Punjab Flood Alert : ਸਤਲੁਜ ਦਰਿਆ 'ਚ ਵਧਿਆ ਪਾਣੀ ਦਾ ਪੱਧਰ, ਹੜ੍ਹ ਦਾ ਖਤਰਾ ! ਨੰਗਲ ਪ੍ਰਸ਼ਾਸਨ ਨੇ ਜਾਰੀ ਕੀਤਾ ਅਲਰਟ, ਵੇਖੋ ਵੀਡੀਓ
Punjab Flood Alert : ਹਰ ਸਾਲ ਬਰਸਾਤ ਦੇ ਮੌਕੇ ਹਿਮਾਚਲ ਦੇ ਉਪਰੀ ਖੇਤਰਾਂ 'ਚ ਹੁੰਦੀ ਭਾਰੀ ਬਾਰਿਸ਼ ਦੇ ਨਾਲ ਪੰਜਾਬ ਅੰਦਰ ਸਤਲੁਜ ਦਰਿਆ ਦੇ ਦੋਵੇਂ ਕਿਨਾਰਿਆਂ ਤੇ ਵਸੇ ਪਿੰਡਾਂ ਦੇ ਲੋਕਾਂ ਨੂੰ ਆਪਣੀ ਜਾਨ ਮਾਲ ਦੀ ਰਾਖੀ ਦਾ ਡਰ ਪੈ ਜਾਂਦਾ। ਗੌਰਤਲਬ ਹੈ ਕਿ 2003 ਦੇ ਵਿੱਚ ਆਏ ਭਾਰੀ ਹੜ੍ਹ ਦੇ ਨਾਲ ਨੰਗਲ ਅਤੇ ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡਾਂ ਭੱਲੜੀ, ਹਰਸਾ ਵੇਲਾ, ਚੰਦਪੁਰ ਬੇਲਾ, ਵੇਲਾ ਧਿਆਨੀ, ਭਲਾਨ, 10 ਗਰਾਈ, ਸੂਰੇਆਲ, ਬੈਂਸਪੁਰ, ਮਜਾਰੀ, ਲੋਦੀਪੁਰ, ਬੁਰਜ, ਹਰੀਵਾਲ, ਬੱਲੋਵਾਲ, ਗਾਜਪੁਰ ਆਦਿ ਪਿੰਡਾਂ ਦੇ ਲੋਕਾਂ ਨੇ ਹੜ੍ਹ ਦਾ ਸੰਤਾਪ ਆਪਣੇ ਪਿੰਡੇ 'ਤੇ ਹੰਡਾਇਆ ਸੀ। ਹੁਣ ਇੱਕ ਵਾਰ ਫਿਰ ਸਵਾਂ ਨਦੀ ਵਿੱਚ ਪਾਣੀ ਆਉਣ ਨਾਲ ਲੋਕਾਂ ਚ ਦਰ ਵਾਲੀ ਸਥਿਤੀ ਬਣੀ ਹੋਈ ਹੈ ਤੇ ਲੋਕਾਂ ਵੱਲੋਂ ਸਰਕਾਰ ਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਸਤਲੁਜ ਨੂੰ ਰੋਪੜ ਹੈਡਵਰਕਸ ਚੈਨਲਲਾਈਜ਼ ਕੀਤਾ ਜਾਵੇ ਤਾਂ ਜੋ ਹਰ ਸਾਲ ਉਹਨਾਂ ਨੂੰ ਹੜ ਵਰਗੀ ਸਥਿਤੀ ਨਾਲ ਦੋ ਚਾਰ ਨਾ ਹੋਣਾ ਪਵੇ।
ਹਿਮਾਚਲ 'ਚ ਮੀਂਹ ਦਾ ਪੈ ਰਿਹਾ ਅਸਰ
