
ਟੋਕੀਓ ਓਲੰਪਿਕ (Tokyo Olympics ) ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਵਾਪਸ ਪਰਤੇ ਪੰਜਾਬ ਦੇ ਹਾਕੀ ਖਿਡਾਰੀਆਂ (Punjab Hockey Players )ਦਾ ਅੱਜ ਸਵੇਰੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਏਅਰਪੋਰਟ ਉੱਤੇ ਪਹੁੰਚਣ 'ਤੇ ਢੋਲ ਨਗਾੜਿਆਂ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ ਹੈ। ਇਨ੍ਹਾਂ ਖਿਡਾਰੀਆਂ ਦੇ ਸ਼ਾਨਦਾਰ ਸਵਾਗਤ ਲਈ ਏਅਰਪੋਰਟ ਦੇ ਬਾਹਰ ਹੋਇਆ ਇਕੱਠ ਅਤੇ ਮਹਿਲਾ ਖਿਡਾਰਨਾਂ ਵੀ ਨਾਲ ਹਨ। ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਦੇ ਪੁੱਜਣ ਮੌਕੇ ਪਰਿਵਾਰਕ ਮੈਂਬਰਾਂ ਤੇ ਪ੍ਰਸ਼ਾਸਨ ਵਲੋਂ ਭਰਵਾਂ ਸਵਾਗਤ ਕੀਤਾ ਗਿਆ ਹੈ।
ਇਸ ਦੌਰਾਨ ਸਵਾਗਤ ਲਈ ਪਰਿਵਾਰਕ ਮੈਂਬਰ ਤੇ ਹੋਰ ਪ੍ਰਸੰਸਕ ਪੁੱਜੇ ਹੋਏ ਹਨ ਤੇ ਵਿਆਹ ਵਾਲਾਂ ਮਾਹੌਲ ਬਣਿਆ ਹੋਇਆ ਸੀ। ਹਾਕੀ ਖਿਡਾਰੀਆਂ ਦੇ ਗਲਾਂ ਵਿੱਚ ਹਾਰ ਪਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਹੈ। ਟੋਕੀਓ ਵਿਖੇ ਹੋਈ ਉਲੰਪਿਕ ਖੇਡਾਂ ਵਿਚ ਮੁਲਕਾਂ ਦਾ ਨਾਂਅ ਰੌਸ਼ਨ ਕਰਨ ਵਾਲੀ ਅਜਨਾਲਾ ਦੇ ਪਿੰਡ ਮਿਆਦੀਆਂ ਦੀ ਜੰਮਪਲ ਗੁਰਜੀਤ ਕੌਰ ਦਾ ਅੱਜ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੁੱਜਣ 'ਤੇ ਨਿੱਘਾ ਸਵਾਗਤ ਕੀਤਾ ਗਿਆ ਹੈ।
ਪੜ੍ਹੋ ਹੋਰ ਖ਼ਬਰਾਂ : ਕੈਨੇਡਾ ਸਰਕਾਰ ਨੇ ਭਾਰਤ ਲਈ ਸਿੱਧੀਆਂ ਉਡਾਣਾਂ 'ਤੇ ਲੱਗੀ ਪਾਬੰਦੀ 21 ਸਤੰਬਰ ਤੱਕ ਵਧਾਈ
ਇਸ ਮੌਕੇ ਹਰਮਨਪ੍ਰੀਤ ਸਿੰਘ ਨੇ ਕਿਹਾ ਕਿ ਦੇਸ਼ ਲਈ 41 ਸਾਲ ਬਾਅਦ ਓਲੰਪਿਕ ਵਿਚ ਮੈਡਲ ਜਿੱਤਣਾ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਅਗਲੇ ਟੂਰਨਾਮੈਂਟ ਵਿੱਚ ਉਹ ਸੋਨੇ ਦਾ ਤਮਗਾ ਜਿੱਤ ਕੇ ਲਿਆਉਣਗੇ। ਇਸ ਉਪਰੰਤ ਖਿਡਾਰੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਰਵਾਨਾ ਗਏ। ਜਿੱਥੇ ਹਾਕੀ ਖਿਡਾਰੀਆਂ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਹੈ। ਇੱਥੋਂ ਉਹ ਆਪੋ-ਆਪਣੇ ਪਿੰਡਾਂ ਨੂੰ ਚਲੇ ਜਾਣਗੇ।
ਸਿਮਰਨਜੀਤ ਸਿੰਘ ਨੇ ਕਿਹਾ ਕਿ ਉਹ ਜਿੱਤਣ ਲਈ ਖੇਡੇ ਸਨ ਤੇ ਕਾਂਸੀ ਦਾ ਮੈਡਲ ਲੈ ਕੇ ਹੀ ਵਾਪਸ ਆਏ ਹਨ। ਅਗਲੀ ਵਾਰ ਉਨ੍ਹਾਂ ਦਾ ਪ੍ਰਦਰਸ਼ਨ ਇਸ ਤੋਂ ਵੀ ਬਿਹਤਰ ਹੋਵੇਗਾ।ਇਸ ਮੌਕੇ ਉੱਤੇ ਵੱਡੀ ਗਿਣਤੀ ਵਿਚ ਖਿਡਾਰੀਆਂ ਦੇ ਪਰਿਵਾਰਕ ਮੈਂਬਰ, ਰਿਸ਼ਤੇਦਾਰ ਤੇ ਦੋਸਤ ਮਿੱਤਰ ਵੀ ਪਹੁੰਚੇ ਹੋਏ ਸਨ। ਪਿੰਡ ਵਿਚ ਹੀ ਪਰਿਵਾਰ ਤੇ ਪਿੰਡ ਵਾਲਿਆਂ ਵੱਲੋਂ ਖਿਡਾਰੀਆਂ ਦੇ ਜਗ੍ਹਾ-ਜਗ੍ਹਾ ਸਵਾਗਤ ਲਈ ਜਿੱਥੇ ਹੋਰਡਿੰਗ ਲਗਾਏ ਗਏ ਹਨ, ਉੱਥੇ ਹੀ ਸਵਾਗਤੀ ਪ੍ਰੋਗਰਾਮ ਵੀ ਰੱਖੇ ਗਏ ਹਨ।