Canadian Army : ਗੜ੍ਹਸ਼ੰਕਰ ਦੇ ਨੌਜਵਾਨ ਨੇ ਪੰਜਾਬ ਤੇ ਮਾਪਿਆਂ ਦਾ ਨਾਮ ਕੀਤਾ ਰੌਸ਼ਨ, ਕੈਨੇਡਾ ਦੀ ਫੌਜ 'ਚ ਲੈਫਟੀਨੈਂਟ ਬਣਿਆ ਵਿਸ਼ਾਲ ਰਾਣਾ
Punjabi in Canada : ਪੰਜਾਬ ਦੇ ਨੌਜਵਾਨਾਂ ਨੇ ਵਿਦੇਸ਼ਾਂ ਦੀ ਧਰਤੀ ਦੇ ਵੱਡੀਆਂ ਉਪਲੱਬਧੀਆਂ ਹਾਸਿਲ ਕਰਕੇ ਇਲਾਕੇ ਦਾ ਨਾਂ ਮਸ਼ਹੂਰ ਕੀਤਾ ਹੈ। ਇਸੀ ਤਰ੍ਹਾਂ ਸ਼ਹਿਰ ਗੜਸ਼ੰਕਰ ਦੇ ਵਾਰਡ 5 ਦੇ ਨੌਜਵਾਨ ਵਿਸ਼ਾਲ ਰਾਣਾ ਨੇ ਸਫ਼ਲਤਾ ਦੀਆਂ ਪੌੜੀਆਂ ਚੜ੍ਹ ਕੇ ਸ਼ਲਾਘਾਯੋਗ ਪ੍ਰਾਪਤੀ ਕਰਦਿਆਂ ਕਨੇਡੀਅਨ ਫ਼ੌਜ ’ਚ ਲੈਫ਼ਟੀਨੈਂਟ ਬਣਕੇ ਪੰਜਾਬ ਸਮੇਤ ਪੂਰੇ ਕੈਨੇਡਾ ਵਿਚ ਗੜ੍ਹਸ਼ੰਕਰ ਦਾ ਨਾਂ ਰੋਸ਼ਨ ਕੀਤਾ ਹੈ।
ਮਾਸਟਰ ਡਿਗਰੀ ਪ੍ਰਾਪਤ ਹੈ ਨੌਜਵਾਨ ਵਿਸ਼ਾਲ ਰਾਣਾ
ਜਾਣਕਾਰੀ ਦਿੰਦਿਆਂ ਵਿਸ਼ਾਲ ਰਾਣਾ ਦੇ ਪਿਤਾ ਸਰਦਾਰੀ ਲਾਲ ਸਾਬਕਾ ਫ਼ੌਜੀ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਵਿਸ਼ਾਲ ਰਾਣਾ ਨੇ 12ਵੀਂ ਤੱਕ ਦੀ ਪੜ੍ਹਾਈ ਆਰਮੀ ਸਕੂਲ ਜਲੰਧਰ ਤੋਂ ਕਰਨ ਉਪਰੰਤ 2016 ਦੇ ਵਿੱਚ ਸੰਗਰੂਰ ਤੋਂ ਬੀ. ਟੇਕ. ਦੀ ਡਿਗਰੀ ਹਾਸਿਲ ਕੀਤੀ। ਸਾਲ 2018 ’ਚ ਉਚੇਰੀ ਪੜ੍ਹਾਈ ਅਤੇ ਅਪਣੇ ਸੁਨਹਿਰੀ ਸੁਪਨਿਆਂ ਦੀ ਪੂਰਤੀ ਲਈ ਕੈਨੇਡਾ ਪੁੱਜੇ ਨੌਜਵਾਨ ਵਿਸ਼ਾਲ ਰਾਣਾ ਨੇ ਬਰੈਂਪਟਨ ਦੇ ਹੰਬਰ ਕਾਲਜ ਤੋਂ ਵਾਇਰਲੈਸ ਕਮਿਊਨੀਕੇਸ਼ਨ ਵਿਚ ਮਾਸਟਰ ਡਿਗਰੀ ਦੀ ਪੜ੍ਹਾਈ ਪੂਰੀ ਕੀਤੀ। ਇਸ ਉਪਰੰਤ ਉਸ ਵਲੋਂ ਹੋਰਨਾਂ ਲੋੜੀਂਦੇ ਮਾਪਦੰਡਾਂ ਨੂੰ ਪੂਰੇ ਕਰ ਕੇ ਪਿਛਲੇ ਦਿਨੀਂ ਕੈਨੇਡੀਅਨ ਫ਼ੌਜ ਵਿਚ ਅਪਣਾ ਕਮਿਸ਼ਨ ਪ੍ਰਾਪਤ ਕੀਤਾ ਗਿਆ, ਜਿੱਥੇ ਉਸ ਨੂੰ ਲੈਫ਼ਟੀਨੈਂਟ ਦਾ ਅਹੁਦਾ ਸੌਂਪਿਆ ਗਿਆ। ਵਿਸ਼ਾਲ ਰਾਣਾ ਦੀ ਇਸ ਪ੍ਰਾਪਤੀ ਤੇ ਇਲਾਕੇ ਵਿੱਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ।
2024 'ਚ ਹੋਇਆ ਸੀ ਵਿਸ਼ਾਲ ਰਾਣਾ ਦਾ ਵਿਆਹ
ਨੌਜਵਾਨ ਦੀ ਪਤਨੀ ਸਾਕਸ਼ੀ ਨੇ ਕਿਹਾ ਕਿ ਮਾਰਚ 2024 ਦੇ ਵਿੱਚ ਉਨ੍ਹਾਂ ਦਾ ਵਿਆਹ ਹੋਇਆ ਸੀ। ਸਾਕਸ਼ੀ ਨੇ ਕਿਹਾ ਕਿ ਉਨ੍ਹਾਂ ਦੇ ਪਤੀ ਵਿਸ਼ਾਲ ਰਾਣਾ ਨੇ ਦੱਸਿਆ ਕਿ ਉਨ੍ਹਾਂ ਨੂੰ ਦੱਸਿਆ ਸੀ ਕਿ ਉਨ੍ਹਾਂ ਦਾ ਸੁਪਨਾ ਹੈ ਕਿ ਉਹ ਕੈਨੇਡੀਅਨ ਆਰਮੀ ਦੇ ਵਿੱਚ ਸੇਵਾ ਨਿਭਾਉਣ ਦਾ ਜਿਸਦੇ ਲਈ ਸਿਟੀਜ਼ਨ ਹਾਸਿਲ ਕੀਤੀ। ਉਪਰੰਤ ਆਰਮੀ ਦੇ ਵਿੱਚ ਟੈਸਟ ਪਾਸ ਕਰਨ ਉਪੰਰਤ ਟਰੇਨਿੰਗ ਪੂਰੀ ਹੋਣ ਤੋਂ ਬਾਅਦ ਉਨ੍ਹਾਂ ਵਲੋਂ ਰਿਸ਼ਤੇਦਾਰਾਂ ਨੂੰ ਦੱਸਿਆ ਗਿਆ, ਜਿਸਤੇ ਹੁਣ ਇਲਾਕੇ ਭਰ ਤੋਂ ਵਧਾਈਆਂ ਮਿਲ ਰਹੀਆਂ ਹਨ।
- PTC NEWS