Punjab Congress News : ਸਾਨੂੰ ਕਾਂਗਰਸ ਨੂੰ ਜਿਤਾਉਣ ਦੀ ਗੱਲ ਕਰਨੀ ਚਾਹੀਦੀ ਹੈ, CM ਤਾਂ ਹੀ ਬਣਾਂਗੇ ਜੇਕਰ ਪਾਰਟੀ ਜਿੱਤੇਗੀ : ਸੁਖਜਿੰਦਰ ਸਿੰਘ ਰੰਧਾਵਾ
Punjab Congress News : ਲੁਧਿਆਣਾ ਜ਼ਿਮਨੀ ਚੋਣ ਦੇ ਨਤੀਜਿਆਂ ਤੋਂ ਬਾਅਦ ਪੰਜਾਬ ਕਾਂਗਰਸ ਵਿੱਚ ਅੰਦਰੂਨੀ ਕਲੇਸ਼ ਫਿਰ ਤੋਂ ਸਾਹਮਣੇ ਆ ਗਿਆ ਹੈ। ਸਾਬਕਾ ਉਪ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਦੀ ਇੱਕ ਤਾਜ਼ਾ ਸੋਸ਼ਲ ਮੀਡੀਆ ਪੋਸਟ ਨੇ ਪਾਰਟੀ ਦੇ ਅੰਦਰ ਚੱਲ ਰਹੀ ਖਿੱਚੋਤਾਣੀ ਨੂੰ ਹੋਰ ਹਵਾ ਦੇ ਦਿੱਤੀ ਹੈ।
ਸੁਖਜਿੰਦਰ ਸਿੰਘ ਰੰਧਾਵਾ ਨੇ ਕਿਸੇ ਦਾ ਨਾਮ ਲਏ ਬਿਨਾਂ ਸੰਕੇਤ ਦਿੱਤਾ ਕਿ ਮੁੱਖ ਮੰਤਰੀ ਅਹੁਦੇ ਦੀ ਦੌੜ ਵਿੱਚ ਜਲਦਬਾਜ਼ੀ ਕਰਨਾ ਕਾਂਗਰਸ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਉਨ੍ਹਾਂ ਪੰਜਾਬੀ ਵਿੱਚ ਲਿਖਿਆ - "ਸਾਨੂੰ ਕਾਂਗਰਸ ਨੂੰ ਜਿਤਾਉਣ ਦੀ ਗੱਲ ਕਰਨੀ ਚਾਹੀਦੀ ਹੈ, ਮੁੱਖ ਮੰਤਰੀ ਤਾਂ ਬਣਾਂਗੇ ਜਦੋਂ ਪਾਰਟੀ ਜਿੱਤੇਗੀ। ਜੇਕਰ ਪਹਿਲਾਂ ਹੀ ਮੁੱਖ ਮੰਤਰੀ ਬਣ ਗਏ ਤਾਂ ਪਾਰਟੀ ਕਦੇ ਨਹੀਂ ਜਿੱਤੇਗੀ।"
2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਹਾਰ ਪਿੱਛੇ ਸੂਬਾ ਲੀਡਰਸ਼ਿਪ ਵਿੱਚ ਅੰਦਰੂਨੀ ਕਲੇਸ਼ ਨੂੰ ਇੱਕ ਵੱਡਾ ਕਾਰਨ ਮੰਨਿਆ ਗਿਆ ਸੀ। ਇਸ ਤੋਂ ਬਾਅਦ ਹੋਈਆਂ ਉਪ ਚੋਣਾਂ ਵਿੱਚ ਵੀ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਲੁਧਿਆਣਾ ਉਪ ਚੋਣ ਇਸਦੀ ਤਾਜ਼ਾ ਉਦਾਹਰਣ ਹੈ, ਜਿਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਪਾਰਟੀ ਦਾ ਅੰਦਰੂਨੀ ਕਲੇਸ਼ ਅਜੇ ਵੀ ਬਰਕਰਾਰ ਹੈ।
