Actor Dharmendra Death : ਬਾਲੀਵੁੱਡ ਦੇ ਦਿੱਗਜ ਅਦਾਕਾਰ ਧਰਮਿੰਦਰ ਦਾ 89 ਸਾਲ ਦੀ ਉਮਰ 'ਚ ਹੋਇਆ ਦੇਹਾਂਤ, ਲੰਬੇ ਸਮੇਂ ਤੋਂ ਬਿਮਾਰ ਸਨ 'ਹੀ-ਮੈਨ'
Actor Dharmendra Death : ਬਾਲੀਵੁੱਡ ਦੇ ਹੀ-ਮੈਨ ਵਜੋਂ ਜਾਣੇ ਜਾਂਦੇ ਅਦਾਕਾਰ ਧਰਮਿੰਦਰ ਦਾ 89 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੀ ਮੌਤ ਨਾਲ ਦਿਓਲ ਪਰਿਵਾਰ ਅਤੇ ਪੂਰੀ ਫਿਲਮ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਜਾਣਕਾਰੀ ਅਨੁਸਾਰ 89 ਸਾਲਾ ਧਰਮਿੰਦਰ ਨੇ ਸੋਮਵਾਰ ਦੁਪਹਿਰ 1 ਵਜੇ ਦੇ ਕਰੀਬ ਆਪਣੇ ਘਰ ਵਿੱਚ ਆਖਰੀ ਸਾਹ ਲਏ ਹਨ।
ਦਿੱਗਜ ਅਦਾਕਾਰ ਧਰਮਿੰਦਰ ਪਿਛਲੇ ਕੁਝ ਸਮੇਂ ਤੋਂ ਉਮਰ ਨਾਲ ਸਬੰਧਤ ਬਿਮਾਰੀਆਂ ਕਾਰਨ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਭਰਤੀ ਸਨ। ਹਾਲਾਂਕਿ ਬਾਅਦ 'ਚ ਉਨ੍ਹਾਂ ਦਾ ਇਲਾਜ ਘਰ ਵਿੱਚ ਹੀ ਕੀਤਾ ਜਾ ਰਿਹਾ ਸੀ ਪਰ ਹੁਣ ਉਨ੍ਹਾਂ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਨਿਰਮਾਤਾ ਕਰਨ ਜੌਹਰ ਨੇ ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਅਦਾਕਾਰ ਧਰਮਿੰਦਰ ਦੀ ਮੌਤ ਦੀ ਖ਼ਬਰ ਸਾਂਝੀ ਕੀਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਅਦਾਕਾਰ ਦੀ ਸਿਹਤ ਅਚਾਨਕ ਵਿਗੜ ਗਈ, ਜਿਸ ਤੋਂ ਬਾਅਦ ਉਨ੍ਹਾਂ ਦਾ ਦੇਹਾਂਤ ਹੋ ਗਿਆ। ਸੋਮਵਾਰ ਦੁਪਹਿਰ 12:30 ਵਜੇ ਦੇ ਕਰੀਬ ਇੱਕ ਐਂਬੂਲੈਂਸ ਉਨ੍ਹਾਂ ਦੇ ਜੁਹੂ ਘਰ ਪਹੁੰਚੀ ਅਤੇ ਉਨ੍ਹਾਂ ਦੀ ਮ੍ਰਿਤਕ ਨੂੰ ਵਿਲੇ ਪਾਰਲੇ ਸ਼ਮਸ਼ਾਨਘਾਟ ਲਿਜਾਇਆ ਗਿਆ। ਪਰਿਵਾਰ ਅਤੇ ਫ਼ਿਲਮ ਇੰਡਸਟਰੀ ਜਗਤ ਦੀਆਂ ਹਸਤੀਆਂ ਦੀ ਮੌਜੂਦਗੀ ਵਿੱਚ ਉਨ੍ਹਾਂ ਦਾ ਅੰਤਿਮ ਸਸਕਾਰ ਉੱਥੇ ਕੀਤਾ ਗਿਆ। ਅਮਿਤਾਭ ਬੱਚਨ ਅਤੇ ਅਭਿਸ਼ੇਕ ਬੱਚਨ ਵੀ ਦਿੱਗਜ ਅਦਾਕਾਰ ਨੂੰ ਅੰਤਿਮ ਸ਼ਰਧਾਂਜਲੀ ਦੇਣ ਲਈ ਸ਼ਮਸ਼ਾਨਘਾਟ ਪਹੁੰਚੇ।
ਇਸ ਤੋਂ ਪਹਿਲਾਂ 11 ਨਵੰਬਰ ਨੂੰ ਧਰਮਿੰਦਰ ਦੀ ਮੌਤ ਦੀਆਂ ਖ਼ਬਰਾਂ ਆਈਆਂ ਸਨ ਪਰ ਹੇਮਾ ਮਾਲਿਨੀ ਅਤੇ ਈਸ਼ਾ ਦਿਓਲ ਨੇ ਇਨ੍ਹਾਂ ਖ਼ਬਰਾਂ ਨੂੰ ਖਾਰਜ ਕਰਦੇ ਹੋਏ ਆਪਣੀ ਨਾਰਾਜ਼ਗੀ ਪ੍ਰਗਟ ਕੀਤੀ ਸੀ। ਧਰਮਿੰਦਰ ਨੂੰ 10 ਨਵੰਬਰ ਨੂੰ ਬ੍ਰੀਚ ਕੈਂਡੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। 12 ਨਵੰਬਰ ਨੂੰ ਛੁੱਟੀ ਮਿਲਣ ਤੋਂ ਪਹਿਲਾਂ ਅਦਾਕਾਰ ਦੋ ਦਿਨਾਂ ਲਈ ਵੈਂਟੀਲੇਟਰ 'ਤੇ ਸੀ।
ਦੱਸ ਦੇਈਏ ਕਿ ਧਰਮਿੰਦਰ ਦਾ ਪੂਰਾ ਨਾਮ ਧਰਮਿੰਦਰ ਕੇਵਲ ਕ੍ਰਿਸ਼ਨ ਦਿਓਲ ਹੈ। ਉਨ੍ਹਾਂ ਦਾ ਜਨਮ 8 ਦਸੰਬਰ, 1935 ਨੂੰ ਪੰਜਾਬ ਦੇ ਸਾਨੇਵਾਲ ਪਿੰਡ ਵਿੱਚ ਹੋਇਆ ਸੀ।
- PTC NEWS