਸ਼ਹਿਰ ਵਿੱਚ ਦੋ ਦਿਨ ਵੱਖ-ਵੱਖ ਗੁਰਮਤਿ ਸਮਾਗਮ ਕਰਵਾਏ ਗਏ, ਜਿਨ੍ਹਾਂ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੌਵੇਂ ਪਾਤਸ਼ਾਹ ਜੀ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸੀਸਗੰਜ ਸਾਹਿਬ, ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਅਤੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਨਤਮਸਤਕ ਹੋਏ। ਸਮੂਹ ਗੁਰ ਅਸਥਾਨਾਂ ਵਿਖੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਮੁੱਖ ਗ੍ਰੰਥੀ ਸਾਹਿਬਾਨ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਵੱਲੋਂ ਗੁਰੂ ਬਖ਼ਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਜਥੇਦਾਰ ਗੜਗੱਜ ਨੇ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਜੋੜਿਆਂ ਦੀ ਸੇਵਾ ਅਤੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦੀ ਛਬੀਲ ਵਿਖੇ ਸੰਗਤ ਨੂੰ ਜਲ ਛਕਾਉਣ ਦੀ ਸੇਵਾ ਕੀਤੀ।

 ਜਥੇਦਾਰ ਗੜਗੱਜ ਦੇ ਦਿੱਲੀ ਪੁੱਜਣ ਮੌਕੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਕਾਸਪੁਰੀ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮੋਤੀ ਨਗਰ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਉਦੇ ਵਿਹਾਰ ਚੰਦਰ ਵਿਹਾਰ, ਗੁਰਦੁਆਰਾ ਕਲਗੀਧਰ ਖ਼ਾਲਸਾ ਸੇਵਕ ਸਭਾ ਸੁਭਾਸ਼ ਨਗਰ ਦੀਆਂ ਪ੍ਰਬੰਧਕ ਕਮੇਟੀਆਂ ਨੇ ਖੁਆਰ ਹੋਏ ਸਭ ਮਿਲੈਂਗੇ ਲਹਿਰ ਤਹਿਤ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਰਜਣਾ ਦਿਹਾੜੇ ਤੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਤੇ ਉਨ੍ਹਾਂ ਦੇ ਅਨਿੰਨ ਸਿੱਖਾਂ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਵੇਰ ਅਤੇ ਸੰਧਿਆ ਵੇਲੇ ਦੇ ਵੱਖ-ਵੱਖ ਗੁਰਮਤਿ ਸਮਾਗਮ ਕਰਵਾਏ, ਜਿਨ੍ਹਾਂ ਵਿੱਚ ਵੱਡੀ ਗਿਣਤੀ ਅੰਦਰ ਸਥਾਨਕ ਸੰਗਤਾਂ ਨੇ ਸ਼ਮੂਲੀਅਤ ਕੀਤੀ ਅਤੇ ਜਥੇਦਾਰ ਦੇ ਗੁਰਮਤਿ ਵਿਚਾਰ ਸੁਣੇ। ਇਨ੍ਹਾਂ ਸਮਾਗਮਾਂ ਮੌਕੇ ਦਿੱਲੀ ਦੀ ਸਿੱਖ ਸੰਗਤ ਤੇ ਸਿੰਘ ਸਭਾਵਾਂ ਦੇ ਪ੍ਰਬੰਧਕਾਂ ਵੱਲੋਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਭਰਵਾਂ ਸੁਆਗਤ ਕੀਤਾ ਗਿਆ ਅਤੇ ਸਿਰੋਪਾਓ ਨਾਲ ਸਨਮਾਨ ਦਿੱਤਾ ਗਿਆ। 