ਗੌਰਤਲਬ ਹੈ ਕਿ ਇਸ ਸਮੇਂ ਨੰਗਲ ਡੈਮ ਰਾਹੀਂ ਸਤਲੁਜ ਦਰਿਆ ਵਿੱਚ ਕੇਵਲ 5500 ਕਿਊਸਿਕ ਪਾਣੀ ਛੱਡਿਆ ਜਾ ਰਿਹਾ, ਜੋ ਕਿ ਬਹੁਤ ਜ਼ਿਆਦਾ ਨਹੀਂ ਹੈ ਪ੍ਰੰਤੂ ਕਾਂਗੜਾ ਵਿਖੇ ਹੋਈ ਭਾਰੀ ਬਰਸਾਤ ਦੇ ਚਲਦਿਆਂ ਸਵਾਂ ਨਦੀ ਵਿਚ ਜਿਆਦਾ ਪਾਣੀ ਆਉਣ ਨਾਲ ਸਤਲੁਜ ਉਫਾਨ 'ਤੇ ਹੈ। ਗੌਰਤਲਬ ਹੈ ਕਿ ਜਦੋਂ ਨੰਗਲ ਡੈਮ ਤੋਂ ਸਤਲੁਜ ਦੇ ਵਿੱਚ ਵੱਡੀ ਮਾਤਰਾ ਵਿੱਚ ਪਾਣੀ ਛੱਡਿਆ ਜਾਂਦਾ ਹੈ ਤੇ ਹਿਮਾਚਲ ਤੋਂ ਆਉਣ ਵਾਲੀ ਸਵਾ ਨਦੀ ਵੀ ਭਰ ਕੇ ਆਉਂਦੀ ਹੈ ਤਾਂ ਇਹ ਸਤਲੁਜ ਦਰਿਆ ਦੇ ਕੰਢੇ 'ਤੇ ਵਸੇ ਹੋਏ ਪਿੰਡਾਂ ਵਿੱਚ ਭਾਰੀ ਨੁਕਸਾਨ ਕਰਦੀ ਹੈ।
ਲੋਕਾਂ ਨੂੰ ਕਿਉਂ ਸਤਾ ਰਿਹਾ ਹੈ ਡਰ ?
ਬੇਸ਼ੱਕ ਪ੍ਰਸ਼ਾਸਨ ਦੇ ਦੱਸਣ ਮੁਤਾਬਿਕ ਕੋਈ ਡਰ ਵਾਲੀ ਸਥਿਤੀ ਨਹੀਂ ਹੈ ਤੇ ਨਾ ਹੀ ਲੋਕਾਂ ਨੂੰ ਪੈਨਿਕ ਹੋਣਾ ਚਾਹੀਦਾ ਹੈ ਪ੍ਰੰਤੂ ਸਥਾਨਕ ਵਸਨੀਕਾਂ ਦਾ ਕਹਿਣਾ ਹੈ ਕਿ ਹਰ ਸਾਲ ਉਹਨਾਂ ਦੀ ਜ਼ਿੰਦਗੀ ਤੇ ਖੌਫ ਮੰਡਰਾਉਂਦਾ ਹੈ। ਇਸ ਲਈ ਸਰਕਾਰ ਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਸਤਲੁਜ ਦਰਿਆ ਨੂੰ ਚੈਨਲਾਈਜ਼ ਕੀਤਾ ਜਾਵੇ ਤਾਂ ਜੋ ਰੋਪੜ ਹੈਡ ਵਰਕ ਤੱਕ ਪਾਣੀ ਦਰਿਆ ਦੇ ਅੰਦਰ ਰਵੇ। ਲੋਕਾਂ ਦਾ ਕਹਿਣਾ ਹੈ ਕਿ ਹਿਮਾਚਲ ਨੇ ਵੀ ਆਪਣੀ ਸਵਾਂ ਨੂੰ ਚੈਨਲਾਈਜ਼ ਕਰ ਦਿੱਤਾ ਪ੍ਰੰਤੂ ਪ੍ਰਸ਼ਾਸਨ ਵੱਲੋਂ ਪਿਛਲਿਆਂ ਸਮਿਆਂ ਵਿੱਚ ਲਗਾਏ ਗਏ ਡੰਗੇ ਪਾਣੀ ਦੇ ਤੇਜ਼ ਵਹਾ ਅੱਗੇ ਨਹੀਂ ਟਿੱਕ ਰਹੇ ਤੇ ਉਨ੍ਹਾਂ ਦਾ ਕੋਈ ਪੱਕਾ ਬੰਦੋਬਸਤ ਕੀਤਾ ਜਾਵੇ।
