ਕੌਮਾਂਤਰੀ ਪਹਿਲਵਾਨ ਸਾਕਸ਼ੀ ਮਲਿਕ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਕੀਤੀ ਮੁਲਾਕਾਤ
Punjab News: ਪਿਛਲੇ ਇਕ ਮਹੀਨੇ ਤੋਂ ਪਹਿਲਵਾਨ ਜੰਤਰ-ਮੰਤਰ 'ਤੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ।
ਪਹਿਲਵਾਨਾਂ ਲਈ ਸਿੱਖ ਸਮਾਜ ਤੋਂ ਸਮੱਰਥਨ ਦੀ ਮੰਗ ਤਹਿਤ ਅੱਜ ਉਲੰਪਿਕ ਵਿੱਚ ਕੁਸ਼ਤੀ ਦੀ ਪਹਿਲੀ ਤਗਮਾ ਜੇਤੂ ਭਾਰਤੀ ਪਹਿਲਵਾਨ,ਪਦਮਸ਼੍ਰੀ ਸਾਕਸ਼ੀ ਮਲਿਕ ਨੇ ਸ੍ਰੀ ਦਮਦਮਾ ਸਾਹਿਬ ਪੁੱਜ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕਰਦਿਆਂ ਸੰਘਰਸ਼ ਲਈ ਸਹਿਯੋਗ ਦੀ ਮੰਗ ਕੀਤੀ।
ਆਪਣੇ ਪਤੀ ਸੱਤਿਆਵਰਤ ਨਾਲ ਸ੍ਰੀ ਦਮਦਮਾ ਸਾਹਿਬ ਪੁੱਜੀ ਕੌਮਾਂਤਰੀ ਪਹਿਲਵਾਨ ਸਾਕਸ਼ੀ ਮਲਿਕ ਨੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਉਨਾਂ ਵੱਲੋਂ ਬੀਤੇ 32 ਦਿਨਾਂ ਤੋਂ ਦਿੱਲੀ ਦੇ ਜੰਤਰ ਮੰਤਰ ਵਿਖੇ ਕੀਤੇ ਜਾ ਰਹੇ ਸੰਘਰਸ਼ ਦੇ ਕਾਰਨਾਂ ਅਤੇ ਸਮੁੱਚੇ ਪਹਿਲਵਾਨਾਂ ਦੀਆਂ ਮੰਗਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਸਮੁੱਚੇ ਪਹਿਲਵਾਨਾਂ ਦੀ ਇਸ ਮੰਗ ਤੋਂ ਵੀ ਜਾਣੂੰ ਕਰਵਾਇਆ ਕਿ ਉਹ ਸਿੱਖ ਕੌਮ ਦੇ ਨਾਂ ਇੱਕ ਅਪੀਲ ਜਾਰੀ ਕਰਨ ਤਾਂ ਕਿ ਸਮੁੱਚਾ ਸਿੱਖ ਜਗਤ ਉਨਾਂ ਦੇ ਸੰਘਰਸ਼ ਦੀ ਹਿਮਾਇਤ ਵਿੱਚ ਆਵੇ।
ਮੁਲਾਕਾਤ ਉਪਰੰਤ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਪਹਿਲਵਾਨਾਂ ਦੇ ਸੰਘਰਸ਼ ਦੀ ਹਿਮਾਇਤ ਕਰਦਿਆਂ ਸਮੁੱਚੇ ਸਿੱਖ ਜਗਤ ਨੂੰ ਅਪੀਲ ਕੀਤੀ ਕਿ ਕਿਉਂਕਿ ਹੁਣ ਸੰਘਰਸ਼ ਦੇਸ਼ ਦੀਆਂ ਬੇਟੀਆਂ ਦਾ ਬਣ ਚੁੱਕਾ ਹੈ ਇਸ ਲਈ ਸਮੁੱਚੀ ਸਿੱਖ ਸੰਗਤ ਸੰਘਰਸ਼ ਸ਼ੀਲ ਪਹਿਲਵਾਨਾਂ ਦੀ ਹਰ ਪੱਖੋਂ ਬਣਦੀ ਮਦੱਦ ਕਰੇ। ਸਿੰਘ ਸਾਹਿਬ ਨੇ ਇਸ ਮੌਕੇ ਕੇਂਦਰ ਸਰਕਾਰ ਨੂੰ ਵੀ ਕਿਹਾ ਕਿ ਉਹ ਪ੍ਰਦਰਸ਼ਨਕਾਰੀ ਪਹਿਲਵਾਨਾਂ ਦੀਆਂ ਮੰਗਾਂ ਪ੍ਰਤੀ ਗੰਭੀਰਤਾ ਦਿਖਾਵੇ ਅਤੇ ਮਾਮਲੇ ਨੂੰ ਜਲਦ ਹੱਲ ਕਰਕੇ ਪੀੜਿਤ ਪਹਿਲਵਾਨ ਬੇਟੀਆਂ ਲਈ ਇਨਸਾਫ ਯਕੀਨੀ ਬਣਾਵੇ। ਸਿੰਘ ਸਾਹਿਬ ਨੇ ਦੇਸ਼ ਦੀ ਝੋਲੀ ਵਿੱਚ ਤਗਮੇ ਪਾਉਣ ਵਾਲੀ ਸਾਕਸ਼ੀ ਮਲਿਕ ਅਤੇ ਉਸਦੇ ਪਤੀ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਵੀ ਕੀਤਾ।
- PTC NEWS