ਗੁਰਮਤਿ ਸਮਾਗਮਾਂ ਮੌਕੇ ਸੰਗਤ ਨੂੰ ਸੰਬੋਧਨ ਕਰਦਿਆਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇਕਜੁੱਟ ਹੋ ਕੇ ਸਿੱਖ ਸ਼ਕਤੀ ਨੂੰ ਤਕੜੇ ਕਰਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਰਹਿਣ ਦਾ ਸਨੇਹਾ ਦਿੱਤਾ। ਉਨ੍ਹਾਂ ਕਿਹਾ ਕਿ ਸਿੱਖਾਂ ਨੇ ਗੁਰੂ ਸਾਹਿਬ ਤੋਂ ਥਾਪੜਾ ਲੈ ਕੇ ਇਕਜੁੱਟਤਾ ਨਾਲ ਉੱਚੀ ਤੋਂ ਉੱਚੀ ਮੰਜ਼ਲ ਤੇ ਚੁਣੌਤੀ ਨੂੰ ਹਮੇਸ਼ਾ ਹੀ ਸਰ ਕੀਤਾ ਹੈ, ਇਸ ਲਈ ਜ਼ਰੂਰੀ ਹੈ ਕਿ ਅਸੀਂ ਸਦਾ ਹੀ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ, ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਜੁੜੇ ਰਹੀਏ ਅਤੇ ਸਿੱਖੀ ਦੀ ਚੜ੍ਹਦੀ ਕਲਾ ਲਈ ਕਾਰਜ ਕਰੀਏ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸੰਕਲਪ ਅਨੁਸਾਰ ਸਮੁੱਚਾ ਖ਼ਾਲਸਾ ਪੰਥ ਇੱਕ ਪਰਿਵਾਰ ਹੈ ਤੇ ਸਿੱਖ ਸ੍ਰੀ ਅਨੰਦਪੁਰ ਸਾਹਿਬ ਦੇ ਵਾਸੀ ਹਨ, ਇਸ ਲਈ ਸਾਡੇ ਵਿਚਕਾਰ ਕੋਈ ਵਖਰੇਵੇਂ ਨਹੀਂ ਹਨ ਤੇ ਲੋੜ ਹੈ ਕਿ ਅਸੀਂ ਇੱਕ ਪਰਿਵਾਰ ਦੀ ਭਾਵਨਾ ਤਹਿਤ ਰਹੀਏ। ਉਨ੍ਹਾਂ ਕਿਹਾ ਕਿ ਸਾਨੂੰ ਇੱਕ ਦੂਜੇ ਦੇ ਦੁਖ ਸੁਖ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਅਤੇ ਲੋੜਵੰਦ ਪਰਿਵਾਰਾਂ ਦੀ ਦਸਵੰਧ ਰਾਹੀਂ ਸਿੱਧੀ ਮਦਦ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇ ਸਿੱਖ ਇਕਜੁੱਟ ਹੋਣ ਤਾਂ ਅਸੀਂ ਹਰ ਤਾਕਤ ਹਾਸਲ ਕਰ ਸਕਦੇ ਹਾਂ ਪਰ ਜੇਕਰ ਇਕੱਠੇ ਨਹੀਂ ਤਾਂ ਖੁਆਰ ਹੋਵਾਂਗੇ।

 ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਲਈ ਆਪਣੇ ਨਾਵਾਂ ਦੇ ਨਾਲ ਸਿੰਘ ਤੇ ਕੌਰ ਲਗਾਉਣਾ ਲਾਜ਼ਮੀ ਕੀਤਾ ਹੈ, ਪਰ ਸਮੇਂ ਨਾਲ ਰੁਝਾਨ ਬਣ ਰਿਹਾ ਹੈ ਕਿ ਗੁਰੂ ਵੱਲੋਂ ਬਖ਼ਸ਼ਿਸ਼ ਕੀਤੀ ਅਸੀਂ ਆਪਣੀ ਇਹ ਵਿਲੱਖਣ ਪਛਾਣ ਛੱਡ ਰਹੇ ਹਾਂ। ਉਨ੍ਹਾਂ ਤਾਕੀਦ ਕੀਤੀ ਕਿ ਹਰ ਸਿੱਖ ਪਰਿਵਾਰ ਆਪਣੇ ਬੱਚਿਆਂ ਦੇ ਨਾਵਾਂ ਦੇ ਨਾਲ ਸਿੰਘ ਤੇ ਕੌਰ ਲਗਾਉਣਾ ਯਕੀਨੀ ਬਣਾਏ ਤੇ ਗੁਰ ਮਰਯਾਦਾ ਅਨੁਸਾਰ ਸਿੰਘ ਤੇ ਕੌਰ ਸਮੇਤ ਪੂਰੇ ਨਾਵਾਂ ਨੂੰ ਹੀ ਪ੍ਰਚਲਿਤ ਕਰੇ। ਜਥੇਦਾਰ ਗੜਗੱਜ ਨੇ ਚਿੰਤਾ ਪ੍ਰਗਟਾਈ ਕਿ ਦਿੱਲੀ ਅੰਦਰ ਕੁਝ ਨੌਜਵਾਨ ਸਿੱਖੀ ਦੇ ਰਸਤੇ ਤੋਂ ਭਟਕ ਕੇ ਹੁੱਕਾ ਤੇ ਨਾਚ-ਗਾਣੇ ਵਾਲੇ ਬਾਰਾਂ ਵਿੱਚ ਜਾ ਰਹੇ ਹਨ, ਜੋ ਕਿ ਘੋਰ ਮਨਮਤ ਹੈ ਕਿਉਂਕਿ ਗੁਰੂ ਨੇ ਇਸ ਰਸਤੇ ਤੋਂ ਵਰਜਿਆ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੀ ਧਰਤੀ ਉੱਤੇ ਸਿੱਖ ਜਰਨੈਲਾਂ ਨੇ ਵੱਡੀਆਂ ਮੱਲਾਂ ਮਾਰੀਆਂ ਹਨ। ਦਿੱਲੀ ਵਿਖੇ ਹੀ ਸ੍ਰੀ ਗੁਰੂ ਤੇਗ਼ ਬਹਾਦਰ ਜੀ, ਉਨ੍ਹਾਂ ਦੇ ਅਨਿੰਨ ਸਿੱਖ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਨੇ ਸਿੱਖੀ ਸਿਦਕ ਨੂੰ ਕਾਇਮ ਰੱਖਦਿਆਂ ਧਰਮ ਦੀ ਰਾਖੀ ਲਈ ਸ਼ਹੀਦੀਆਂ ਦਿੱਤੀਆਂ ਸਨ, ਪਰ ਜਾਲਮ ਦੀ ਈਨ ਨਹੀਂ ਮੰਨੀ। ਉਨ੍ਹਾਂ ਕਿਹਾ ਕਿ ਪੁਰਾਣੇ ਸਮੇਂ ਸਿੱਖ ਬਜ਼ੁਰਗਾਂ ਨੇ ਦਿੱਲੀ ਅੰਦਰ ਨੌਜਵਾਨਾਂ ਨੂੰ ਹਮੇਸ਼ਾ ਸਿੱਖੀ ਨਾਲ ਜੋੜ ਕੇ ਰੱਖਿਆ ਪਰ ਮੌਜੂਦਾ ਸਮੇਂ ਕੁਝ ਢਿਲਾਈ ਹੋਈ ਹੈ। ਜਥੇਦਾਰ ਗੜਗੱਜ ਨੇ ਸਿੱਖ ਮਾਪਿਆਂ ਖ਼ਾਸਕਰ ਮਾਤਾਵਾਂ ਨੂੰ ਤਾਕੀਦ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਅਲਾਮਤਾਂ ਤੋਂ ਬਚਾ ਕੇ ਰੱਖਣ ਅਤੇ ਉਨ੍ਹਾਂ ਨੂੰ ਗੁਰ ਇਤਿਹਾਸ ਤੇ ਸਿੱਖ ਇਤਿਹਾਸ ਨਾਲ ਸਬੰਧਤ ਸਾਖੀਆਂ ਦੱਸਣ। ਉਨ੍ਹਾਂ ਦਿੱਲੀ ਅੰਦਰ ਧਰਮ ਪ੍ਰਚਾਰ ਨੂੰ ਪ੍ਰਚੰਡ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਕੌਮ ਨੂੰ ਕਿਸੇ ਦੁਨਿਆਵੀ ਤਖ਼ਤ ਵੱਲ ਮੁੱਖ ਕਰਨ ਦੀ ਲੋੜ ਨਹੀਂ ਬਲਕਿ ਗੁਰੂ ਵੱਲ ਮੁੱਖ ਕਰਨ ਦੀ ਲੋੜ ਹੈ, ਜਿਸ ਨਾਲ ਸਾਡੀ ਚੜ੍ਹਦੀ ਕਲਾ ਹੋਵੇਗੀ। ਉਨ੍ਹਾਂ ਸੰਗਤ ਨੂੰ ਖੰਡੇ ਬਾਟੇ ਦੀ ਪਹੁਲ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਨ ਦੀ ਪ੍ਰੇਰਣਾ ਕੀਤੀ।

