ਮੁੱਖ ਖਬਰਾਂ

PSPCL ਨੇ ਹਰਦੇਵ ਸਿੰਘ ALM ਨੂੰ ਉਸਦੇ ਘਰ ਬਿਜਲੀ ਚੋਰੀ ਕਰਨ ਦੇ ਇਲਜ਼ਾਮ 'ਚ  ਕੀਤਾ ਮੁਅੱਤਲ

By Pardeep Singh -- May 27, 2022 5:50 pm

ਪਟਿਆਲਾ: ਪੀ.ਐਸ.ਪੀ.ਸੀ.ਐਲ. ਦੇ ਬੁਲਾਰੇ ਨੇ ਖੁਲਾਸਾ ਕੀਤਾ ਕਿ ਇੱਕ ਸ਼ਿਕਾਇਤ ਦੇ ਆਧਾਰ 'ਤੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਅੱਜ ਅਬੋਹਰ ਵਿਖੇ ਤਾਇਨਾਤ ਹਰਦੇਵ ਸਿੰਘ ਸਹਾਇਕ ਲਾਈਨਮੈਨ ਨੂੰ ਉਸਦੇ ਘਰ ਸਿੱਧੀ ਕੁੰਡੀ ਲਾ ਕੇ ਬਿਜਲੀ ਚੋਰੀ ਕਰਨ ਦੇ ਦੋਸ਼ ਵਿੱਚ ਮੁਅੱਤਲ ਕਰ ਦਿੱਤਾ ਹੈ।

ਬੁਲਾਰੇ ਨੇ ਕਿਹਾ ਕਿ ਪੀਐਸਪੀਸੀਐਲ ਨੇ ਸ਼ਿਕਾਇਤ ਦਾ ਗੰਭੀਰ ਨੋਟਿਸ ਲਿਆ ਹੈ। ਸ਼ਿਕਾਇਤ ਦੀ ਜਾਂਚ ਇਨਫੋਰਸਮੈਂਟ ਸੰਸਥਾ ਦੁਆਰਾ ਕੀਤੀ ਗਈ ਸੀ ਤਾਂ ਸਾਹਮਣੇ ਆਇਆ ਸੀ ਕਿ ਐੱਮਸੀਬੀ/ਐਮਟੀਸੀ( MCB/MTC) ਸੀਲਾਂ ਟੁੱਟੀਆਂ ਹੋਈਆਂ ਸਨ ਅਤੇ ਮੀਟਰ ਨੂੰ ਬਾਈਪਾਸ ਕਰਨ ਅਤੇ ਸਿੱਧੀ ਸਪਲਾਈ ਦੇਣ ਲਈ 2 ਕੋਰ ਕੇਬਲ ਦੀ ਵਰਤੋਂ ਕੀਤੀ ਜਾ ਰਹੀ ਸੀ ਜੋ ਸਪੱਸ਼ਟ ਤੌਰ 'ਤੇ ਬਿਜਲੀ ਦੀ ਚੋਰੀ ਨੂੰ ਸਾਬਤ ਕਰਦੀ ਹੈ ।

ਬੁਲਾਰੇ ਨੇ ਦੱਸਿਆ ਕਿ ਮੁਅੱਤਲੀ ਦੌਰਾਨ ਹਰਦੇਵ ਸਿੰਘ ਦਾ ਹੈੱਡਕੁਆਰਟਰ ਦਫਤਰ ਐਸ.ਈ ਵੰਡ ਸਰਕਲ ਪੀ.ਐਸ.ਪੀ.ਸੀ.ਐਲ ਫਰੀਦਕੋਟ ਦੇ ਦਫਤਰ ਵਿੱਚ ਨਿਸ਼ਚਿਤ ਕੀਤਾ ਗਿਆ ਹੈ। ਏਐਲਐਮ ਹਰਦੇਵ ਸਿੰਘ ਨੂੰ ਚਾਰਜਸ਼ੀਟ ਕੀਤਾ ਗਿਆ ਹੈ ਅਤੇ ਜੇਕਰ ਇਹ ਦੋਸ਼ ਵਿਭਾਗੀ ਜਾਂਚ ਵਿੱਚ ਸਾਬਤ ਹੋ ਜਾਂਦੇ ਹਨ ਤਾਂ ਉਨ੍ਹਾਂ ਦੀਆਂ ਸੇਵਾਵਾਂ ਖਤਮ ਕੀਤੀਆਂ ਜਾ ਸਕਦੀਆਂ ਹਨ।

ਬਿਜਲੀ ਮੰਤਰੀ ਸ਼ ਹਰਭਜਨ ਸਿੰਘ ਨੇ ਕਿਹਾ ਕਿ ਕਿਸੇ ਵੀ ਪੱਧਰ 'ਤੇ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਗਲਤੀ ਕਰਨ ਵਾਲੇ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਵੀ ਮੁਸ਼ਕਿਲ ਦੀ ਸੂਰਤ ਵਿੱਚ ਖਪਤਕਾਰ ਮੋਬਾਈਲ ਨੰਬਰ SMS ਜਾਂ WhatsApp ਦੁਆਰਾ 96461-75770'ਤੇ ਵੇਰਵੇ ਭੇਜ ਸਕਦੇ ਹਨ।

ਇਹ ਵੀ ਪੜ੍ਹੋ:ਮੁੱਖ ਮੰਤਰੀ ਵੱਲੋਂ ਸੀਚੇਵਾਲ ਵਿਖੇ ਸੰਤ ਅਵਤਾਰ ਸਿੰਘ ਜੀ ਨੂੰ ਸ਼ਰਧਾਂਜਲੀ ਭੇਟ,ਪੰਜਾਬ ਦਾ ਪਾਣੀ ਤੇ ਵਾਤਾਵਰਨ ਬਚਾਉਣ ਲਈ ਦਿੱਤਾ ਸੱਦਾ

-PTC News

  • Share