ਆਸਮਾਨ 'ਚ ਚੜੀ ਧੂੜ ਨਾਲ ਜ਼ਹਿਰੀਲੀ ਹੋਈ ਹਵਾ,ਇੰਜ ਕਰੋ ਬਚਾਅ
ਆਸਮਾਨ 'ਚ ਚੜੀ ਧੂੜ ਨਾਲ ਜ਼ਹਿਰੀਲੀ ਹੋਈ ਹਵਾ,ਇੰਜ ਕਰੋ ਬਚਾਅ:ਪੰਜਾਬ,ਹਰਿਆਣਾ ਅਤੇ ਦਿੱਲੀ ਵਿੱਚ ਪ੍ਰਦੂਸ਼ਣ ਦਾ ਪੱਧਰ ਖ਼ਤਰਨਾਕ ਹੋ ਗਿਆ ਹੈ।ਪਿਛਲੇ ਦੋ ਦਿਨਾਂ ਤੋਂ ਆਸਮਾਨ ਵਿੱਚ ਧੂੜ ਦਾ ਗੁਬਾਰ ਛਾਇਆ ਹੋਇਆ ਹੈ,ਜਿਸ ਕਾਰਨ ਹਵਾ ਦੀ ਸ਼ੁੱਧਤਾ 'ਤੇ ਕਾਫ਼ੀ ਅਸਰ ਪਿਆ ਹੈ।ਇਸ ਦੀ ਮੁੱਖ ਵਜ੍ਹਾ ਰਾਜਸਥਾਨ ਤੋਂ ਆਈ ਧੂੜ ਭਰੀ ਹਨ੍ਹੇਰੀ ਨੂੰ ਮੰਨਿਆ ਜਾ ਰਿਹਾ ਹੈ।ਹਵਾ ਦੀ ਗੁਣਵੱਤਾ ਲਗਾਤਾਰ ਘਟ ਰਹੀ ਹੈ ਜਿਸ ਨਾਲ ਵੱਡੇ ਪੈਮਾਨੇ ’ਤੇ ਲੋਕਾਂ ਨੂੰ ਸਿਹਤ ਸਬੰਧੀ ਪ੍ਰੇਸ਼ਾਨੀਆਂ ਹੋ ਰਹੀਆਂ ਹਨ।ਅਜਿਹੇ ਵਿੱਚ ਸਾਵਧਾਨੀ ਹੀ ਸਭ ਤੋਂ ਵੱਡਾ ਉਪਾਅ ਹੈ। ਇਸ ਤਰੀਕਿਆਂ ਨਾਲ ਪ੍ਰਦੂਸ਼ਣ ਤੋਂ ਕਰੋ ਆਪਣਾ ਬਚਾਅ :ਇਸ ਤੋਂ ਬਚਣ ਲਈ ਫੇਸ ਮਾਸਕ ਦੀ ਵਰਤੋਂ ਕਰੋ ਤੇ ਜੇ ਫੇਸ ਮਾਸਕ ਨਹੀਂ ਤਾਂ ਮੂੰਹ ਨੂੰ ਢੱਕ ਕੇ ਰੱਖੋ।ਅੱਖਾਂ ਵਿੱਚ ਜਲਣ ਹੋਵੇ ਤਾਂ ਵਾਰ-ਵਾਰ ਪਾਣੀ ਨਾਲ ਧੋਵੋ।ਸਵੇਰੇ ਪਾਰਕ ਵਿੱਚ ਟਹਿਲਣ ਨਾ ਜਾਓ ਕਿਉਂਕਿ ਸਵੇਰੇ ਨਮੀ ਕਾਰਨ ਧੂੜ ਹੇਠਾਂ ਬੈਠੀ ਹੁੰਦੀ ਹੈ। ਪਾਣੀ ਜ਼ਿਆਦਾ ਪੀਓ,ਇਸ ਨਾਲ ਟੌਕਸਿਨਸ ਸਰੀਰ ਵਿੱਚੋਂ ਬਾਹਰ ਨਿਕਲ ਜਾਣਗੇ।