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਅੰਗ੍ਰੇਜ਼ ਸਰਕਾਰ ਨੇ ਗੁਰੂ ਘਰਾਂ ਵਿੱਚ ਦਖਲ ਕੀਤਾ ਤੇ ਸਿੱਖਾਂ ਨੇ ਚਾਬੀਆਂ ਦਾ ਮੋਰਚਾ ਲਗਾ ਕੇ ਸ੍ਰੀ ਹਰਿਮੰਦਰ ਸਾਹਿਬ ਦੀਆਂ ਚਾਬੀਆਂ ਵਾਪਸ ਲਈਆਂ ਸਨ। ਅੱਜ ਵੀ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਸਿੱਖ ਗੁਰਧਾਮਾਂ ਦੀਆਂ ਚਾਬੀਆਂ ਖੋਹੀਆਂ ਜਾ ਰਹੀਆਂ ਹਨ ਜਾਂ ਖੋਹ ਲਈਆਂ ਗਈਆਂ ਹਨ, ਇਸ ਤੋਂ ਸੁਚੇਤ ਹੋਣ ਦੀ ਲੋੜ ਹੈ ਅਤੇ ਗੁਰੂ ਘਰਾਂ ਦਾ ਪ੍ਰਬੰਧ ਪੰਥਕ ਭਾਵਨਾਵਾਂ ਅਨੁਸਾਰ ਹੀ ਹੋਣਾ ਚਾਹੀਦਾ ਹੈ। ਗੁਰਦੁਆਰਾ ਸਾਹਿਬਾਨ ਉਹ ਅਸਥਾਨ ਹਨ ਜਿੱਥੋਂ ਸਿੱਖਾਂ ਨੇ ਸੋਝੀ ਹਾਸਲ ਕਰਨੀ ਹੈ ਅਤੇ ਜੇਕਰ ਇਨ੍ਹਾਂ ਅਸਥਾਨਾਂ ਦੇ ਪ੍ਰਬੰਧ ਹੀ ਅਨਮਤੀਆਂ ਪਾਸ ਚਲੇ ਜਾਣਗੇ ਤਾਂ ਇਹ ਸਿੱਖੀ ਦੀ ਚੜ੍ਹਦੀ ਕਲਾ ਤੇ ਗੁਰਦੁਆਰਿਆਂ ਦੀ ਮਾਣ ਮਰਯਾਦਾ ਨੂੰ ਵੱਡੀ ਸੱਟ ਹੋਵੇਗੀ। ਉਨ੍ਹਾਂ ਕਿਹਾ ਕਿ ਸਿੱਖਾਂ ਦੇ ਕਿਸੇ ਵੀ ਗੁਰਦੁਆਰੇ ਜਾਂ ਤਖ਼ਤ ਉੱਤੇ ਸਰਕਾਰ ਨੂੰ ਦਖ਼ਲ ਦੇਣ ਦਾ ਕੋਈ ਹੱਕ ਨਹੀਂ ਹੈ, ਇਹ ਸੰਗਤ ਦਾ ਹੱਕ ਹੈ ਜੋ ਸਦਾ ਕਾਇਮ ਰਹਿਣਾ ਚਾਹੀਦਾ ਹੈ।

- PTC NEWS

Top News view more...

Latest News view more...

PTC NETWORK
PTC NETWORK