Clashes Erupt in Mhow : ਚੈਂਪੀਅਨਸ ਟਰਾਫੀ ਜਿੱਤ ਦੇ ਜਸ਼ਨ ਨੂੰ ਲੈ ਕੇ ਇੰਦੌਰ 'ਚ ਹੰਗਾਮਾ; ਮਸਜਿਦ ਦੇ ਸਾਹਮਣੇ ਦੋ ਗੁੱਟਾਂ ਵਿਚਾਲੇ ਹੋਈ ਹਿੰਸਾ; ਕਈ ਦੁਕਾਨਾਂ ਅੱਗ ਨੂੰ ਭੇਂਟ
Clashes Erupt in Mhow : ਭਾਰਤ ਨੇ ਐਤਵਾਰ ਰਾਤ ਦੁਬਈ 'ਚ ਚੈਂਪੀਅਨਸ ਟਰਾਫੀ ਦਾ ਫਾਈਨਲ ਜਿੱਤ ਲਿਆ। ਭਾਰਤ ਦੀ ਜਿੱਤ ਤੋਂ ਬਾਅਦ ਇੰਦੌਰ ਦੇ ਮਹੂ ਇਲਾਕੇ 'ਚ ਕੁਝ ਨੌਜਵਾਨ ਜਿੱਤ ਦਾ ਜਸ਼ਨ ਮਨਾ ਰਹੇ ਸਨ। ਜਿੱਤ ਦੇ ਜਸ਼ਨਾਂ ਦੌਰਾਨ ਜਦੋਂ ਇਹ ਰੈਲੀ ਮਹੂ ਦੀ ਜਾਮਾ ਮਸਜਿਦ ਕੋਲ ਪੁੱਜੀ ਤਾਂ ਦੋ ਗੁੱਟਾਂ ਵਿਚਾਲੇ ਜ਼ਬਰਦਸਤ ਲੜਾਈ ਹੋ ਗਈ। ਇਸ ਘਟਨਾ 'ਚ ਕਈ ਲੋਕ ਜ਼ਖਮੀ ਹੋਏ ਹਨ। ਪੱਥਰਬਾਜ਼ੀ ਦੇ ਨਾਲ-ਨਾਲ ਕਈ ਦੁਕਾਨਾਂ ਨੂੰ ਅੱਗ ਲਗਾ ਦਿੱਤੀ ਗਈ ਹੈ। ਮਹੂ 'ਚ ਹੰਗਾਮੇ ਤੋਂ ਬਾਅਦ ਪੁਲਿਸ ਐਕਸ਼ਨ ਮੋਡ 'ਚ ਹੈ। ਇਲਾਕੇ ਨੂੰ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।
ਕਿਵੇਂ ਹੋਈ ਹਫੜਾ-ਦਫੜੀ ?
ਚੈਂਪੀਅਨਸ ਟਰਾਫੀ 'ਚ ਭਾਰਤ ਦੀ ਜਿੱਤ ਤੋਂ ਬਾਅਦ ਕੁਝ ਕ੍ਰਿਕਟ ਪ੍ਰਸ਼ੰਸਕ ਇੰਦੌਰ ਦੇ ਮਹੂ ਇਲਾਕੇ 'ਚ ਰੈਲੀ ਕੱਢ ਰਹੇ ਸਨ। ਇਸ ਦੌਰਾਨ ਉਨ੍ਹਾਂ ਦੀ ਰੈਲੀ ਮਹੂ ਦੀ ਜਾਮਾ ਮਸਜਿਦ ਨੇੜੇ ਪਹੁੰਚੀ। ਜਾਮਾ ਮਸਜਿਦ ਦੇ ਅੰਦਰ ਲੋਕ ਨਮਾਜ਼ ਅਦਾ ਕਰ ਰਹੇ ਸਨ। ਇਸ ਦੌਰਾਨ ਕਿਸੇ ਗੱਲ ਨੂੰ ਲੈ ਕੇ ਦੋਵਾਂ ਧਿਰਾਂ ਵਿੱਚ ਤਕਰਾਰ ਹੋ ਗਈ ਅਤੇ ਝਗੜਾ ਇੰਨਾ ਵੱਧ ਗਿਆ ਕਿ ਪੱਥਰਬਾਜ਼ੀ ਸ਼ੁਰੂ ਹੋ ਗਈ। ਦੋਵਾਂ ਪਾਸਿਆਂ ਤੋਂ ਪਥਰਾਅ 'ਚ ਲੋਕ ਜ਼ਖਮੀ ਹੋਏ ਹਨ। ਇਸ ਦੌਰਾਨ ਕਈ ਦੁਕਾਨਾਂ ਅਤੇ ਵਾਹਨਾਂ ਨੂੰ ਅੱਗ ਲਗਾ ਦਿੱਤੀ ਗਈ। ਫਿਲਹਾਲ ਸਥਿਤੀ ਕਾਬੂ ਹੇਠ ਹੈ ਪਰ ਇਲਾਕੇ 'ਚ ਤਣਾਅ ਬਰਕਰਾਰ ਹੈ।
ਮਹੂ 'ਚ ਹਿੰਸਾ ਦੀ ਜਾਣਕਾਰੀ ਦਿੰਦੇ ਹੋਏ ਇੰਦੌਰ ਦੇ ਕੁਲੈਕਟਰ ਆਸ਼ੀਸ਼ ਸਿੰਘ ਨੇ ਕਿਹਾ ਕਿ ਪਥਰਾਅ ਤੋਂ ਬਾਅਦ ਸਥਿਤੀ ਕਾਬੂ 'ਚ ਹੈ। ਇਲਾਕੇ 'ਚ ਪੁਲਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਜਦੋਂ ਕਲੈਕਟਰ ਨੂੰ ਪੁੱਛਿਆ ਗਿਆ ਕਿ ਇਹ ਘਟਨਾ ਕਿਵੇਂ ਵਾਪਰੀ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਬਾਰੇ ਬਾਅਦ ਵਿੱਚ ਗੱਲ ਕਰਨਗੇ, ਫਿਲਹਾਲ ਸਥਿਤੀ ਕਾਬੂ ਹੇਠ ਹੈ।
ਉਧਰ ਇਸ ਮਾਮਲੇ 'ਤੇ ਗੱਲ ਕਰਦੇ ਹੋਏ ਪੁਲਿਸ ਨੇ ਦੱਸਿਆ ਕਿ ਇਲਾਕੇ 'ਚ ਮਨਾਏ ਜਾ ਰਹੇ ਸਮਾਗਮ ਦੌਰਾਨ ਕਿਸੇ ਗੱਲ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਝਗੜਾ ਹੋ ਗਿਆ ਸੀ, ਜਿਸ ਤੋਂ ਬਾਅਦ ਪੱਥਰਬਾਜ਼ੀ ਅਤੇ ਅੱਗਜ਼ਨੀ ਦੀ ਘਟਨਾ ਵਾਪਰੀ ਸੀ।
- PTC NEWS