ਸੰਗਰੂਰ 'ਚ ਕੋਰੋਨਾ ਦਾ ਕਹਿਰ, ਲੁਧਿਆਣਾ ਜੇਲ੍ਹ 'ਚ ਸੰਗਰੂਰ ਦੀ ਇਕ ਔਰਤ ਨੂੰ ਹੋਇਆ ਕੋਰੋਨਾ
ਸੰਗਰੂਰ 'ਚ ਕੋਰੋਨਾ ਦਾ ਕਹਿਰ, ਲੁਧਿਆਣਾ ਜੇਲ੍ਹ 'ਚ ਸੰਗਰੂਰ ਦੀ ਇਕ ਔਰਤ ਨੂੰ ਹੋਇਆ ਕੋਰੋਨਾ:ਸੰਗਰੂਰ : ਕੋਰੋਨਾ ਵਾਇਰਸ ਦੁਨੀਆ ਭਰ ਸਮੇਤ ਪੂਰੇ ਪੰਜਾਬ ਵਿਚ ਵੀ ਪੈਰ ਪਸਾਰਦਾ ਜਾ ਰਿਹਾ ਹੈ। ਪੰਜਾਬ ਵਿਚ ਵੀ ਕੋਰੋਨਾ ਵਾਇਰਸ ਕਾਰਨ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਰੋਜ਼ਾਨਾ ਕਈ ਪਾਜ਼ੀਟਿਵ ਕੇਸ ਸਾਹਮਣੇ ਆ ਰਹੇ ਹਨ। ਜਿਸ ਨਾਲ ਪੰਜਾਬ 'ਚ ਕੋਰੋਨਾ ਵਾਇਰਸ ਦਾ ਖ਼ਤਰਾ ਹੋਰ ਵਧ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਸੰਗਰੂਰ ਤੋਂ ਇਕ ਹੋਰ ਨਵਾਂ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾਕਟਰ ਰਾਜ ਕੁਮਾਰ ਨੇ ਦੱਸਿਆ ਕਿ ਭਜਨ ਕੌਰ ਵਾਸੀ ਬਾਗੜੀਆਂ ਜ਼ਿਲਾ ਸੰਗਰੂਰ ਲੁਧਿਆਣਾ ਜੇਲ 'ਚ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਕੋਰੋਨਾ ਦੇ ਤਿੰਨ ਪਾਜ਼ੀਟਿਵ ਮਰੀਜ਼ ਠੀਕ ਹੋਣ 'ਤੇ ਜ਼ਿਲਾ ਸੰਗਰੂਰ ਗਰੀਨ ਜੋਨ ਐਲਾਨਿਆ ਜਾਣਾ ਸੀ ਪਰ ਵੀਰਵਾਰ ਨੂੰ ਕੋਰੋਨਾ ਮਰੀਜ਼ਾਂ ਦੀ ਗਿਣਤੀ 'ਚ ਹੋਰ ਵਾਧਾ ਹੋ ਗਿਆ ਹੈ। ਜਿਸ ਕਰਕੇ ਤਿੰਨ ਦਿਨਾਂ 'ਚ ਮਰੀਜ਼ਾਂ ਦੀ ਗਿਣਤੀ ਵਧਣ ਨਾਲ ਜ਼ਿਲੇ ਅੰਦਰ ਸਹਿਮ ਦਾ ਮਹੌਲ ਬਣਿਆ ਹੋਇਆ ਹੈ। ਜਿਸ ਤੋਂ ਬਾਅਦ ਜ਼ਿਲ੍ਹੇ 'ਚ ਪੀੜਤ ਮਰੀਜ਼ਾਂ ਦੀ ਗਿਣਤੀ 7 ਹੋ ਗਈ ਹੈ। ਦੱਸ ਦਈਏ ਕਿ ਇਸ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ ‘ਚ 514 ਪਾਜ਼ੀਟਿਵ ਮਾਮਲੇ ਪਾਏ ਗਏ ਹਨ। ਇਨ੍ਹਾਂ ‘ਚ ਜਲੰਧਰ – 89, ਮੋਹਾਲੀ – 89 , ਪਟਿਆਲਾ – 65, ਲੁਧਿਆਣਾ – 77, ਅੰਮ੍ਰਿਤਸਰ – 42, ਪਠਾਨਕੋਟ – 25 , ਨਵਾਂਸ਼ਹਿਰ – 23 , ਤਰਨ ਤਾਰਨ -14 , ਮਾਨਸਾ – 13, ਕਪੂਰਥਲਾ – 12 , ਹੁਸ਼ਿਆਰਪੁਰ – 11 , ਫਰੀਦਕੋਟ – 6 , ਸੰਗਰੂਰ – 7 , ਮੋਗਾ – 5 , ਰੋਪੜ – 5 , ਗੁਰਦਾਸਪੁਰ- 4 , ਸ੍ਰੀ ਮੁਕਤਸਰ ਸਾਹਿਬ – 4 , ਫਾਜ਼ਿਲਕਾ - 3 ,ਬਰਨਾਲਾ – 2 , ਫਤਿਹਗੜ੍ਹ ਸਾਹਿਬ – 3 , ਬਠਿੰਡਾ -2 , ਫਿਰੋਜ਼ਪੁਰ - 13 ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਜਾਨਲੇਵਾ ਵਾਇਰਸ ਕਾਰਨ ਪੰਜਾਬ ‘ਚ 20 ਮੌਤਾਂ ਹੋ ਚੁੱਕੀਆਂ ਹਨ ਅਤੇ 104 ਮਰੀਜ਼ ਠੀਕ ਹੋ ਚੁੱਕੇ ਹਨ। -PTCNews