ਕਾਂਗਰਸ ਦੀ ਅੰਦਰੂਨੀ ਧੜੇਬੰਦੀ ਖੁੱਲ੍ਹ ਕੇ ਆਈ ਸਾਹਮਣੇ
ਚੋਣਾਂ ਤੋਂ ਪਹਿਲਾਂ ਹੀ ਆਸ਼ੂ ਦੀ ਉਮੀਦਵਾਰੀ ਨੂੰ ਲੈ ਕੇ ਪਾਰਟੀ ਅੰਦਰ ਮਤਭੇਦ ਉੱਭਰ ਕੇ ਸਾਹਮਣੇ ਆਏ ਸਨ। ਲੁਧਿਆਣਾ ਦੇ ਕਈ ਸਥਾਨਕ ਆਗੂਆਂ ਨੇ ਪ੍ਰਚਾਰ ਤੋਂ ਦੂਰੀ ਬਣਾਈ। ਇੰਨਾ ਹੀ ਨਹੀਂ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਜੋ ਕਿ ਖੁਦ ਲੁਧਿਆਣਾ ਤੋਂ ਸੰਸਦ ਮੈਂਬਰ ਹਨ, ਸਿਰਫ਼ ਨਾਮਜ਼ਦਗੀ ਵਾਲੇ ਦਿਨ ਹੀ ਆਸ਼ੂ ਨਾਲ ਦਿਖੇ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਆਸ਼ੂ ਦੇ ਹੱਕ ਵਿੱਚ ਪ੍ਰਚਾਰ ਨਹੀਂ ਕੀਤਾ। ਚੋਣ ਨਤੀਜੇ ਤੋਂ ਬਾਅਦ ਆਗੂਆਂ ਵਿੱਚ ਆਰੋਪਾਂ ਦਾ ਸਿਲਸਿਲਾ ਵੀ ਤੇਜ਼ ਹੋ ਗਿਆ ਹੈ। ਚਰਨਜੀਤ ਸਿੰਘ ਚੰਨੀ ਅਤੇ ਰਾਜਾ ਵੜਿੰਗ ਧੜੇ ਆਹਮੋ-ਸਾਹਮਣੇ ਦਿਖੇ। ਇਸ ਨਾਲ ਇਹ ਸਪੱਸ਼ਟ ਹੋ ਗਿਆ ਹੈ ਕਿ ਕਾਂਗਰਸ ਅਜੇ ਵੀ ਅੰਦਰੂਨੀ ਕਲੇਸ਼ ਨਾਲ ਜੂਝ ਰਹੀ ਹੈ।
ਲੁਧਿਆਣਾ ਜ਼ਿਮਨੀ ਚੋਣ ਤੋਂ ਬਾਅਦ ਪੋਸਟ ਨਾਲ ਹਲਚਲ
ਇਹ ਪੋਸਟ ਉਸ ਸਮੇਂ ਆਈ ਹੈ ਜਦੋਂ ਲੁਧਿਆਣਾ ਉਪ ਚੋਣ ਵਿੱਚ ਕਾਂਗਰਸ ਦੀ ਹਾਰ ਤੋਂ ਬਾਅਦ ਸੀਨੀਅਰ ਆਗੂਆਂ ਨੇ ਅਸੰਤੁਸ਼ਟੀ ਪ੍ਰਗਟ ਕੀਤੀ ਹੈ। ਲੁਧਿਆਣਾ ਪੱਛਮੀ ਉਪ ਚੋਣ 19 ਜੂਨ 2025 ਨੂੰ ਹੋਈ ਸੀ ਅਤੇ ਇਸਦੇ ਨਤੀਜੇ 23 ਜੂਨ ਨੂੰ ਐਲਾਨੇ ਗਏ ਸਨ। ਸੀਨੀਅਰ ਕਾਂਗਰਸੀ ਆਗੂ ਭਾਰਤ ਭੂਸ਼ਣ ਆਸ਼ੂ ਇਸ ਸੀਟ ਤੋਂ ਉਮੀਦਵਾਰ ਸਨ। ਭਾਰਤ ਭੂਸ਼ਣ ਆਸ਼ੂ ਇਲਾਕੇ ਵਿੱਚ ਇੱਕ ਮਜ਼ਬੂਤ ਆਗੂ ਮੰਨੇ ਜਾਂਦੇ ਸਨ ਪਰ ਇਸ ਵਾਰ ਉਹ 'ਆਪ' ਦੇ ਸੰਜੀਵ ਅਰੋੜਾ ਤੋਂ ਹਾਰ ਗਏ। ਆਸ਼ੂ ਨੂੰ 24,542 ਵੋਟਾਂ ਮਿਲੀਆਂ, ਜਦੋਂ ਕਿ ਅਰੋੜਾ ਨੇ 35,179 ਵੋਟਾਂ ਜਿੱਤੀਆਂ ਅਤੇ 10,637 ਵੋਟਾਂ ਦੀ ਵੱਡੀ ਜਿੱਤ ਦਰਜ ਕੀਤੀ।
- PTC NEWS