Moga News : ਪੰਜਾਬ ਵਿੱਚ ਵਧਦੇ ਤਾਪਮਾਨ ਕਾਰਨ ਗਰਮੀ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ। ਗਰਮੀ ਹੁਣ ਬੇਹੱਦ ਜਾਨਲੇਵਾ ਬਣ ਗਈ ਹੈ ਅਤੇ ਗਰਮੀ ਨੇ ਆਪਣਾ ਕਹਿਰ ਢਾਹਣਾ ਸ਼ੁਰੂ ਕਰ ਦਿੱਤਾ ਹੈ। ਸ਼ੁੱਕਰਵਾਰ ਨੂੰ ਕੋਟਕਪੂਰਾ ਰੋਡ 'ਤੇ ਪੈਂਦੇ ਪਿੰਡ ਕੋਠੇ ਪੱਤੀ ਮੁਹੱਬਤ ਦੇ ਨੇੜੇ ਇੱਕ ਨੌਜਵਾਨ ਦੀ ਗਰਮੀ ਕਾਰਨ ਮੌਤ ਹੋ ਗਈ ਹੈ। ਸਮਾਜ ਸੇਵਾ ਸੋਸਾਇਟੀ ਮੋਗਾ ਨੇ ਮ੍ਰਿਤਕ ਨੌਜਵਾਨ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਰਸਤੇ ਵਿਚ ਜਾ ਰਿਹਾ ਸੀ ਤਾਂ ਅਚਾਨਕ ਬੇਹੋਸ਼ ਹੋ ਕੇ ਡਿੱਗ ਪਿਆ। ਮੌਕੇ 'ਤੇ ਮੌਜੂਦ ਰਾਹਗੀਰਾਂ ਨੇ ਇਸਦੀ ਨਾਜ਼ੁਕ ਹਾਲਤ ਦੇਖ ਕੇ ਤੁਰੰਤ ਮੋਗਾ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਵੱਲੋਂ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਨੌਜਵਾਨ ਦੀ ਮੌਤ ਤੇਜ਼ ਗਰਮੀ ਦੇ ਕਾਰਨ ਹੋਣ ਦਾ ਖਦਸ਼ਾ ਹੈ। ਹਾਲਾਂਕਿ, ਅਸਲ ਕਾਰਨ ਦਾ ਪਤਾ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਲੱਗੇਗਾ।ਇਸ ਮੌਕੇ ਸਮਾਜ ਸੇਵਾ ਸੋਸਾਇਟੀ ਮੋਗਾ ਦੇ ਸੇਵਾਦਾਰ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਲਾਸ਼ ਨੂੰ ਸ਼ਨਾਖਤ ਲਈ ਮੋਗਾ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ 72 ਘੰਟਿਆਂ ਲਈ ਲਾਸ਼ ਦੀ ਪਛਾਣ ਕਰਵਾਈ ਜਾਵੇਗੀ। ਇਸ ਮੌਕੇ ਪੁਲਿਸ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਵਧਦੀ ਗਰਮੀ ਦੌਰਾਨ ਬਿਨ੍ਹਾਂ ਲੋੜ ਤੋਂ ਘਰੋਂ ਬਾਹਰ ਨਾ ਨਿਕਲਣ, ਲੂ ਤੋਂ ਬਚਾਅ ਲਈ ਠੰਢਾ ਪਾਣੀ, ਸਿਰ 'ਤੇ ਕੱਪੜਾ ਅਤੇ ਹੋਰ ਸੁਰੱਖਿਆ ਉਪਾਅ ਜ਼ਰੂਰ ਵਰਤਣ।ਦੱਸ ਦੇਈਏ ਕਿ ਬੀਤੇ ਦਿਨੀਂ ਗਰਮੀ ਅਤੇ ਲੂ ਕਰਕੇ ਗੁਰਦਾਸਪੁਰ ਦੇ ਰੇਲਵੇ ਸਟੇਸ਼ਨ 'ਤੇ ਇੱਕ 62 ਸਾਲਾ ਵਿਅਕਤੀ ਦੀ ਮੌਤ ਹੋ ਗਈ ਸੀ। ਜਿਸ ਦੀ ਪਛਾਣ ਵਿਜੇ ਕੁਮਾਰ ਵੱਜੋਂ ਹੋਈ ਹੈ। ਜਾਣਕਾਰੀ ਅਨੁਸਾਰ ਵਿਅਕਤੀ ਹਿਮਾਚਲ ਵਿੱਚ ਪੇਂਟ ਦਾ ਕੰਮ ਕਰਦਾ ਸੀ ਤੇ ਹਿਮਾਚਲ ਤੋਂ ਵਾਪਸ ਆਉਂਦੇ ਸਮੇਂ ਰੇਲਵੇ ਸਟੇਸ਼ਨ 'ਤੇ ਆਰਾਮ ਕਰ ਰਿਹਾ ਸੀ ਪਰ ਗਰਮੀ ਕਰਕੇ ਹਾਰਟ ਅਟੈਕ ਹੋ ਗਿਆ।