ਐਸ ਜੈਸ਼ੰਕਰ ਦੇ ਬਿਆਨ ਨਾਲ ਅਸੀ ਸਹਿਮਤ ਨਹੀਂ- ਡਾ. ਅਮਰ ਸਿੰਘ
Punjab News: ਅਮਰੀਕਾ ਦੀ ਸਰਹੱਦੀ ਸੁਰੱਖਿਆ ਏਜੰਸੀ United States Customs and Border Protection (USBP) ਵੱਲੋਂ ਬੀਤੇ ਦਿਨ ਡਿਪੋਰਟ ਕੀਤੇ ਗਏ ਭਾਰਤੀਆਂ ਨੂੰ ਹਥਕੜੀਆਂ ਅਤੇ ਬੇੜੀਆਂ ਵਿਚ ਜਕੜ ਕੇ ਭਾਰਤ ਭੇਜੇ ਜਾਣ ਦੀ ਵੀਡੀਓ ਫੁਟੇਜ ਜਾਰੀ ਕਰਨ ’ਤੇ ਭਾਰਤ ਭਰ ਵਿਚ ਗੁੱਸਾ ਤੇ ਰੋਹ ਪਾਇਆ ਜਾ ਰਿਹਾ ਹੈ।
ਉਨ੍ਹਾਂ ਨਾਲ ਕੀਤੇ ਗਏ ਅਜਿਹੇ ‘ਅਣਮਨੁੱਖੀ’ ਸਲੂਕ ਦਾ ਸੰਸਦ ਵਿਚ ਵਿਰੋਧੀ ਪਾਰਟੀਆਂ ਵੱਲੋਂ ਜ਼ੋਰਦਾਰ ਵਿਰੋਧ ਕੀਤਾ ਗਿਆ। ਇਸ ਤੋਂ ਬਾਅਦ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਕਿ ਨਵੀਂ ਦਿੱਲੀ ਇਹ ਯਕੀਨੀ ਬਣਾਏ ਜਾਣ ਲਈ ਅਮਰੀਕਾ ਨਾਲ ਗੱਲਬਾਤ ਕਰ ਰਹੀ ਹੈ ਕਿ ਗੈਰਕਾਨੂੰਨੀ ਭਾਰਤੀ ਪਰਵਾਸੀਆਂ ਨੂੰ ਅਮਰੀਕਾ ਤੋਂ ਡਿਪੋਰਟ ਕੀਤੇ ਜਾਣ ਸਮੇਂ ਉਨ੍ਹਾਂ ਨਾਲ ਅਜਿਹੀ ਬਦਸਲੂਕੀ ਨਾ ਕੀਤੀ ਜਾਵੇ।
ਜੈਸ਼ੰਕਰ ਨੇ ਸੰਸਦ ਨੂੰ ਦੱਸਿਆ ਕਿ ਅਮਰੀਕੀ ਅਧਿਕਾਰੀਆਂ ਦੁਆਰਾ ਅਪਣਾਈ ਗਈ ਦੇਸ਼ ਨਿਕਾਲੇ ਦੀ ਇਹ ਪ੍ਰਕਿਰਿਆ ਕੋਈ ਨਵੀਂ ਨਹੀਂ ਹੈ ਅਤੇ ਇਹ ਨੀਤੀ ਪਰਵਾਸੀਆਂ ਨੂੰ ਉਨ੍ਹਾਂ ਦੇ ਜੱਦੀ ਮੁਲਕਾਂ ਵਿੱਚ ਵਾਪਸ ਭੇਜੇ ਜਾਣ ਅਤੇ ਅਜਿਹੀਆਂ ਪਾਬੰਦੀਆਂ ਦੀ ਵਰਤੋਂ ਦੀ ਇਜਾਜ਼ਤ ਦਿੰਦੀ ਹੈ।
ਵਿਦੇਸ਼ ਮੰਤਰੀ ਐਸ ਜੈਸ਼ੰਕਰ ਦੇ ਰਾਜ ਸਭਾ ਵਿੱਚ ਅਮਰੀਕਾ ਤੋਂ ਭਾਰਤੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਬਾਰੇ ਦਿੱਤੇ ਬਿਆਨ 'ਤੇ ਕਾਂਗਰਸ ਸੰਸਦ ਮੈਂਬਰ ਅਮਰ ਸਿੰਘ ਨੇ ਕਿਹਾ ਕਿ "ਵਿਰੋਧੀ ਧਿਰ ਉਨ੍ਹਾਂ (ਐਸ ਜੈਸ਼ੰਕਰ) ਦੇ ਬਿਆਨ ਨਾਲ ਸਹਿਮਤ ਨਹੀਂ ਹੈ। ਉਨ੍ਹਾਂ ਇਹ ਨਹੀਂ ਕਿਹਾ ਕਿ ਅਸੀਂ ਆਪਣਾ ਜਹਾਜ਼ ਅਮਰੀਕਾ ਕਿਉਂ ਨਹੀਂ ਭੇਜਿਆ। ਅਮਰੀਕੀਆਂ ਨੇ ਸਾਡੇ ਲੋਕਾਂ ਨੂੰ ਹੱਥਕੜੀਆਂ ਕਿਉਂ ਲਗਾਈਆਂ?... ਸਾਨੂੰ ਅਮਰੀਕੀ ਸਰਕਾਰ ਦੇ ਸਾਡੇ ਲੋਕਾਂ ਨੂੰ ਭਾਰਤ ਲਿਆਉਣ ਦੇ ਤਰੀਕੇ ਨਾਲ ਇਤਰਾਜ਼ ਹੈ।"