ਸਰੀਰ ਵਿੱਚੋਂ ਟੌਕਸਿਨਸ ਨੂੰ ਬਾਹਰ ਕੱਢਣ ਲਈ ਐਲੋਵੇਰਾ ਜੂਸ,ਤ੍ਰਿਫਲਾ ਪਾਊਡਰ,ਗੁੜ ਤੇ ਚਵਨਪ੍ਰਾਸ਼ ਖਾਓ।ਸਾਹ ਲੈਣ ਵਿੱਚ ਤਕਲੀਫ ਹੋਏ ਤਾਂ ਚਾਹ ਦੀ ਭਾਫ ਲਉ।ਇਸ ਲਈ ਸਟੀਮਰ ਵਿੱਚ ਇੱਕ ਟੀ ਬੈਗ ਪਾ ਦਿਉ ਤੇ ਫਿਰ ਭਾਫ ਲਉ।ਬੰਦ ਕਮਰਿਆਂ ਵਿੱਚ ਰੂਮ ਫਰੈਸ਼ਨਰ ਨਾ ਵਰਤੋ।ਸਵੇਰੇ ਤੇ ਸ਼ਾਮ ਨੂੰ ਖਿੜਕੀਆਂ ਤੇ ਦਰਵਾਜ਼ੇ ਬੰਦ ਰੱਖੋ ਕਿਉਂਕਿ ਇਸ ਸਮੇਂ ਪ੍ਰਦੂਸ਼ਣ ਦਾ ਪੱਧਰ ਵਧਿਆ ਹੋਇਆ ਹੁੰਦਾ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਦਿੱਤੀ ਸਲਾਹ ਇਸ ਸਭ ਨੂੰ ਗੰਭੀਰਤਾ ਨਾਲ ਲੈਂਦਿਆਂ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪੰਨੂ ਨੇ ਸੂਬੇ ਦੇ ਲੋਕਾਂ ਨੂੰ ਇਹ ਸਲਾਹ ਦਿੱਤੀ ਹੈ ਕਿ ਅਜਿਹੇ ਮੌਸਮ 'ਚ ਸੜਕਾਂ ਦੇ ਨਿਰਮਾਣ ਜਾਂ ਹੋਰ ਕੰਮਾਂ ਲਈ ਰੇਤ ਜਾਂ ਮਿੱਟੀ ਨੂੰ ਖੁੱਲ੍ਹੀਆਂ ਟਰਾਲੀਆਂ 'ਚ ਲੱਦ ਕੇ ਨਾ ਲਿਆਂਦਾ ਜਾਵੇ।ਇਸ ਦੇ ਨਾਲ ਹੀ ਵਿਭਾਗ ਨੇ ਖਿਡਾਰੀਆਂ ਅਤੇ ਬਜ਼ੁਰਗਾਂ ਨੂੰ ਵੀ ਸਲਾਹ ਦਿੱਤੀ ਹੈ ਕਿ ਉਹ ਇਨ੍ਹਾਂ ਦਿਨਾਂ 'ਚ ਕਸਰਤ ਜਾਂ ਸੈਰ ਨਾ ਕਰਨ।ਦਮਾ,ਦਿਲ ਅਤੇ ਅੱਖਾਂ ਦੇ ਰੋਗਾਂ ਨਾਲ ਪੀੜਤ ਮਰੀਜ਼ ਆਪਣੇ ਘਰਾਂ ਅੰਦਰ ਹੀ ਰਹਿਣ।ਵਿਭਾਗ ਨੇ ਮਾਪਿਆਂ ਨੂੰ ਵੀ ਇਹ ਸਲਾਹ ਦਿੱਤੀ ਹੈ ਕਿ ਉਹ ਬੱਚਿਆਂ ਨੂੰ ਬਾਹਰ ਜਾ ਕੇ ਨਾ ਖੇਡਣ ਦੇਣ। -PTCNews