ਵੀਡੀਓ ਵਾਇਰਲ ਕਰਕੇ ਫ਼ੈਲਾਈ ਅਫ਼ਵਾਹ, ਬਣਿਆ ਪੁਲਿਸ ਕੇਸ

Private channel anchor booked Ludhiana Police

ਲੁਧਿਆਣਾ – ਅਕਸਰ ਟੀਵੀ ਤੇ ਸੋਸ਼ਲ ਮੀਡੀਆ ‘ਤੇ ਇਹ ਸੰਦੇਸ਼ ਪੜ੍ਹਨ ਸੁਣਨ ਨੂੰ ਮਿਲਦਾ ਹੈ, ਕਿ ਕੋਰੋਨਾ ਮਹਾਮਾਰੀ ਕਾਰਨ ਉਪਜੇ ਹਾਲਾਤਾਂ ਦੌਰਾਨ ਕਿਸੇ ਵੀ ਕਿਸਮ ਦੀ ਅਫ਼ਵਾਹ ਨਾ ਫ਼ੈਲਾਈ ਜਾਵੇ, ਪਰ ਕੁਝ ਲੋਕ ਕੋਰੋਨਾ ਨਾਲ ਜੂਝਦੇ ਦੇਸ਼ਵਾਸੀਆਂ ਦੀਆਂ ਮੁਸ਼ਕਿਲਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ, ਆਪਣੇ ਹੋਛੇ ਮੁਫ਼ਾਦਾਂ ਖ਼ਾਤਰ ਅਫ਼ਵਾਹਾਂ ਫ਼ੈਲਾਉਣ ਤੋਂ ਬਾਜ਼ ਨਹੀਂ ਆਉਂਦੇ। ਅਜਿਹੀ ਹੀ ਇੱਕ ਘਟਨਾ ਸਨਅਤੀ ਸ਼ਹਿਰ ਲੁਧਿਆਣਾ ਵਿਖੇ ਵਾਪਰੀ ਅਤੇ ਸੋਸ਼ਲ ਮੀਡੀਆ ‘ਤੇ ਅਫ਼ਵਾਹ ਫੈਲਾਉਣ ਦੇ ਦੋਸ਼ ‘ਚ ਥਾਣਾ ਪੀਏਯੂ ਪੁਲਿਸ ਨੇ ਇੱਕ ਨਿੱਜੀ ਚੈਨਲ ਦੇ ਐਂਕਰ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
Private channel anchor booked Ludhiana Police
ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਏਐੱਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ 8 ਸਤੰਬਰ ਨੂੰ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋਈ ਸੀ। ਇਹ ਵੀਡੀਓ ਇੱਕ ਨਿੱਜੀ ਚੈਨਲ ਰਾਹੀਂ ਸੋਸ਼ਲ ਮੀਡੀਆ ‘ਤੇ ਆਇਆ। ਵੀਡੀਓ ਵਿੱਚ ਐਂਕਰ ਬੋਲਦਾ ਹੈ ਕਿ ਸਰਕਾਰੀ ਡਿਸਪੈਂਸਰੀਆਂ ‘ਚ ਕੰਮ ਕਰਨ ਵਾਲੀ ਆਸ਼ਾ ਵਰਕਰਾਂ ਨੂੰ ਇੱਕ-ਇੱਕ ਮਰੀਜ਼ ਲਿਆਉਣ ਲਈ 50 ਹਜ਼ਾਰ ਰੁਪਏ ਮਿਲਦੇ ਹਨ। ਉਹ ਦੋ ਮਰੀਜ਼ਾਂ ਨੂੰ ਹਸਪਤਾਲ ‘ਚ ਦਾਖਲ ਕਰਵਾਉਂਦੀ ਹੈ, ਤੇ ਉਨ੍ਹਾਂ ਵਿੱਚੋਂ ਇੱਕ ਨੂੰ ਮਾਰ ਦਿੱਤਾ ਜਾਂਦਾ ਹੈ। ਉਸ ਦੇ ਸਰੀਰ ਤੋਂ ਕਿਡਨੀ ਸਮੇਤ ਹੋਰ ਜ਼ਰੂਰੀ ਅੰਗ ਕੱਢ ਲਏ ਜਾਂਦੇ ਹਨ, ਪਰ ਹਸਪਤਾਲ ‘ਚ ਪੂਰਾ ਪਰਿਵਾਰ ਦਾਖਲ ਹੁੰਦਾ ਹੈ, ਤਾਂ ਉਸ ‘ਚ ਇੱਕ ਮੈਂਬਰ ਨੂੰ ਕਥਿਤ ਤੌਰ ‘ਤੇ ਜ਼ਰੂਰ ਮਾਰ ਦਿੱਤਾ ਜਾਂਦਾ ਹੈ।
Private channel anchor booked Ludhiana Police
ਪੁਲਿਸ ਦਾ ਕਹਿਣਾ ਹੈ ਕਿ ਉਕਤ ਐਂਕਰ ਨੇ ਬਿਨਾਂ ਕਿਸੇ ਸਬੂਤ ਦੇ ਇਹ ਮਨਘੜਤ ਅਫ਼ਵਾਹ ਉਡਾਈ, ਅਤੇ ਇਸ ਐਂਕਰ ਤੇ ਚੈਨਲ ਨੇ ਪੁਲਿਸ ਵਿਭਾਗ ਤੇ ਸਰਕਾਰ ਖ਼ਿਲਾਫ਼ ਭੜਕਾਉਣ ਵਾਲਾ ਪ੍ਰਚਾਰ ਕਰ ਕੇ ਆਮ ਜਨਤਾ ਨੂੰ ਪਰੇਸ਼ਾਨ ਕੀਤਾ ਹੈ ਅਤੇ ਇਲਾਕੇ ਦੀ ਅਮਨ ਤੇ ਸ਼ਾਂਤੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਪੁਲਿਸ ਵੱਲੋਂ ਬਣਦੀਆਂ ਧਾਰਾਵਾਂ ਲਗਾ ਕੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ।
Private channel anchor booked Ludhiana Police
ਕੋਰੋਨਾ ਦੇ ਨਾਜ਼ੁਕ ਸਮੇਂ ਦੌਰਾਨ ਮੀਡੀਆ ਦੇ ਨਾਲ ਨਾਲ ਆਮ ਨਾਗਰਿਕਾਂ ਦੀ ਵੀ ਬਰਾਬਰ ਜ਼ਿੰਮੇਵਾਰੀ ਬਣਦੀ ਹੈ ਕਿ ਸੋਸ਼ਲ ਮੀਡੀਆ ਤੇ ਇੰਟਰਨੈਟ ਦੀ ਵਰਤੋਂ ਸੂਝਬੂਝ ਨਾਲ ਕੀਤੀ ਜਾਵੇ। ਅਜਿਹੀ ਕੋਈ ਹਰਕਤ ਨਹੀਂ ਕਰਨੀ ਚਾਹੀਦੀ ਜਿਸ ਕਾਰਨ ਸਮਾਜ ਦਾ ਮਾਹੌਲ ਖ਼ਰਾਬ ਹੁੰਦਾ ਹੋਵੇ।