Amritsar News : ਮਹਿਲਾ ਨੇ ਆਪਣੇ ਪਤੀ ਨੂੰ ਵਾਪਸ ਭਾਰਤ ਭੇਜਣ ਲਈ ਰੂਸ ਦੇ ਰਾਸ਼ਟਰਪਤੀ ਨੂੰ ਕੀਤੀ ਅਪੀਲ ,ਅਪਾਹਜ ਪੁੱਤ ਦੇ ਇਲਾਜ ਵਾਸਤੇ ਪੈਸੇ ਕਮਾਉਣ ਗਿਆ ਸੀ ਰੂਸ
Amritsar News : ਅੰਮ੍ਰਿਤਸਰ ਦੇ ਹੀਰਾ ਸਿੰਘ ਦੇ ਪਰਿਵਾਰ ਨੇ ਹੀਰਾ ਸਿੰਘ ਨੂੰ ਭਾਰਤ ਵਾਪਸ ਭੇਜਣ ਲਈ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਅਪੀਲ ਕੀਤੀ ਹੈ। ਹੀਰਾ ਸਿੰਘ ਦੇ ਤਿੰਨ ਬੱਚਿਆਂ ਵਿੱਚੋਂ ਇੱਕ ਚੱਲਣ -ਫਿਰਨ ਤੋਂ ਅਸਮਰੱਥ ਹੈ। ਹੀਰਾ ਸਿੰਘ ਆਪਣੇ ਅਪਾਹਜ ਪੁੱਤਰ ਦੇ ਇਲਾਜ ਵਾਸਤੇ ਪੈਸਿਆਂ ਲਈ ਰੂਸ ਗਿਆ ਸੀ ਪਰ 24 ਸਤੰਬਰ ਤੋਂ ਬਾਅਦ ਹੀਰਾ ਸਿੰਘ ਦੀ ਪਰਿਵਾਰ ਨਾਲ ਕੋਈ ਗੱਲ ਨਾ ਹੋਣ ਕਰਕੇ ਪਰਿਵਾਰ ਚਿੰਤਤ ਹੈ।
ਹੀਰਾ ਸਿੰਘ ਦੀ ਪਤਨੀ ਦਾ ਕਹਿਣਾ ਹੈ ਕਿ ਉਸਦੇ ਤਿੰਨ ਬੱਚੇ ਹਨ, ਦੋ ਮੁੰਡੇ ਅਤੇ ਇੱਕ ਕੁੜੀ। ਇੱਕ ਲੜਕਾ ਬਚਪਨ ਤੋਂ ਹੀ ਬੋਲਣ ਅਤੇ ਚੱਲਣ -ਫਿਰਨ ਤੋਂ ਅਸਮਰੱਥ ਹੈ। ਹੀਰਾ ਸਿੰਘ ਆਪਣੇ ਅਪਾਹਜ ਪੁੱਤਰ ਦੇ ਇਲਾਜ ਵਾਸਤੇ ਪੈਸਿਆਂ ਲਈ ਰੂਸ ਗਿਆ ਸੀ ਪਰ ਉਸਨੂੰ ਨਹੀਂ ਪਤਾ ਸੀ ਕਿ ਰੂਸ ਵਿੱਚ ਉਸਨੂੰ ਯੂਕਰੇਨ ਨਾਲ ਚੱਲ ਰਹੀ ਜੰਗ ਵਿੱਚ ਭੇਜ ਦਿੱਤਾ ਜਾਵੇਗਾ।
ਹੀਰਾ ਸਿੰਘ ਦੀ ਪਤਨੀ ਨੇ ਕਿਹਾ ਕਿ ਉਸਨੂੰ ਕਿਹਾ ਗਿਆ ਸੀ ਕਿ ਉਹ ਜਾਂ ਤਾਂ ਫੌਜ ਲਈ ਖਾਣਾ ਬਣਾਉਣਗੇ ਜਾਂ ਬੰਕਰ ਪੁੱਟਨਗੇ। ਉਸਨੂੰ ਪ੍ਰਤੀ ਮਹੀਨਾ 2.5 ਲੱਖ ਰੁਪਏ ਤਨਖਾਹ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਲੜਾਈ ਲੜਨ ਲਈ ਨਹੀਂ ਕਿਹਾ ਗਿਆ ਸੀ। ਫੌਜ ਵੱਲੋਂ ਜ਼ਬਰਦਸਤੀ ਭਰਤੀ ਕੀਤੇ ਜਾਣ ਤੋਂ ਬਾਅਦ ਹੀਰਾ ਸਿੰਘ ਨੇ ਇੱਕ ਵੀ ਰੁਪਿਆ ਘਰ ਨਹੀਂ ਭੇਜਿਆ ਅਤੇ ਉਸਨੂੰ ਆਪਣੇ ਪਰਿਵਾਰ ਦੀ ਦੇਖਭਾਲ ਕਰਨ ਅਤੇ ਆਪਣੇ ਅਪਾਹਜ ਬੱਚੇ ਦਾ ਇਲਾਜ ਕਰਵਾਉਣ ਵਿੱਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਲਈ ਮੈਂ ਭਾਰਤ ਦੇ ਦੌਰੇ 'ਤੇ ਆਏ ਰੂਸੀ ਰਾਸ਼ਟਰਪਤੀ ਪੁਤਿਨ ਨੂੰ ਅਪੀਲ ਕਰਦੀ ਹਾਂ ਕਿ ਹੀਰਾ ਸਿੰਘ ਨੂੰ ਜਲਦੀ ਭਾਰਤ ਵਾਪਸ ਭੇਜਿਆ ਜਾਵੇ ਅਤੇ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਅਪੀਲ ਕਰਦੀ ਹਾਂ ਕਿ ਉਹ ਰੂਸੀ ਰਾਸ਼ਟਰਪਤੀ ਨਾਲ ਗੱਲ ਕਰਨ ਅਤੇ ਮੇਰੇ ਪਤੀ ਨੂੰ ਦੇਸ਼ ਵਾਪਸ ਬੁਲਾ ਕੇ ਪਰਿਵਾਰ ਨਾਲ ਦੁਬਾਰਾ ਮਿਲਾਇਆ ਜਾਵੇ।
- PTC NEWS