ਇਸ ਦੇ ਨਾਲ ਹੀ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਅਮਰੀਕਾ ਵਲੋਂ ਡਿਪੋਰਟ ਕੀਤੇ ਗਏ ਭਾਰਤੀਆਂ ਨੂੰ ਗੁਰੂ ਰਾਮਦਾਸ ਏਅਰਪੋਰਟ ਅੰਮ੍ਰਿਤਸਰ ਵਿਖੇ ਉਤਾਰਨ 'ਤੇ ਸਖ਼ਤ ਇਤਰਾਜ ਜਤਾਇਆ। ਉਨ੍ਹਾਂ ਕਿਹਾ ਕਿ ਇਹ ਸਾਰਾ ਕੁਝ ਕੇਂਦਰ ਸਰਕਾਰ ਵਲੋਂ ਸਾਜਿਸ਼ ਤਹਿਤ ਕੀਤਾ ਗਿਆ ਹੈ, ਜਿਸ ਦਾ ਮੁੱਖ ਮਕਸਦ ਪੰਜਾਬ ਅਤੇ ਪੰਜਾਬੀਆਂ ਦੇ ਅਕਸ ਨੂੰ ਵਿਸ਼ਵ ਭਰ ਵਿਚ ਠੇਸ ਪਹੁੰਚਾਉਣਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਜਾਣਬੁੱਝ ਕੇ ਲੈਂਡਿੰਗ ਦਾ ਦਿਨ 5 ਫਰਵਰੀ ਚੁਣਿਆ ਗਿਆ ਤਾਂ ਕਿ ਸਾਰਾ ਮੀਡੀਆ ਦਿੱਲੀ ਦੀਆਂ ਚੋਣਾਂ ਮਗਰ ਰੁੱਝਿਆ ਰਹੇ ਤੇ ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਮਹਾਂਕੁੰਭ ਇਸ਼ਨਾਨ 'ਤੇ ਪਹੁੰਚ ਗਏ ਤੇ ਪੂਰਾ ਦਿਨ ਬਾਕੀ ਦਾ ਮੀਡੀਆ ਉਨ੍ਹਾਂ ਨੂੰ ਹੀ ਦਿਖਾਈ ਗਿਆ।
ਨੌਜਵਾਨਾਂ ਦੀ ਜ਼ਿੰਦਗੀ ਨਾਲ ਜੁੜੇ ਦੇਸ਼ ਦੇ ਏਡੇ ਵੱਡੇ ਮਸਲੇ ਨੂੰ ਜਾਣਬੁੱਝ ਕੇ ਅੱਖੋਂ ਪਰੋਖੇ ਕੀਤਾ ਗਿਆ। ਉਨ੍ਹਾਂ ਕਿਹਾ ਦੁੱਖ ਦੀ ਗੱਲ ਹੈ ਕਿ ਇਨ੍ਹਾਂ ਨੌਜਵਾਨਾਂ ਲਈ ਹਾਅ ਦਾ ਨਾਅਰਾ ਮਾਰਨ ਦੀ ਬਜਾਇ ਕੇਂਦਰ ਸਰਕਾਰ ਨੇ ਡਿਪੋਰਸ਼ਨ ਲਈ ਹਾਮੀ ਭਾਰੀ ਜੋ ਕਿ ਦੇਸ਼ ਵਿਦੇਸ਼ ਵਿਚ ਬੈਠੇ ਹਰ ਭਾਰਤੀ ਲਈ ਦੁਖਦਾਇਕ ਹੈ। ਕਿਰਤ ਦੀ ਭਾਲ ਵਿਚ ਬੇਘਰ ਹੋਏ ਇਨ੍ਹਾਂ ਨੌਜਵਾਨਾਂ ਨਾਲ ਕੀਤਾ ਗਿਆ ਕੈਦੀਆਂ ਵਰਗਾ ਵਿਵਹਾਰ ਅਤਿ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਉਹ ਡਿਪੋਰਟ ਹੋਏ ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਦਿਲੋਂ ਹਮਦਰਦੀ ਪ੍ਰਗਟ ਕਰਦੇ ਹੋਏ ਸੂਬਾ ਤੇ ਕੇਂਦਰ ਸਰਕਾਰ ਕੋਲੋਂ ਮੰਗ ਕਰਦੇ ਹਨ ਕਿ ਇਨ੍ਹਾਂ ਨੌਜਵਾਨਾਂ ਨੂੰ ਪੱਕੇ ਰੁਜ਼ਗਾਰ ਦਿੱਤੇ ਜਾਣ ਅਤੇ ਇਨ੍ਹਾਂ ਨੂੰ ਗੁੰਮਰਾਹ ਕਰਕੇ ਗੈਰਕਾਨੂੰਨੀ ਤਰੀਕੇ ਨਾਲ ਭੇਜਣ ਵਾਲੇ ਏਜੰਟਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਇਨ੍ਹਾਂ ਨੂੰ ਇਨਸਾਫ਼ ਦਿਲਾਇਆ ਜਾਵੇ।
- PTC NEWS