''ਡਰਨ ਦੀ ਲੋੜ ਨਹੀਂ, ਪਰ ਦਰਿਆ ਨੇੜੇ ਨਾ ਜਾਇਆ ਜਾਵੇ''
ਦੂਜੇ ਪਾਸੇ ਦੱਸ ਦਈਏ ਕਿ ਨੰਗਲ ਦੇ ਐਸਡੀਐਮ ਸਚਿਨ ਪਾਠਕ ਵੱਲੋਂ ਨੰਗਲ ਵਿਖੇ ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡਾਂ ਦਾ ਦੌਰਾ ਕੀਤਾ ਗਿਆ ਅਤੇ ਗਰਾਊਂਡ ਜ਼ੀਰੋ 'ਤੇ ਜਾ ਕੇ ਸਥਿਤੀ ਨੂੰ ਦੇਖਿਆ ਗਿਆ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਦਰਿਆ ਦੇ ਨਜ਼ਦੀਕ ਨਾ ਜਾਇਆ ਜਾਵੇ ਪਰੰਤੂ ਉਹਨਾਂ ਇਹ ਵੀ ਕਿਹਾ ਕਿ ਕਿਸੇ ਨੂੰ ਵੀ ਡਰਨ ਦੀ ਲੋੜ ਨਹੀਂ।
ਭਾਖੜਾ ਡੈਮ ਦਾ ਲੈਵਲ 1585.74 ਫੁੱਟ
ਇਸ ਦੇ ਨਾਲ ਇਹ ਦੱਸਣਾ ਵੀ ਜਰੂਰੀ ਹੈ ਕਿ ਭਾਖੜਾ ਡੈਮ ਦਾ ਅੱਜ ਦਾ ਲੈਵਲ 1585.74 ਫੁੱਟ ਹੈ ਤੇ ਭਾਖੜੇ 'ਚ ਪਾਣੀ ਦਾ ਖਤਰੇ ਦਾ ਲੈਵਲ 1680 ਫੁੱਟ ਹੈ ਜਿਸ ਤੋਂ ਭਾਵ ਇਹ ਹੈ ਕਿ ਭਾਖੜਾ ਵਿੱਚ ਅਜੇ ਬਹੁਤ ਪਾਣੀ ਸਟੋਰ ਕਰਨ ਦੀ ਗੁੰਜਾਇਸ਼ ਬਾਕੀ ਹੈ। ਇਸ ਦੇ ਨਾਲ ਹੀ ਅੱਜ ਭਾਖੜਾ ਵਿੱਚ ਪਾਣੀ ਦਾ ਇਨਫਲੋ 44497 ਕਿਓਸਿਕ ਨੋਟ ਕੀਤਾ ਗਿਆ ਤੇ ਆਇਤਫਲੋਓ 28504 ਨੋਟ ਕੀਤਾ ਗਿਆ, ਜਿਸ ਵਿੱਚ 5500 ਕਿਊਸਿਕ ਸਤਲੁਜ ਵਿੱਚ, 12500 ਕਿਊਸਿਕ ਨੰਗਲ ਹਾਈਡਲ ਚੈਨਲ ਵਿੱਚ 'ਤੇ ਇਸੇ ਤਰੀਕੇ ਨਾਲ 10150 ਕਿਊਸਿਕ ਪਾਣੀ ਅਨੰਦਪੁਰ ਸਾਹਿਬ ਹਾਈਡਲ ਚੈਨਲ ਵਿੱਚ ਛੱਡਿਆ ਜਾ ਰਿਹਾ ਹੈ।
- PTC NEWS