Vietnam ’ਚ ਵੱਡਾ ਹਾਦਸਾ; ਅਚਾਨਕ ਤੂਫਾਨ ’ਚ ਫਸਣ ਤੋਂ ਬਾਅਦ ਸੈਲਾਨੀਆਂ ਦੀ ਕਿਸ਼ਤੀ ਪਲਟੀ, 34 ਲੋਕਾਂ ਦੀ ਮੌਤ, 8 ਲਾਪਤਾ
Vietnam Tourist Boat : ਵੀਅਤਨਾਮ ਵਿੱਚ 19 ਜੁਲਾਈ ਸ਼ਨੀਵਾਰ ਦੁਪਹਿਰ ਨੂੰ ਵਾਪਰੇ ਇੱਕ ਦਰਦਨਾਕ ਹਾਦਸੇ ਵਿੱਚ 34 ਸੈਲਾਨੀਆਂ ਦੀ ਮੌਤ ਹੋ ਗਈ ਹੈ ਅਤੇ 8 ਹੋਰ ਲਾਪਤਾ ਹਨ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸੈਰ-ਸਪਾਟੇ ਦੀ ਯਾਤਰਾ 'ਤੇ ਸੈਲਾਨੀਆਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਤੂਫਾਨ ਵਿੱਚ ਫਸਣ ਤੋਂ ਬਾਅਦ ਅਚਾਨਕ ਪਲਟ ਗਈ।
ਵੀਅਤਨਾਮ ਦੇ ਸਰਕਾਰੀ ਮੀਡੀਆ ਨੇ 34 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਰਿਪੋਰਟਾਂ ਅਨੁਸਾਰ, 'ਵੰਡਰ ਸੀ' ਨਾਮ ਦੀ ਇਹ ਕਿਸ਼ਤੀ 48 ਯਾਤਰੀਆਂ ਅਤੇ ਪੰਜ ਚਾਲਕ ਦਲ ਦੇ ਮੈਂਬਰਾਂ ਨਾਲ ਪ੍ਰਮੁੱਖ ਸੈਰ-ਸਪਾਟਾ ਸਥਾਨ ਹਾ ਲੋਂਗ ਬੇ ਦੀ ਯਾਤਰਾ 'ਤੇ ਸੀ। ਇਹ ਸਾਰੇ ਵੀਅਤਨਾਮੀ ਸਨ।
ਬਚਾਅ ਕਰਮਚਾਰੀਆਂ ਨੇ ਕਿਸ਼ਤੀ ਪਲਟਣ ਵਾਲੀ ਥਾਂ ਤੋਂ 11 ਲੋਕਾਂ ਨੂੰ ਬਚਾਇਆ ਅਤੇ ਲਾਸ਼ਾਂ ਬਰਾਮਦ ਕੀਤੀਆਂ। ਅਖਬਾਰ ਨੇ ਕਿਹਾ ਕਿ ਕਿਸ਼ਤੀ ਤੇਜ਼ ਹਵਾਵਾਂ ਕਾਰਨ ਪਲਟ ਗਈ। ਬਚਾਏ ਗਏ ਲੋਕਾਂ ਵਿੱਚ ਇੱਕ 14 ਸਾਲਾ ਲੜਕਾ ਵੀ ਸ਼ਾਮਲ ਹੈ ਜਿਸਨੂੰ ਡੁੱਬੀ ਕਿਸ਼ਤੀ ਵਿੱਚ ਫਸਣ ਤੋਂ ਚਾਰ ਘੰਟੇ ਬਾਅਦ ਬਚਾਇਆ ਗਿਆ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਜ਼ਿਆਦਾਤਰ ਯਾਤਰੀ ਦੇਸ਼ ਦੀ ਰਾਜਧਾਨੀ ਹਨੋਈ ਤੋਂ ਆਏ ਸੈਲਾਨੀ ਸਨ, ਜਿਨ੍ਹਾਂ ਵਿੱਚ ਲਗਭਗ 20 ਬੱਚੇ ਵੀ ਸ਼ਾਮਲ ਸਨ।
ਬਚੇ ਹੋਏ ਇੱਕ 10 ਸਾਲਾ ਲੜਕੇ ਨੇ ਸਰਕਾਰੀ ਮੀਡੀਆ ਆਉਟਲੈਟ ਵੀਅਤਨਾਮਨੈੱਟ ਨਾਲ ਆਪਣਾ ਭਿਆਨਕ ਅਨੁਭਵ ਸਾਂਝਾ ਕੀਤਾ ਉਸਨੇ ਕਿਹਾ ਕਿ ਦੁਪਹਿਰ 2 ਵਜੇ ਦੇ ਕਰੀਬ ਅਸਮਾਨ ਹਨੇਰਾ ਹੋ ਗਿਆ, ਫਿਰ ਉਂਗਲਾਂ ਜਿੰਨੇ ਵੱਡੇ ਗੜੇ ਪੈਣੇ ਸ਼ੁਰੂ ਹੋ ਗਏ।
ਵੀਅਤਨਾਮ ਦੇ ਪ੍ਰਧਾਨ ਮੰਤਰੀ ਫਾਮ ਮਿਨਹ ਚਿਨਹ ਨੇ ਪੀੜਤਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਅਤੇ ਰੱਖਿਆ ਅਤੇ ਜਨਤਕ ਸੁਰੱਖਿਆ ਬਲਾਂ ਨੂੰ ਬਚਾਅ ਕਾਰਜ ਤੇਜ਼ ਕਰਨ ਦੇ ਆਦੇਸ਼ ਦਿੱਤੇ। ਉਨ੍ਹਾਂ ਨੇ ਘਟਨਾ ਦੇ ਕਾਰਨਾਂ ਦੀ ਜਾਂਚ ਦੀ ਮੰਗ ਕੀਤੀ ਅਤੇ ਕਿਸੇ ਵੀ ਉਲੰਘਣਾ ਵਿਰੁੱਧ ਸਖ਼ਤ ਕਾਰਵਾਈ ਦਾ ਵਾਅਦਾ ਕੀਤਾ।
- PTC NEWS