Bathinda News : ਇਸਤਰੀ ਅਕਾਲੀ ਦਲ ਵੱਲੋਂ MLA ਬਲਕਾਰ ਸਿੱਧੂ ਖਿਲਾਫ NCW ਕੋਲ ਸ਼ਿਕਾਇਤ, 8 ਨੂੰ ਪੁਤਲੇ ਫੂਕਣ ਦਾ ਐਲਾਨ
Bathinda News : ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਵੱਲੋਂ ਔਰਤਾਂ ਨੂੰ ਮਾੜੀ ਸ਼ਬਦਾਵਲੀ ਬੋਲਣ ਤੇ ਵਿਧਾਇਕ ਬਲਕਾਰ ਸਿੰਘ ਸਿੱਧੂ ਦੇ ਖਿਲਾਫ ਨੈਸ਼ਨਲ ਵੋਮੈਨ ਕਮਿਸ਼ਨ ਦੀ ਚੇਅਰਪਰਸਨ ਕੋਲ ਸ਼ਿਕਾਇਤ ਕੀਤੀ ਗਈ, ਕਿਉਂਕਿ ਲੱਖਾਂ ਔਰਤਾਂ ਵੱਲੋਂ ਚੁਣੇ ਗਏ ਇੱਕ ਨੁਮਾਇੰਦੇ ਵੱਲੋਂ ਅਜਿਹੀ ਸ਼ਬਦਾਵਲੀ ਸ਼ੋਭਾ ਨਹੀਂ ਦਿੰਦੀ। ਅੱਜ ਬਠਿੰਡਾ ਵਿਖੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਔਰਤਾਂ ਦੇ ਹੱਕ ਵਿੱਚ ਇਹ ਮੁੱਦਾ ਚੁੱਕਦਿਆਂ ਇਸਤਰੀ ਅਕਾਲੀ ਦਲ ਦੀ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇਕ ਆਡੀਓ ਵਿੱਚ ਜੋ ਸਬਦ ਔਰਤਾਂ ਬਾਰੇ ਬਲਕਾਰ ਸਿੱਧੂ ਨੇ ਕਹੇ ਹਨ ਉਹ ਬਹੁਤ ਨਿੰਦਣਯੋਗ ਹਨ। ਉਹਨਾਂ ਕਿਹਾ ਕਿ ਉਹ ਨੈਸ਼ਨਲ ਵੋਮੈਨ ਕਮਿਸ਼ਨ ਦੀ ਚੇਅਰਪਰਸਨ ਤੋਂ ਮੰਗ ਕੀਤੀ ਹੈ ਕਿ ਬਲਕਾਰ ਸਿੱਧੂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।
ਹਰਗੋਬਿੰਦ ਕੌਰ ਨੇ ਕਿਹਾ ਕਿ ਉਹ ਇਸ ਸਬੰਧ ਵਿੱਚ ਇਸਤਰੀ ਅਕਾਲੀ ਦਲ ਵੱਲੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਪੰਜਾਬ ਦੇ ਰਾਜਪਾਲ ਨੂੰ ਪੱਤਰ ਲਿਖ ਰਹੇ ਹਨ ਅਤੇ ਉਹਨਾਂ ਦੀ ਮੰਗ ਹੈ ਕਿ ਵਿਧਾਇਕ ਬਲਕਾਰ ਸਿੱਧੂ ਨੂੰ ਵਿਧਾਨ ਸਭਾ ਤੋਂ ਬਾਹਰ ਕੀਤਾ ਜਾਵੇ । ਉਹਨਾਂ ਕਿਹਾ ਕਿ ਗੱਲਬਾਤ ਜਿਥੋਂ ਸ਼ੁਰੂ ਹੋਈ ਸੀ ਅਜੇ ਤੱਕ ਉਥੇ ਹੀ ਖੜ੍ਹੀ ਹੈ ਤੇ ਬਲਕਾਰ ਸਿੱਧੂ ਨੇ ਔਰਤਾਂ ਕੋਲੋ ਮੁਆਫੀ ਨਹੀਂ ਮੰਗੀ।
8 ਮਾਰਚ ਨੂੰ ਬਲਕਾਰ ਸਿੱਧੂ ਦੇ ਪੁਤਲੇ ਫੂਕਣ ਦਾ ਐਲਾਨ
ਹਰਗੋਬਿੰਦ ਕੌਰ ਨੇ ਕਿਹਾ ਕਿ 8 ਮਾਰਚ ਨੂੰ ਕੌਮਾਂਤਰੀ ਇਸਤਰੀ ਦਿਵਸ ਮੌਕੇ ਪੂਰੇ ਪੰਜਾਬ ਵਿੱਚ ਇਸਤਰੀ ਅਕਾਲੀ ਦਲ ਵੱਲੋਂ ਵਿਧਾਇਕ ਬਲਕਾਰ ਸਿੱਧੂ ਦੇ ਪੁੱਤਲੇ ਫੂਕੇ ਜਾਣਗੇ । ਉਹਨਾਂ ਕਿਹਾ ਕਿ ਔਰਤਾਂ ਨੂੰ ਆਪਣੇ ਮਾਣ ਸਨਮਾਨ ਅਤੇ ਹੱਕਾਂ ਲਈ ਇਕੱਠੇ ਹੋਣਾ ਚਾਹੀਦਾ ਹੈ ।
- PTC NEWS