Barnala News : ਬਰਨਾਲਾ ਦੇ ਪਿੰਡ ਘੁੰਨਸ ਵਿਖੇ ਕਾਰ 'ਚ ਬੈਠੇ ਨੌਜਵਾਨ ਦਾ ਬੇਰਹਿਮੀ ਨਾਲ ਕੀਤਾ ਕਤਲ ,ਪਰਿਵਾਰ ਦਾ ਰੋ -ਰੋ ਬੁਰਾ ਹਾਲ
Barnala News : ਬਰਨਾਲਾ ਦੀ ਸਬ-ਡਿਵੀਜ਼ਨ ਤਪਾ ਮੰਡੀ ਨੇੜੇ ਪਿੰਡ ਘੁੰਨਸ 'ਚ ਬੀਤੀ ਰਾਤ ਤੇਜ਼ਧਾਰ ਹਥਿਆਰਾਂ ਨਾਲ ਲੈਸ ਅੱਧਾ ਦਰਜਨ ਵਿਅਕਤੀਆਂ ਨੇ ਇੱਕ ਨੌਜਵਾਨ 'ਤੇ ਹਮਲਾ ਕਰ ਦਿੱਤਾ। ਉਸਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਉਸਦੀ ਲਾਸ਼ ਉਸਦੇ ਘਰ ਦੇ ਬਾਹਰ ਸੜਕ 'ਤੇ ਖੜੀ ਇੱਕ ਕਾਰ ਵਿੱਚੋਂ ਖੂਨ ਨਾਲ ਲੱਥਪੱਥ ਮਿਲੀ ਹੈ। ਮ੍ਰਿਤਕ ਦੀ ਪਛਾਣ 32 ਸਾਲਾ ਤਰਸੇਮ ਸਿੰਘ ਵਜੋਂ ਹੋਈ ਹੈ, ਜੋ ਕਿ ਘੁੰਨਸ ਪਿੰਡ ਦੇ ਰਹਿਣ ਵਾਲੇ ਸਵਰਗੀ ਬੂਟਾ ਸਿੰਘ ਦਾ ਪੁੱਤਰ ਸੀ। ਉਹ ਇੱਕ ਗਰੀਬ ਪਰਿਵਾਰ ਨਾਲ ਸਬੰਧਤ ਸੀ।
ਮ੍ਰਿਤਕ ਨੌਜਵਾਨ ਝੋਨੇ ਦੇ ਸੀਜ਼ਨ ਤੋਂ ਬਾਅਦ ਨੇੜਲੇ ਪਿੰਡ ਮਹਿਤਾ ਵਿੱਚ ਬੱਕਰੀਆਂ ਚਰਾ ਕੇ ਦਿਹਾੜੀ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ। ਮ੍ਰਿਤਕ ਦੀ ਮਾਂ ਬਲਵੀਰ ਕੌਰ ਸਮੇਤ ਪਰਿਵਾਰਕ ਮੈਂਬਰਾਂ ਨੇ ਰੋਂਦੇ ਹੋਏ ਕਿਹਾ ਕਿ ਉਨ੍ਹਾਂ ਦੇ ਬੇਟੇ ਦੀ ਬੇਰਹਿਮੀ ਨਾਲ ਹੱਤਿਆ ਕੀਤੀ ਗਈ ਹੈ। ਉਨ੍ਹਾਂ ਨੇ ਦੋਸ਼ੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਅਤੇ ਇਨਸਾਫ਼ ਦੀ ਮੰਗ ਕੀਤੀ। ਬੇਟੇ ਦੀ ਮੌਤ ਤੋਂ ਬਾਅਦ ਮਾਂ ਦਾ ਰੋ -ਰੋ ਬੁਰਾ ਹਾਲ ਹੈ।
ਪਰਿਵਾਰਕ ਮੈਂਬਰਾਂ ਅਤੇ ਪੰਚਾਇਤ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਕੱਲ੍ਹ ਰਾਤ ਸਰਦੀਆਂ ਦੇ ਕੱਪੜੇ ਖਰੀਦ ਕੇ ਘਰ ਵਾਪਸ ਆ ਰਿਹਾ ਸੀ। ਜਦੋਂ ਉਹ ਸ਼ਰਾਬ ਦੇ ਠੇਕੇ ਨੇੜੇ ਖੜ੍ਹਾ ਸੀ ਤਾਂ ਕੁਝ ਨੌਜਵਾਨਾਂ ਨੇ ਉਸ ਨਾਲ ਬਹਿਸ ਕੀਤੀ ਅਤੇ ਗੱਡੀਆਂ ਦੀ ਭੰਨਤੋੜ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਵਰਨਾ ਕਾਰ ਵਿੱਚ ਬੈਠੇ ਤਰਸੇਮ ਸਿੰਘ ਦੀ ਗਰਦਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ।
ਪਹਿਲਾਂ ਸ਼ਰਾਬ ਦੇ ਠੇਕੇ ਨੇੜੇ ਇੱਕ ਆਲਟੋ ਕਾਰ ਦੀ ਭੰਨਤੋੜ ਕੀਤੀ ਗਈ, ਜਿਸ ਤੋਂ ਬਾਅਦ ਵਰਨਾ ਕਾਰ ਵਿੱਚ ਬੈਠੇ ਤਰਸੇਮ ਸਿੰਘ ਦਾ ਮ੍ਰਿਤਕ ਦੇ ਘਰ ਦੇ ਨੇੜੇ ਇੱਕ ਕਲੋਨੀ ਵਿੱਚ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਪਰਿਵਾਰ ਅਤੇ ਨੇੜਲੇ ਨਿਵਾਸੀਆਂ ਨੇ ਤਪਾ ਪੁਲਿਸ ਨੂੰ ਸੂਚਿਤ ਕੀਤਾ, ਜਿਸਨੇ ਉਸੇ ਰਾਤ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸ ਦੁਖਦਾਈ ਘਟਨਾ ਕਾਰਨ ਪਰਿਵਾਰ ਦਾ ਰੋ -ਰੋ ਬੁਰਾ ਹਾਲ ਹੈ, ਓਥੇ ਹੀ ਘੁੰਨਸ ਪਿੰਡ ਵਿੱਚ ਵੀ ਡਰ ਦਾ ਮਾਹੌਲ ਹੈ।
- PTC NEWS